15 ਤੋਂ 18 ਸਿੱਖ ਯਾਤਰੀਆਂ ਨੇ ਦਸਤਾਰਾਂ ਦੀ ਹੱਥਾਂ ਨਾਲ ਚੈਕਿੰਗ ਕੀਤੇ ਜਾਣ ਦੀ ਕੀਤੀ ਸ਼ਿਕਾਇਤ, ਸਿੱਖ ਜਥੇਬੰਦੀਆਂ ਨੇ ਸਰਕਾਰ ਕੋਲ ਚੁੱਕਿਆ ਮੁੱਦਾ
ਅਵਨੀਤ ਕੌਰ, ਆਕਲੈਂਡ (NZ Punjabi News): ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ‘ਤੇ ਸੁਰੱਖਿਆ ਜਾਂਚ ਦੌਰਾਨ ਸਿੱਖ ਯਾਤਰੀਆਂ ਦੀਆਂ ਦਸਤਾਰਾਂ ਦੀ ਹੱਥਾਂ ਨਾਲ ਚੈਕਿੰਗ ਕੀਤੇ ਜਾਣ ਦੇ ਮਾਮਲੇ ਨੇ ਸਿੱਖ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਸਾਹਮਣੇ ਆਈਆਂ ਅਜਿਹੀਆਂ ਸ਼ਿਕਾਇਤਾਂ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਇਹ ਮਾਮਲਾ ਹਵਾਈ ਅੱਡਿਆਂ ਦੇ ਅਧਿਕਾਰੀਆਂ ਅਤੇ ਨਿਊਜ਼ੀਲੈਂਡ ਸਰਕਾਰ ਕੋਲ ਚੁੱਕਿਆ ਹੈ। ਇਹ ਮੁੱਦਾ ਪ੍ਰਧਾਨ ਮੰਤਰੀ Christopher Luxon ਤੱਕ ਵੀ ਪਹੁੰਚਾਇਆ ਗਿਆ ਹੈ।
NZ Punjabi News ਨੂੰ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕੁਝ ਹਫ਼ਤਿਆਂ ਦੌਰਾਨ ਕਰੀਬ 15 ਤੋਂ 18 ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਨਿਊਜ਼ੀਲੈਂਡ ਤੋਂ ਭਾਰਤ ਜਾਣ ਵਾਲੇ ਸਿੱਖ ਯਾਤਰੀਆਂ ਨੇ ਹਵਾਈ ਅੱਡਿਆਂ ‘ਤੇ ਸੁਰੱਖਿਆ ਜਾਂਚ ਦੌਰਾਨ ਆਪਣੀਆਂ ਦਸਤਾਰਾਂ ਦੀ ਹੱਥਾਂ ਨਾਲ ਚੈਕਿੰਗ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਹੈ।
ਇਨ੍ਹਾਂ ਵਿੱਚੋਂ ਕਈ ਯਾਤਰੀਆਂ ਨੇ ਸਿੱਖ ਜਥੇਬੰਦੀਆਂ ਅਤੇ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਸੰਪਰਕ ਕਰਕੇ ਆਪਣੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਵਾਈ ਅੱਡਿਆਂ ‘ਤੇ ਸੁਰੱਖਿਆ ਜਾਂਚ ਜ਼ਰੂਰੀ ਹੈ, ਪਰ ਇਸ ਦੌਰਾਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਦਸਤਾਰ ਦੀ ਮਰਿਆਦਾ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸਿੱਖ ਧਰਮ ਵਿੱਚ ਦਸਤਾਰ ਸਿਰਫ਼ ਸਿਰ ਢੱਕਣ ਲਈ ਪਹਿਨਿਆ ਜਾਣ ਵਾਲਾ ਕੱਪੜਾ ਨਹੀਂ, ਸਗੋਂ ਸਿੱਖੀ ਪਛਾਣ, ਧਾਰਮਿਕ ਆਸਥਾ, ਸਨਮਾਨ ਅਤੇ ਮਰਿਆਦਾ ਦਾ ਅਹਿਮ ਹਿੱਸਾ ਹੈ। ਇਸ ਕਰਕੇ ਦਸਤਾਰ ਨੂੰ ਹੱਥ ਲਾਉਣ ਜਾਂ ਉਤਾਰਨ ਨਾਲ ਸਬੰਧਤ ਕਾਰਵਾਈ ਸਿੱਖ ਭਾਈਚਾਰੇ ਲਈ ਬਹੁਤ ਸੰਵੇਦਨਸ਼ੀਲ ਮਾਮਲਾ ਮੰਨੀ ਜਾਂਦੀ ਹੈ।
