
ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਮੈਲਬੋਰਨ ਦੇ ਮੁਫ਼ਤ (free Tram Zone ) ਟਰਾਮ ਜ਼ੋਨ ਨੂੰ ਲਾਗੂ ਕੀਤੇ ਦਸ ਸਾਲ ਬਾਅਦ ਵੀ ਇਹ ਸਰਕਾਰ ਦੀ ਇਹ ਪਹਿਲ ਕਈ ਮਾਹਰਾਂ, ਯਾਤਰੀਆਂ ਅਤੇ ਨੀਤੀ-ਘਾੜਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 1 ਜਨਵਰੀ 2015 ਨੂੰ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਦਾ ਮਕਸਦ ਸਿਟੀ ਸੈਂਟਰ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਲਈ ਮੁਫ਼ਤ (free Tram Zone ) ਟਰਾਮ ਦੀ ਸਹੂਲਤ ਦੇਣਾ ਸੀ । ਇਹ ਜ਼ੋਨ ਕਵੀਨ ਵਿਕਟੋਰੀਆ ਮਾਰਕੀਟ ਤੋਂ ਡੌਕਲੈਂਡਸ, ਫਲਿੰਡਰਸ ਸਟ੍ਰੀਟ ਸਟੇਸ਼ਨ ਅਤੇ ਫੈਡਰੇਸ਼ਨ ਸਕੁਏਰ ਤੱਕ ਫੈਲਿਆ ਹੋਇਆ ਹੈ।
ਇਹ ਯੋਜਨਾ ਸੈਲਾਨੀਆਂ ਅਤੇ ਯਾਤਰੀਆਂ ਵਿੱਚ ਬਹੁਤ ਮਕਬੂਲ ਹੋਈ ਹੈ, ਪਰ ਇਸ ਦੇ ਕਾਰਗੁਜ਼ਾਰੀ ਦੇ ਪ੍ਰਭਾਵ ਤੇ ਚਿੰਤਾਵਾਂ ਉਠ ਰਹੀਆਂ ਹਨ। ਇਸ ਦੇ ਨਾਲ ਟਰਾਮਾਂ ਵਿੱਚ ਭੀੜ ਵਧ ਗਈ ਹੈ ਅਤੇ ਯਾਤਰਾ ਦਾ ਸਮਾਂ ਲੰਮਾ ਹੋ ਗਿਆ ਹੈ, ਜਿਸ ਕਾਰਨ ਕਿਰਾਏ ਅਦਾ ਕਰਨ ਵਾਲੇ ਯਾਤਰੀਆਂ ਲਈ ਇਹ ਅਨੁਕੂਲ ਨਹੀਂ ਰਿਹਾ। ਪਬਲਿਕ ਟਰਾਂਸਪੋਰਟ ਯੂਜ਼ਰਜ਼ ਐਸੋਸੀਏਸ਼ਨ (PTUA) ਦੇ ਬੁਲਾਰੇ ਡੇਨਿਅਲ ਬੋਵਨ ਨੇ 2014 ਵਿੱਚ ਅੰਦਾਜ਼ਾ ਲਗਾਇਆ ਸੀ ਕਿ ਇਹ ਯੋਜਨਾ ਖੋਖਲੀ ਸਾਬਤ ਹੋਵੇਗੀ।
ਮਾਹਰਾਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਸ਼ਹਿਰੀ ਯੋਜਨਾਬੰਦੀ ਦੇ ਮੂਲ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ। ਯੂਨੀਵਰਸਿਟੀ ਆਫ ਮੇਲਬੌਰਨ ਦੀ ਡਾ. ਕ੍ਰਿਸਟਲ ਲੈਗਸੀ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਸਕੀਮਾਂ ਦਾ ਮੁੱਖ ਮਕਸਦ ਲੋਕਾਂ ਨੂੰ ਕਾਰਾਂ ਤੋਂ ਹਟਾ ਕੇ ਪਬਲਿਕ ਟਰਾਂਸਪੋਰਟ ਵੱਲ ਲਿਆਉਣਾ ਹੁੰਦਾ ਹੈ। ਪਰ ਇਸਦੇ ਬਦਲੇ ਲੋਕ ਛੋਟੀਆਂ ਦੂਰੀਆਂ ਲਈ ਪੈਦਲ ਜਾਣ ਦੀ ਬਜਾਏ ਟਰਾਮਾਂ ਦੀ ਵਰਤੋਂ ਕਰਨ ਲੱਗੇ ਹਨ।
ਡੌਕਲੈਂਡਸ ਅਤੇ ਹੋਰ ਖੇਤਰਾਂ ਵਿੱਚ, ਕਈ ਲੋਕ ਮੁਫ਼ਤ ਟਰਾਮ ਜ਼ੋਨ ਦੇ ਕੋਨੇ ਤੱਕ ਕਾਰ ਚਲਾਕੇ ਪਹੁੰਚਦੇ ਹਨ ਅਤੇ ਬਾਕੀ ਰਸਤੇ ਲਈ ਟਰਾਮ ਲੈਂਦੇ ਹਨ। ਇਹ ਟ੍ਰੈਫਿਕ ਭੀੜ ਨੂੰ ਵਧਾ ਰਿਹਾ ਹੈ।
ਸਿਟੀ ਆਫ ਮੈਲਬੋਰਨ ਦੇ ਲਾਰਡ ਮੇਅਰ ਨਿਕੋਲਸ ਰੀਸ ਨੇ ਹਾਲ ਹੀ ਦੇ ਚੋਣ ਮੁਹਿੰਮ ਦੌਰਾਨ ਮੁਫ਼ਤ ਟਰਾਮ ਜ਼ੋਨ ਦੇ ਵਿਸਥਾਰ ਦੀ ਵਕਾਲਤ ਕੀਤੀ। ਉਹ ਮੰਨਦੇ ਹਨ ਕਿ ਜ਼ੋਨ ਨੂੰ ਵਧਾਉਣ ਨਾਲ ਸਥਾਨਕ ਕਾਰੋਬਾਰ ਨੂੰ ਮਦਦ ਮਿਲੇਗੀ, ਲੋਕਾਂ ਦੇ ਰਹਿਣ ਦੇ ਖਰਚੇ ਘਟਣਗੇ ਅਤੇ ਸ਼ਹਿਰ ਦੀ ਖੂਬਸੂਰਤੀ ਨੂੰ ਹੋਰ ਨਿਖਾਰ ਮਿਲੇਗਾ।
2019 ਦੀ ਇਕ ਸੰਸਦੀ ਜਾਂਚ ਨੇ ਇਸ ਜ਼ੋਨ ਨੂੰ ਵਧਾਉਣ ਦੀ ਸਿਫਾਰਿਸ਼ ਕੀਤੀ ਸੀ, ਜਿਸ ਵਿੱਚ ਯੂਨੀਵਰਸਿਟੀ ਆਫ ਮੇਲਬੌਰਨ ਅਤੇ ਆਰਟਸ ਪ੍ਰਿਸਿੰਕਟ ਵਰਗੇ ਖੇਤਰ ਸ਼ਾਮਲ ਕਰਨ ਦੀ ਗੱਲ ਕੀਤੀ ਗਈ। ਪਰ ਯਾਰਾ ਟਰਾਮਸ ਅਤੇ ਟ੍ਰਾਂਸਪੋਰਟ ਡਿਪਾਰਟਮੈਂਟ ਨੇ ਵਿਰੋਧ ਕੀਤਾ ਸੀ ਕਿਉਂਕਿ ਇਸ ਨਾਲ ਸਰਕਾਰ ਨੂੰ ਹੋਰ ਖਰਚੇ ਸਹਿਣੇ ਪੈਣਗੇ ।
ਦਸ ਸਾਲਾਂ ਬਾਅਦ, ਇਸ ਯੋਜਨਾ ਤੇ ਚਰਚਾ ਚਾਲੂ ਹੈ ਅਤੇ ਵੱਖ ਵੱਖ ਧੜੇ ਇਸ ਤੇ ਵੱਖਰਾ ਮੱਤ ਰੱਖ ਰਹੇ ਹਨ | ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਚ ਇਸ ਦਾ ਵਿਸਥਾਰ ਕਦੋ ਹੁੰਦਾ ਹੈ ਜਾਂ ਇਸ ਨੂੰ ਹੋਰ ਚੁਣੌਤੀਆਂ ਪੈਦਾ ਹੋਣਗੀਆਂ |



