
ਐਮਰਜੈਂਸੀ ਵਿਭਾਗ ਦੀਆਂ 120 ਨਰਸਾਂ ਨੇ Health NZ ਦੇ ਮੁੱਖ ਕਾਰਜਕਾਰੀ ਡੇਲ ਬ੍ਰਾਮਲੀ ਨੂੰ ਪੱਤਰ ਲਿਖ ਕੇ ਵਿਭਾਗ ਦੀ ਸਥਿਤੀ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਨਰਸਾਂ ਮੁਤਾਬਕ ਸਰਦੀਆਂ ਦੌਰਾਨ ਵਧਣ ਵਾਲੇ ਮਰੀਜ਼ਾਂ ਦੀ ਗਿਣਤੀ ਲਈ ਢੁਕਵੀਂ ਯੋਜਨਾ ਨਹੀਂ ਬਣਾਈ ਗਈ ਅਤੇ ਲੋੜ ਅਨੁਸਾਰ ਨਰਸਾਂ ਦੀ ਭਰਤੀ ਵੀ ਨਹੀਂ ਹੋਈ।
ਨੌਰਥ ਸ਼ੋਰ ਐਮਰਜੈਂਸੀ ਵਿਭਾਗ ਦੀ ਚਾਰਜ ਨਰਸ ਜੀਨ ਕਲਾਸੀ ਨੇ ਕਿਹਾ ਕਿ ਕਈ ਵਾਰ ਵਿਭਾਗ ਇੰਨਾ ਭਰ ਜਾਂਦਾ ਹੈ ਕਿ ਮਰੀਜ਼ਾਂ ਲਈ ਉਡੀਕ ਕਮਰਿਆਂ ਵਿੱਚ ਵੀ ਥਾਂ ਨਹੀਂ ਰਹਿੰਦੀ। ਮਰੀਜ਼ਾਂ ਨੂੰ ਗਲਿਆਰਿਆਂ ਅਤੇ ਖੁੱਲ੍ਹੇ ਇਲਾਕਿਆਂ ਵਿੱਚ ਰੱਖਿਆ ਜਾ ਰਿਹਾ ਹੈ, ਜਿੱਥੇ ਪ੍ਰਾਈਵੇਸੀ ਦੀ ਵੀ ਕਮੀ ਹੈ।
ਕਈ ਅਜਿਹੇ ਮਰੀਜ਼, ਜੋ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੇ, ਗਿੱਲੇ ਬਿਸਤਰਿਆਂ ਵਿੱਚ ਪਏ ਰਹਿੰਦੇ ਹਨ ਕਿਉਂਕਿ ਨਰਸਾਂ ਨੂੰ ਉਨ੍ਹਾਂ ਨੂੰ ਬਦਲਣ ਲਈ ਢੁਕਵੀਂ ਥਾਂ ਨਹੀਂ ਮਿਲਦੀ।
*ਨਰਸਾਂ ਵੱਲੋਂ ਚੁੱਕੀਆਂ ਗਈਆਂ ਮੁੱਖ ਸਮੱਸਿਆਵਾਂ ਵਿੱਚ ਸ਼ਾਮਲ ਹਨ:*
• ਮਰੀਜ਼ਾਂ ਨੂੰ ਸ਼ੁਰੂਆਤੀ ਜਾਂਚ ਲਈ 90 ਮਿੰਟ ਤੱਕ ਉਡੀਕ
• ਦਿਲ ਦੇ ਤੁਰੰਤ ਟੈਸਟਾਂ ਵਿੱਚ ਕਈ ਘੰਟਿਆਂ ਦੀ ਦੇਰੀ
• ਹਸਪਤਾਲ ਵਿੱਚ ਬੈੱਡ ਮਿਲਣ ਲਈ ਕੁਝ ਮਰੀਜ਼ਾਂ ਦੀ 50 ਘੰਟਿਆਂ ਤੋਂ ਵੱਧ ਉਡੀਕ
• ਜ਼ਰੂਰੀ ਦਵਾਈਆਂ ਮਿਲਣ ਵਿੱਚ ਦੇਰੀ
• ਭੀੜਭਾੜ ਵਾਲੇ ਗਲਿਆਰਿਆਂ ਵਿੱਚ ਗੰਦੇ ਬਿਸਤਰਿਆਂ ‘ਤੇ ਮਰੀਜ਼ਾਂ ਦੀ ਉਡੀਕ
• ਕਈ ਵਾਰ ਐਮਰਜੈਂਸੀ ਵਿਭਾਗ ਦਾ 300 ਫੀਸਦੀ ਸਮਰੱਥਾ ਤੱਕ ਪਹੁੰਚ ਜਾਣਾ
ਨਰਸਾਂ ਦਾ ਕਹਿਣਾ ਹੈ ਕਿ ਵਿਭਾਗ ਲਈ 25 ਨਵੀਆਂ ਨਰਸਾਂ ਦੀ ਭਰਤੀ ਕਰਨ ‘ਤੇ ਸਹਿਮਤੀ ਹੋਈ ਸੀ, ਪਰ ਹੁਣ ਤੱਕ ਸਿਰਫ਼ 9 ਨਰਸਾਂ ਹੀ ਭਰਤੀ ਕੀਤੀਆਂ ਗਈਆਂ ਹਨ।
ਉੱਧਰ, Health NZ ਦਾ ਕਹਿਣਾ ਹੈ ਕਿ ਸਰਦੀਆਂ ਲਈ ਯੋਜਨਾ ਲਾਗੂ ਹੈ, ਪਰ ਨੌਰਥ ਸ਼ੋਰ ਅਤੇ ਵਾਈਟਾਕੇਰੇ ਹਸਪਤਾਲਾਂ ਦੇ ਐਮਰਜੈਂਸੀ ਵਿਭਾਗ ਇਸ ਸਾਲ ਆਪਣੀਆਂ ਸਭ ਤੋਂ ਵਿਅਸਤ ਸਰਦੀਆਂ ਦਾ ਸਾਹਮਣਾ ਕਰ ਰਹੇ ਹਨ। ਜੁਲਾਈ ਮਹੀਨੇ ਦੌਰਾਨ ਦੋਵਾਂ ਹਸਪਤਾਲਾਂ ਵਿੱਚ ਮਿਲਾ ਕੇ ਲਗਭਗ 14,000 ਮਰੀਜ਼ ਐਮਰਜੈਂਸੀ ਵਿਭਾਗਾਂ ਵਿੱਚ ਪਹੁੰਚੇ।