ਇਸ ਸਬੰਧੀ NZ Punjabi News ਨਾਲ ਗੱਲਬਾਤ ਕਰਦਿਆਂ NZ Central Sikh Association ਦੇ ਪ੍ਰਧਾਨ ਅਤੇ Supreme Sikh Society of New Zealand ਨਾਲ ਜੁੜੇ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਮੁੱਦਾ ਸਬੰਧਤ ਅਧਿਕਾਰੀਆਂ ਕੋਲ ਪਹਿਲਾਂ ਹੀ ਚੁੱਕਿਆ ਜਾ ਚੁੱਕਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ Christopher Luxon ਨੂੰ ਵੀ ਪੱਤਰ ਲਿਖ ਕੇ ਹਵਾਈ ਅੱਡਿਆਂ ‘ਤੇ ਸਿੱਖ ਯਾਤਰੀਆਂ ਨਾਲ ਹੋ ਰਹੇ ਵਤੀਰੇ ਸਬੰਧੀ ਚਿੰਤਾ ਪ੍ਰਗਟਾਈ ਹੈ।
ਦਲਜੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਦੀ ਹਵਾਬਾਜ਼ੀ ਮੰਤਰਾਲੇ ਦੇ ਇੱਕ ਅਧਿਕਾਰੀ ਨਾਲ ਮੁਲਾਕਾਤ ਹੋਣ ਦੀ ਵੀ ਉਮੀਦ ਹੈ। ਇਸ ਮੀਟਿੰਗ ਦੌਰਾਨ ਦਸਤਾਰਾਂ ਦੀ ਚੈਕਿੰਗ ਦਾ ਮੁੱਦਾ ਗੰਭੀਰਤਾ ਨਾਲ ਚੁੱਕਿਆ ਜਾਵੇਗਾ ਅਤੇ ਮੌਜੂਦਾ ਸੁਰੱਖਿਆ ਪ੍ਰਕਿਰਿਆ ਬਾਰੇ ਜਵਾਬ ਮੰਗੇ ਜਾਣਗੇ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਹਵਾਈ ਸੁਰੱਖਿਆ ਦੀ ਮਹੱਤਤਾ ਨੂੰ ਪੂਰੀ ਤਰ੍ਹਾਂ ਸਮਝਦਾ ਹੈ ਅਤੇ ਸੁਰੱਖਿਆ ਨਿਯਮਾਂ ਦਾ ਸਨਮਾਨ ਕਰਦਾ ਹੈ, ਪਰ ਇਸ ਦੇ ਨਾਲ ਹੀ ਯਾਤਰੀਆਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਸਨਮਾਨ ਦੀ ਰੱਖਿਆ ਕਰਨੀ ਵੀ ਜ਼ਰੂਰੀ ਹੈ।
ਦਲਜੀਤ ਸਿੰਘ ਨੇ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ‘ਤੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਣਗੇ ਅਤੇ ਸਰਕਾਰੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣਗੇ, ਤਾਂ ਜੋ ਸਿੱਖ ਯਾਤਰੀਆਂ ਨਾਲ ਸਨਮਾਨਜਨਕ ਵਤੀਰਾ ਯਕੀਨੀ ਬਣਾਇਆ ਜਾ ਸਕੇ।
ਦੁਨੀਆ ਦੇ ਕਈ ਦੇਸ਼ਾਂ ਵਿੱਚ ਹਵਾਈ ਅੱਡਿਆਂ ਦੀ ਸੁਰੱਖਿਆ ਜਾਂਚ ਦੌਰਾਨ ਧਾਰਮਿਕ ਪਹਿਰਾਵੇ ਅਤੇ ਸਿਰ ਢੱਕਣ ਵਾਲੀਆਂ ਧਾਰਮਿਕ ਵਸਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਇਨ੍ਹਾਂ ਪ੍ਰਬੰਧਾਂ ਦਾ ਮਕਸਦ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਨਾਲ-ਨਾਲ ਯਾਤਰੀਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਨਾ ਹੁੰਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਨਿਊਜ਼ੀਲੈਂਡ ਦੀ Civil Aviation Authority (CAA) ਦੀਆਂ ਆਪਣੀਆਂ ਹਦਾਇਤਾਂ ਵਿੱਚ ਵੀ ਸੁਰੱਖਿਆ ਜਾਂਚ ਦੌਰਾਨ ਧਾਰਮਿਕ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਦਾ ਧਿਆਨ ਰੱਖਣ ਦੀ ਗੱਲ ਕੀਤੀ ਗਈ ਹੈ।
