ਆਸਟ੍ਰੇਲੀਆ ਦੀ ਜੂਨੀਅਰ ਹਾਕੀ ਚੈਂਪੀਅਨਸ਼ਿਪ ਲਈ ਪੰਜਾਬੀ ਮੂਲ ਦੀ 13 ਸਾਲਾ ਪਰਿਨੀਤੀ ਮੱਲ ਦੀ ਚੋਣ

new zealand

ਮੈਲਬੌਰਨ (NZ Punjabi News) – ਪੰਜਾਬੀ ਮੂਲ ਦੀ 13 ਸਾਲਾ ਪਰਿਨੀਤੀ ਮੱਲ ਨੇ ਆਸਟ੍ਰੇਲੀਆ ਦੀ ਅੰਡਰ-14 ਜੂਨੀਅਰ ਸਟੇਟ ਹਾਕੀ ਚੈਂਪੀਅਨਸ਼ਿਪ ਲਈ ਸਦਰਨ ਸ਼ਾਰਕਸ ਟੀਮ ਵਿੱਚ ਚੁਣੀ ਗਈ ਹੈ ਤੇ ਇਹ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਪਰਿਨੀਤੀ ਦਾ ਜਨਮ ਅਤੇ ਪਾਲਣ-ਪੋਸ਼ਣ ਮੈਲਬੌਰਨ ਵਿੱਚ ਹੋਇਆ ਹੈ, ਪਰ ਉਹ ਆਪਣੀਆਂ ਪੰਜਾਬੀ ਜੜ੍ਹਾਂ ਨਾਲ ਡੂੰਘਾ ਨਾਤਾ ਰੱਖਦੀ ਹੈ। ਉਸ ਦੇ ਪਿਤਾ ਸ਼ਿੰਦਰ ਪਾਲ ਲੁਧਿਆਣਾ ਦੇ ਰਹਿਣ ਵਾਲੇ ਹਨ, ਜਦਕਿ ਮਾਤਾ ਕਮਲਜੀਤ ਕੌਰ ਨਵਾਂਸ਼ਹਿਰ ਨਾਲ ਸਬੰਧਤ ਹਨ। ਪਰਿਵਾਰ 2009 ਵਿੱਚ ਬਿਹਤਰ ਭਵਿੱਖ ਦੀ ਭਾਲ ਵਿੱਚ ਆਸਟ੍ਰੇਲੀਆ ਵੱਸ ਗਿਆ ਸੀ। ਕਮਲਜੀਤ ਕੌਰ ਨੇ ਦੱਸਿਆ ਕਿ ਅੱਜ ਉਹ NDIS ਸੈਕਟਰ ਵਿੱਚ ਕੰਮ ਕਰਦੀ ਹੈ, ਜਦਕਿ ਉਨ੍ਹਾਂ ਦੇ ਪਤੀ ਆਪਣਾ ਕਾਰੋਬਾਰ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਧੀ ਦੀ ਇਹ ਕਾਮਯਾਬੀ ਪੂਰੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ।

ਪਰਿਨੀਤੀ ਇੱਕ ਹੋਣਹਾਰ ਗੋਲਕੀਪਰ ਹੈ। ਭਾਵੇਂ ਉਸ ਦੇ ਮਾਪਿਆਂ ਦਾ ਖੇਡਾਂ ਨਾਲ ਕੋਈ ਸਬੰਧ ਨਹੀਂ ਰਿਹਾ, ਪਰ ਛੋਟੀ ਉਮਰ ਤੋਂ ਹੀ ਉਸ ਨੇ ਹਾਕੀ ਪ੍ਰਤੀ ਆਪਣਾ ਜਜ਼ਬਾ ਅਤੇ ਹੁਨਰ ਸਾਬਤ ਕੀਤਾ। ਹਾਕੀ ਤੋਂ ਇਲਾਵਾ ਉਹ ਫੁੱਟਬਾਲ ਵਿੱਚ ਵੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਉਸ ਦੀ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਸਦਕਾ ਹੁਣ ਉਸ ਨੂੰ ਆਸਟ੍ਰੇਲੀਆ ਦੀ ਪ੍ਰਤਿਸ਼ਠਿਤ ਜੂਨੀਅਰ ਸਟੇਟ ਹਾਕੀ ਚੈਂਪੀਅਨਸ਼ਿਪ ਵਿੱਚ ਖੇਡਣ ਦਾ ਮੌਕਾ ਮਿਲਿਆ ਹੈ।

ਸਿਰਫ਼ 13 ਸਾਲ ਦੀ ਉਮਰ ਵਿੱਚ ਹਾਸਲ ਕੀਤੀ ਇਹ ਉਪਲਬਧੀ ਨਾ ਸਿਰਫ਼ ਪਰਿਨੀਤੀ ਲਈ, ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਵੀ ਮਾਣ ਦੀ ਗੱਲ ਹੈ। ਉਸ ਦੀ ਕਹਾਣੀ ਸਾਬਤ ਕਰਦੀ ਹੈ ਕਿ ਮਿਹਨਤ, ਲਗਨ ਅਤੇ ਆਪਣੀਆਂ ਜੜ੍ਹਾਂ ਨਾਲ ਜੁੜਾਅ ਹਰ ਸੁਪਨੇ ਨੂੰ ਸਾਕਾਰ ਕਰ ਸਕਦਾ ਹੈ।

Share it :
error: Content is protected !!