South Island ‘ਚ ਸਰਦੀਆਂ ਦੇ ਤੂਫਾਨ ਦਾ ਕਹਿਰ, ਕਵੀਨਸਟਾਊਨ ਵਿੱਚ ਹੜ੍ਹਾਂ ਕਾਰਨ ਰਿਹਾਇਸ਼ੀਆਂ ਨੂੰ ਛੱਡਣੇ ਪਏ ਘਰ

ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਦੱਖਣੀ ਟਾਪੂ ਵਿੱਚ ਸਰਦੀਆਂ ਦਾ ਤੂਫਾਨ ਲਗਾਤਾਰ ਕਹਿਰ ਢਾਹ ਰਿਹਾ ਹੈ। ਭਾਰੀ ਮੀਂਹ, ਬਰਫ਼ਬਾਰੀ, ਤੇਜ਼ ਹਵਾਵਾਂ ਅਤੇ ਪਹਾੜਾਂ ਤੋਂ ਚੱਟਾਨਾਂ ਡਿੱਗਣ ਕਾਰਨ ਕਈ ਇਲਾਕਿਆਂ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ।

ਕਵੀਨਸਟਾਊਨ ਵਿੱਚ ਹੜ੍ਹ ਕਾਰਨ ਕੁਝ ਘਰਾਂ ਨੂੰ ਖਾਲੀ ਕਰਵਾਉਣਾ ਪਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ।

ਸੜਕਾਂ ਅਤੇ ਹਾਈਵੇਅ ‘ਤੇ ਦਰੱਖਤ ਡਿੱਗਣ ਅਤੇ ਚੱਟਾਨਾਂ ਖਿਸਕਣ ਕਾਰਨ ਕਈ ਰਸਤੇ ਬੰਦ ਕਰ ਦਿੱਤੇ ਗਏ ਹਨ। ਕੁਝ ਸੜਕਾਂ ‘ਤੇ ਮਲਬਾ ਆਉਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਵੈਸਟਲੈਂਡ ਅਤੇ ਗਰੇਅ ਤੇ ਬੁੱਲਰ ਦੇ ਪਹਾੜੀ ਇਲਾਕਿਆਂ ਲਈ ਅੱਜ ਵੀ ਭਾਰੀ ਮੀਂਹ ਦੀ ਔਰੈਂਜ ਚੇਤਾਵਨੀ ਜਾਰੀ ਹੈ।

ਇਸ ਦੇ ਨਾਲ ਹੀ ਵੈਲਿੰਗਟਨ, ਦੱਖਣੀ ਵਾਇਰਾਰਾਪਾ ਅਤੇ ਮਾਰਲਬਰੋ ਸਾਊਂਡਸ ਲਈ ਸਵੇਰੇ 6 ਵਜੇ ਤੋਂ 14 ਘੰਟਿਆਂ ਦੀ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਵਾਨਾਕਾ ਵਿੱਚ ਵੀ ਭਾਰੀ ਮੀਂਹ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਗਸਤ ਮਹੀਨੇ ਦੌਰਾਨ ਇੱਥੇ 1992 ਤੋਂ ਬਾਅਦ ਦਾ ਸਭ ਤੋਂ ਵੱਧ ਮੀਂਹ ਵਾਲਾ ਦਿਨ ਰਿਹਾ। ਨਿਊਜ਼ੀਲੈਂਡ ਐਵਲਾਂਚ ਐਡਵਾਈਜ਼ਰੀ ਨੇ ਦੱਖਣੀ ਐਲਪਸ ਦੇ ਕਈ ਇਲਾਕਿਆਂ ਵਿੱਚ ਬਰਫ਼ੀਲੇ ਤੋਦੇ ਡਿੱਗਣ ਦਾ ਖਤਰਾ ਉੱਚਾ ਦੱਸਿਆ ਹੈ।

ਆਰਥਰਜ਼ ਪਾਸ, ਔਰਾਕੀ/ਮਾਊਂਟ ਕੁੱਕ, ਓਹਾਉ, ਕਵੀਨਸਟਾਊਨ, ਵਾਨਾਕਾ ਅਤੇ ਐਸਪਾਇਰਿੰਗ ਖੇਤਰਾਂ ਵਿੱਚ ਲੋਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਮੌਸਮ ਦੀਆਂ ਤਾਜ਼ਾ ਚੇਤਾਵਨੀਆਂ ‘ਤੇ ਨਜ਼ਰ ਰੱਖਣ ਅਤੇ ਖਰਾਬ ਮੌਸਮ ਦੌਰਾਨ ਬਿਨਾਂ ਲੋੜ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

Share it :
error: Content is protected !!