CAA ਦੇ Advisory Circular AC139-18 ਵਿੱਚ ਯਾਤਰੀਆਂ ਦੀ ਸੁਰੱਖਿਆ ਜਾਂਚ ਵਾਲੇ ਖੇਤਰਾਂ ਸਬੰਧੀ ਇਹ ਗੱਲ ਦਰਜ ਹੈ ਕਿ ਹਵਾਈ ਅੱਡਿਆਂ ਦੇ ਸੰਚਾਲਕਾਂ ਨੂੰ ਅਜਿਹੀਆਂ ਸਹੂਲਤਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਰਾਹੀਂ ਧਾਰਮਿਕ ਜਾਂ ਸੱਭਿਆਚਾਰਕ ਮਰਿਆਦਾ ਨਾਲ ਜੁੜੀਆਂ ਸੰਵੇਦਨਸ਼ੀਲ ਸਥਿਤੀਆਂ ਵਿੱਚ ਸਨਮਾਨਜਨਕ ਢੰਗ ਨਾਲ ਤਲਾਸ਼ੀ ਲਈ ਜਾ ਸਕੇ।
ਇਸ ਹਦਾਇਤ ਤੋਂ ਬਾਅਦ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਹਵਾਈ ਅੱਡਿਆਂ ‘ਤੇ ਅਜਿਹੇ ਪ੍ਰਬੰਧਾਂ ਨੂੰ ਅਮਲੀ ਰੂਪ ਵਿੱਚ ਕਿਵੇਂ ਲਾਗੂ ਕੀਤਾ ਜਾ ਰਿਹਾ ਹੈ ਅਤੇ ਸਿੱਖ ਯਾਤਰੀਆਂ ਦੀਆਂ ਦਸਤਾਰਾਂ ਦੀ ਹੱਥਾਂ ਨਾਲ ਚੈਕਿੰਗ ਕਰਨ ਦੀ ਲੋੜ ਕਿਉਂ ਪੈਂਦੀ ਹੈ।
ਇਸ ਸਬੰਧੀ NZ Punjabi News ਵੱਲੋਂ ਪ੍ਰਧਾਨ ਮੰਤਰੀ Christopher Luxon, ਟਰਾਂਸਪੋਰਟ ਮੰਤਰੀ Chris Bishop, ਐਸੋਸੀਏਟ ਟਰਾਂਸਪੋਰਟ ਮੰਤਰੀ James Meager ਅਤੇ ਸਬੰਧਤ ਹਵਾਬਾਜ਼ੀ ਅਧਿਕਾਰੀਆਂ ਦੇ ਦਫ਼ਤਰਾਂ ਨੂੰ ਰਸਮੀ ਤੌਰ ‘ਤੇ ਪੱਤਰ ਲਿਖ ਕੇ ਸਪੱਸ਼ਟੀਕਰਨ ਮੰਗਿਆ ਗਿਆ ਹੈ।
NZ Punjabi News ਨੇ ਆਪਣੇ ਪੱਤਰ ਵਿੱਚ ਪੁੱਛਿਆ ਹੈ ਕਿ ਆਧੁਨਿਕ ਸੁਰੱਖਿਆ ਜਾਂਚ ਤਕਨਾਲੋਜੀ ਉਪਲਬਧ ਹੋਣ ਦੇ ਬਾਵਜੂਦ ਸਿੱਖ ਯਾਤਰੀਆਂ ਦੀਆਂ ਦਸਤਾਰਾਂ ਦੀ ਹੱਥਾਂ ਨਾਲ ਚੈਕਿੰਗ ਕਰਨ ਦੀ ਲੋੜ ਕਿਉਂ ਪੈਂਦੀ ਹੈ। ਇਸ ਦੇ ਨਾਲ ਹੀ ਇਹ ਵੀ ਪੁੱਛਿਆ ਗਿਆ ਹੈ ਕਿ ਕੀ ਸਿੱਖ ਯਾਤਰੀ ਅਜਿਹੀ ਸਥਿਤੀ ਵਿੱਚ ਜਾਂਚ ਦੇ ਕਿਸੇ ਵਿਕਲਪਿਕ ਤਰੀਕੇ ਦੀ ਮੰਗ ਕਰ ਸਕਦੇ ਹਨ ਅਤੇ ਧਾਰਮਿਕ ਪਹਿਰਾਵੇ ਦੀ ਮਰਿਆਦਾ ਬਣਾਈ ਰੱਖਣ ਲਈ ਕਿਹੜੇ ਪ੍ਰਬੰਧ ਮੌਜੂਦ ਹਨ।
NZ Punjabi News ਵੱਲੋਂ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੀ ਹਵਾਈ ਅੱਡਿਆਂ ‘ਤੇ ਸੁਰੱਖਿਆ ਕਰਮਚਾਰੀਆਂ ਨੂੰ ਵੱਖ-ਵੱਖ ਧਰਮਾਂ ਦੀਆਂ ਮਰਿਆਦਾਵਾਂ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਸਬੰਧੀ ਵਿਸ਼ੇਸ਼ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।
ਫਿਲਹਾਲ NZ Punjabi News ਨੂੰ ਸਬੰਧਤ ਸਰਕਾਰੀ ਅਧਿਕਾਰੀਆਂ ਵੱਲੋਂ ਅਧਿਕਾਰਤ ਜਵਾਬ ਦੀ ਉਡੀਕ ਹੈ।
ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਵਾਈ ਅੱਡਿਆਂ ਦੀ ਸੁਰੱਖਿਆ ਜਾਂਚ ‘ਤੇ ਕੋਈ ਇਤਰਾਜ਼ ਨਹੀਂ ਹੈ, ਪਰ ਜਾਂਚ ਦੌਰਾਨ ਦਸਤਾਰ ਦੀ ਮਰਿਆਦਾ ਅਤੇ ਸਿੱਖ ਯਾਤਰੀਆਂ ਦੇ ਸਨਮਾਨ ਦਾ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।



