
ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਟੈਨਿਸ ਪ੍ਰੇਮੀਆਂ ਲਈ ਖੁਸ਼ਖਬਰੀ ਹੈ ਕਿ ਇਸ ਗਰਮੀਆਂ ਵਿੱਚ ਮੈਲਬਰਨ ਚ ਆਸਟ੍ਰੇਲੀਆਈ ਓਪਨ ਦੌਰਾਨ ਉਬਰ ਅਤੇ ਕੀਆ ਦੀ ਸਾਂਝੇਦਾਰੀ ਨਾਲ 20,000 ਤੋਂ ਵੱਧ ਮੁਫ਼ਤ ਸਫ਼ਰ uber ਯਾਤਰੀਆਂ ਨੂੰ ਦਿੱਤੇ ਜਾਣਗੇ । ਇਹ ਮੁਫ਼ਤ ਰਾਈਡ 12 ਜਨਵਰੀ ਤੋਂ 26 ਜਨਵਰੀ ਤੱਕ ਚੱਲਣ ਵਾਲੇ ਟੂਰਨਾਮੈਂਟ ਲਈ ਉਪਲਬਧ ਹੋਵੇਗੀ।
ਉਬਰ ਦੇ ਉਬਰ ਵਨ ਮੈਂਬਰਾਂ ਨੂੰ ਮੈਲਬਰਨ ਟੈਨਿਸ ਪ੍ਰਿਸਿੰਕਟ ਤੋਂ ਜਾਂ ਉੱਥੇ ਜਾਣ ਲਈ ਮੁਫ਼ਤ ਰਾਈਡਾਂ ਮਿਲਣਗੀਆਂ, ਜਿਨ੍ਹਾਂ ਦੀ ਮਾਤਰਾ $100 ਤੱਕ ਹੋਵੇਗੀ। ਇਹ ਰਾਈਡਾਂ 50 ਇਲੈਕਟ੍ਰਿਕ ਵਾਹਨਾਂ ਦੀ ਫਲੀਟ ਰਹੀ ਮਿਲਣਗੀਆਂ, ਜਿਸ ਵਿੱਚ ਕੀਆ ਕੰਪਨੀਆਂ ਦੀਆਂ EV6, EV9 ਅਤੇ ਨਵੇਂ ਜਾਰੀ ਕੀਤੇ EV5 ਸ਼ਾਮਲ ਹਨ।
ਉਬਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਜਨਰਲ ਮੈਨੇਜਰ ਐਮਾ ਫੋਲੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਮਕਸਦ ਪਿਛਲੇ ਸਾਲ ਦੇ 10,000 ਮੁਫ਼ਤ ਸਫ਼ਰਾਂ ਨੂੰ ਦੁਗਣਾ ਕਰਨਾ ਹੈ। ਇਸ ਨਾਲ ਨਾ ਸਿਰਫ ਲੋਕਾਂ ਨੂੰ ਟੂਰਨਾਮੈਂਟ ਵਿੱਚ ਸਹੂਲਤ ਮਿਲੇਗੀ ਸਗੋਂ ਵਾਤਾਵਰਨ ਲਈ ਵੀ ਇਹ ਇੱਕ ਵੱਡਾ ਕਦਮ ਸਾਬਤ ਹੋਵੇਗਾ।
ਕੀਆ ਆਸਟ੍ਰੇਲੀਆ ਦੇ ਸੀਈਓ ਡੇਮਿਯਨ ਮੇਰਿਡਿਥ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਜਨਤਾ ਨੂੰ ਇਲੈਕਟ੍ਰਿਕ ਵਾਹਨਾਂ ਦੇ ਤਜਰਬੇ ਨਾਲ ਜਾਣੂ ਕਰਵਾਉਣਾ ਅਹਿਮ ਹੈ। ਉਹਨਾਂ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੀ ਮੰਗ ਵਧਾਉਣ ਲਈ ਉਤਸ਼ਾਹਿਤ ਕਰਨਾ ਹੁਣ ਸਾਰੇ ਪ੍ਰਮੁੱਖ ਬਰਾਂਡਾਂ ਲਈ ਲੋੜੀਂਦਾ ਕਦਮ ਹੈ।
ਇਹ ਪ੍ਰੋਜੈਕਟ ਆਸਟ੍ਰੇਲੀਆ ਦੇ ਨਵੇਂ ਵਾਹਨ ਮਾਪਦੰਡਾਂ ਅਨੁਸਾਰ ਹੈ, ਜੋ 1 ਜਨਵਰੀ ਤੋਂ ਲਾਗੂ ਹੋਏ ਹਨ। ਇਹ ਮਾਪਦੰਡ ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਉਤਸਾਹਿਤ ਕਰਨ ਲਈ ਬਣਾਏ ਗਏ ਹਨ। 2024 ਵਿੱਚ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਵਧਕੇ 91,000 ਤੋਂ ਵੱਧ ਹੋ ਗਈ, ਜੋ ਕਿ ਦਸੰਬਰ ਤੱਕ ਕੁੱਲ ਮਾਰਕੀਟ ਦਾ 8.3% ਹਿੱਸਾ ਸੀ।
ਇਹ ਪੇਸ਼ਕਸ਼ ਨਾ ਸਿਰਫ ਟੈਨਿਸ ਪ੍ਰੇਮੀਆਂ ਲਈ ਆਸਾਨ ਅਤੇ ਸੁਖਦ ਸਫ਼ਰ ਪ੍ਰਦਾਨ ਕਰਦੀ ਹੈ, ਸਗੋਂ ਟਿਕਾਊ ਯਾਤਰਾ ਵੱਲ ਵੀ ਇਕ ਵੱਡਾ ਪੈਗਾਮ ਹੈ।



