ਲੁੱਟਾਂ-ਖੋਹਾਂ ਕਰਨ ਵਾਲਿਆਂ ਖ਼ਿਲਾਫ਼ ACT ਪਾਰਟੀ ਦਾ ਸਖ਼ਤ ਐਲਾਨ, ਤਿੰਨ ਵਾਰ ਦੋਸ਼ੀ ਸਾਬਤ ਹੋਣ ‘ਤੇ ਘੱਟੋ-ਘੱਟ 3 ਸਾਲ ਦੀ ਜੇਲ੍ਹ

ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀ ACT ਪਾਰਟੀ ਨੇ ਘਰਾਂ ਵਿੱਚ ਚੋਰੀ (Burglary) ਕਰਨ ਵਾਲੇ ਮੁੜ-ਮੁੜ ਅਪਰਾਧੀਆਂ ਖ਼ਿਲਾਫ਼ ਸਖ਼ਤ ਨੀਤੀ ਦਾ ਐਲਾਨ ਕੀਤਾ ਹੈ। ਪਾਰਟੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਤਿੰਨ ਵਾਰ ਚੋਰੀ ਦਾ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਘੱਟੋ-ਘੱਟ 3 ਸਾਲ ਦੀ ਕੈਦ ਦੀ ਸਜ਼ਾ ਹੋਵੇਗੀ ਅਤੇ ਪੈਰੋਲ, ਹੋਮ ਡਿਟੈਂਸ਼ਨ ਜਾਂ ਜਲਦੀ ਰਿਹਾਈ ਦਾ ਕੋਈ ਮੌਕਾ ਨਹੀਂ ਮਿਲੇਗਾ।

ACT ਦੀ ਡਿਪਟੀ ਲੀਡਰ ਨਿਕੋਲ ਮੈਕੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਘਰ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ। ਉਨ੍ਹਾਂ ਦੱਸਿਆ ਕਿ 2025 ਵਿੱਚ 1.84 ਲੱਖ ਨਿਊਜ਼ੀਲੈਂਡ ਵਾਸੀ ਘਰਾਂ ਵਿੱਚ ਚੋਰੀ ਦੇ ਸ਼ਿਕਾਰ ਹੋਏ ਸਨ ਅਤੇ ਬਹੁਤੇ ਚੋਰ ਜੇਲ੍ਹ ਤੋਂ ਰਿਹਾ ਹੋਣ ਮਗਰੋਂ ਮੁੜ ਅਪਰਾਧ ਕਰਦੇ ਹਨ।

*ਨੀਤੀ ਦੀਆਂ ਮੁੱਖ ਗੱਲਾਂ*

ਤਿੰਨ ਵਾਰ ਚੋਰੀ ਦੇ ਦੋਸ਼ੀ ਨੂੰ ਘੱਟੋ-ਘੱਟ 3 ਸਾਲ ਦੀ ਜੇਲ੍ਹ।

ਪੈਰੋਲ, ਹੋਮ ਡਿਟੈਂਸ਼ਨ ਅਤੇ ਅਗਾਊਂ ਰਿਹਾਈ ਦੀ ਕੋਈ ਸਹੂਲਤ ਨਹੀਂ।

ਇੱਕੋ ਕੇਸ ਵਿੱਚ ਤਿੰਨ ਜਾਂ ਇਸ ਤੋਂ ਵੱਧ ਚੋਰੀਆਂ ਦੇ ਦੋਸ਼ ਸਾਬਤ ਹੋਣ ‘ਤੇ ਵੀ ਇਹ ਨਿਯਮ ਲਾਗੂ ਹੋਵੇਗਾ।

Aggravated Burglary ਨੂੰ ਵੀ ਇਸ ਨੀਤੀ ਅਧੀਨ ਇੱਕ “ਸਟ੍ਰਾਈਕ” ਮੰਨਿਆ ਜਾਵੇਗਾ।

ਜੱਜ 3 ਸਾਲ ਤੋਂ 10 ਸਾਲ ਤੱਕ ਦੀ ਸਜ਼ਾ ਸੁਣਾਉਣ ਲਈ ਸੁਤੰਤਰ ਰਹਿਣਗੇ।

ਮੈਕੀ ਨੇ ਕਿਹਾ ਕਿ ਇਸ ਨੀਤੀ ਦਾ ਮਕਸਦ ਸਿਰਫ਼ ਅਪਰਾਧੀਆਂ ਨੂੰ ਡਰਾਉਣਾ ਨਹੀਂ, ਸਗੋਂ ਮੁੜ-ਮੁੜ ਚੋਰੀ ਕਰਨ ਵਾਲਿਆਂ ਨੂੰ ਸਮਾਜ ਤੋਂ ਦੂਰ ਰੱਖ ਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ACT ਦਾ ਅੰਦਾਜ਼ਾ ਹੈ ਕਿ ਇਸ ਨੀਤੀ ਨੂੰ ਲਾਗੂ ਕਰਨ ਲਈ ਲਗਭਗ 200 ਮਿਲੀਅਨ ਡਾਲਰ ਸਾਲਾਨਾ ਖਰਚ ਆ ਸਕਦਾ ਹੈ। ਹਾਲਾਂਕਿ ਪਾਰਟੀ ਦਾ ਦਾਅਵਾ ਹੈ ਕਿ ਇਸ ਨਾਲ ਚੋਰੀਆਂ ਦੀ ਗਿਣਤੀ ਵਿੱਚ ਕਮੀ ਆਵੇਗੀ ਅਤੇ ਲੰਬੇ ਸਮੇਂ ਵਿੱਚ ਅਪਰਾਧ ਵੀ ਘਟਣਗੇ।

Share it :
error: Content is protected !!