
ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ) ਭਾਰਤੀ ਨਾਗਰਿਕ, ਜਿਸ ਦੀ ਉਮਰ 46 ਸਾਲ ਦੱਸੀ ਜਾ ਰਹੀ ਹੈ ਨੂੰ ਸਿਡਨੀ ਜਾਣ ਵਾਲੀ ਅੰਤਰਰਾਸ਼ਟਰੀ ਉਡਾਣ ਦੌਰਾਨ ਖੌਰੂ ਪਾਉਣ ਦੇ ਦੋਸ਼ਾਂ ਹੇਠ ਡਾਰਵਿਨ ਮੈਜਿਸਟ੍ਰੇਟ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਇਹ ਉਡਾਣ ਬੈਂਗਲੁਰੁ ਤੋਂ ਸਿਡਨੀ ਜਾ ਰਹੀ ਸੀ।
ਉਡਾਣ ਦੌਰਾਨ ਉਸ ਦੇ ਖੌਰੂ ਪਾਉਣ , ਫਲਾਈਟ ਸਟਾਫ ਨਾਲ ਬਦਸਲੂਕੀ ਕਰਨ ਅਤੇ ਜ਼ਮੀਨ ਤੇ ਥੂਕਣ ਦੇ ਕਾਰਨ ਕੈਬਿਨ ਸਟਾਫ ਨੂੰ ਉਸਨੂੰ ਕੰਟਰੋਲ ਕਰਨ ਲਈ ਬੰਨ੍ਹਣਾ ਪਿਆ। ਇਸ ਘਟਨਾ ਕਰਕੇ ਉਡਾਣ ਨੂੰ ਡਾਰਵਿਨ ਚ ਜ਼ਬਰਦਸਤੀ ਉਤਾਰਨਾ ਪਿਆ ਅਤੇ ਸਫ਼ਰ ਵਿੱਚ ਲਗਭਗ 2 ਘੰਟਿਆਂ ਦੀ ਦੇਰੀ ਹੋਈ।
ਆਸਟ੍ਰੇਲੀਆਈ ਫੈਡਰਲ ਪੁਲਿਸ (ਏਐਫਪੀ) ਦੇ ਐਕਟਿੰਗ ਇੰਸਪੈਕਟਰ ਸਾਇਮਨ ਹੈਨਡਰਸਨ ਨੇ ਕਿਹਾ, “ਉਡਾਣ ਵਿੱਚ ਗੈਰ ਜਿੰਮੇਵਾਰੀ ਵਾਲਾ ਵਿਹਾਰ ਸਿਰਫ ਸੁਰੱਖਿਆ ਲਈ ਹੀ ਖਤਰਾ ਨਹੀਂ ਹੈ, ਸਗੋਂ ਇਸ ਨਾਲ ਹੋਰ ਯਾਤਰੀਆਂ ਲਈ ਵੀ ਕਾਫ਼ੀ ਪਰੇਸ਼ਾਨੀ ਹੋ ਸਕਦੀ ਹੈ। ਇਹ ਸਟਾਫ ਨੂੰ ਆਪਣੀਆਂ ਮੁੱਖ ਜ਼ਿੰਮੇਵਾਰੀਆਂ ਤੋਂ ਵੀ ਹਟਾਉਂਦਾ ਹੈ।”
ਡਾਰਵਿਨ ਹਵਾਈ ਅੱਡੇ ‘ਤੇ ਪੁਲਿਸ ਨੇ ਫਲਾਈਟ ਲੈਂਡ ਹੋਣ ‘ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕੈਬਿਨ ਸਟਾਫ ਅਤੇ ਯਾਤਰੀਆਂ ਤੋਂ ਬਿਆਨ ਦਰਜ ਕੀਤੇ ਤਾਂ ਤਾਂ ਜੋ ਕਾਨੂੰਨੀ ਲੜਾਈ ਮੌਕੇ ਉਹਨਾਂ ਨੂੰ ਵਰਤਿਆ ਜਾ ਸਕੇ। ਭਾਰਤੀ ਨਾਗਰਿਕ ਨੂੰ ਸਿਵਲ ਏਵੀਏਸ਼ਨ ਸੇਫ਼ਟੀ ਰੈਗੂਲੇਸ਼ਨ 91.525(1) ਅਧੀਨ ਜਹਾਜ਼ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਗੈਰਜੁੰਮੇਵਾਰੀ ਵਾਲੇ ਵਿਹਾਰ ਦੇ ਦੋਸ਼ਾਂ ‘ਤੇ ਮਾਮਲਾ ਦਰਜ ਕੀਤਾ ਗਿਆ। ਇਸ ਦੋਸ਼ ਲਈ ਵੱਧ ਤੋਂ ਵੱਧ ਜੁਰਮਾਨਾ $16,500 ਹੈ।
ਉਕਤ ਭਾਰਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਫਲਾਈਟ ਨੂੰ ਸਿਡਨੀ ਵਾਸਤੇ ਤੋਰ ਦਿੱਤਾ ਗਿਆ। ਏਐਫਪੀ ਨੇ ਕਿਹਾ ਕਿ ਪੁਲਸ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਤਰ੍ਹਾਂ ਦੇ ਵਿਵਹਾਰ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਜ਼ੀਰੋ ਟੌਲਰੈਂਸ ਦੀ ਨੀਤੀ ਲਾਗੂ ਕਰਦੀ ਹੈ ।



