MCG ਬਾਕਸਿੰਗ ਡੇ ਟੈਸਟ ਵਿੱਚ ਆਸਟ੍ਰੇਲੀਅਨਾਂ ਨੇ ਸਿੱਖ ਸਭਿਆਚਾਰ ਨੂੰ ਆਪਣਾਇਆ

ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਬਾਕਸਿੰਗ ਡੇ ਟੈਸਟ ਦੌਰਾਨ ਮੈਲਬਰਨ ਕ੍ਰਿਕਟ ਗਰਾਊਂਡ (MCG) ‘ਤੇ ਕ੍ਰਿਕਟ ਮੁਕਾਬਲੇ ਦੇ ਵਿਚਕਾਰ ਜਿੱਥੇ ਇੱਕ ਦੂਜੀ ਟੀਮ ਦੇ ਖੇਡ ਪ੍ਰੇਮੀ ਇਸ ਨੂੰ ਪੂਰਾ ਆਪਣੀ ਅਣਖ ਦਾ ਸਵਾਲ ਲੈ ਰਹੇ ਸਨ ਉੱਥੇ ਹੀ ਇੱਕ ਮਨਮੋਹਕ ਦ੍ਰਿਸ਼ ਛਾਇਆ, ਜਿਸਨੇ ਕ੍ਰਿਕਟ ਪ੍ਰੇਮੀਆਂ ਨੂੰ ਚਰਚਾ ਕਰਨ ਲਈ ਮਜਬੂਰ ਕਰ ਦਿੱਤਾ। ਸਿੱਖ ਚੈਰਿਟੀ ਗਰੁੱਪ Turbans 4 Australia ਦੇ ਇੱਕ ਇਨਿਸ਼ੀਏਟਿਵ ਅਧੀਨ, ਆਸਟ੍ਰੇਲੀਆਈ ਪ੍ਰਸ਼ੰਸਕਾਂ ਵੱਲੋਂ ਗੁਲਾਬੀ ਦਸਤਾਰਾਂ ਸਜਾਉਣ ਦੀ ਵੀਡੀਓ ਵਾਇਰਲ ਹੋ ਗਈ, ਜਿਸ ਨੂੰ ਏਕਤਾ ਅਤੇ ਸੱਭਿਆਚਾਰਕ ਨੂੰ ਪ੍ਰਫੁੱਲਤ ਕਰਨ ਲਈ ਕਾਫ਼ੀ ਤਾਰੀਫ਼ ਮਿਲੀ।

ਵੀਡੀਓ ਦਿਖਾਉਂਦੀ ਹੈ ਕਿ ਕਿਸ ਤਰ੍ਹਾਂ ਆਸਟ੍ਰੇਲੀਆਈ ਪ੍ਰਸ਼ੰਸਕ ਦਸਤਾਰਾਂ ਸਜਾਉਂਦੇ ਹੋਏ ਸਿੱਖ ਸਭਿਆਚਾਰ ਨੂੰ ਆਪਣਾ ਰਹੇ ਹਨ। ਇਹ ਹਾਸੇ ਠੱਠੇ ਲਈ ਨਹੀਂ ਸਗੋਂ ਸੱਚੀ ਸਮਝ ਪੈਦਾ ਕਰਨ ਅਤੇ ਬਹੁ-ਸੱਭਿਆਚਾਰਕ ਭਾਈਚਾਰੇ ਦਾ ਜਸ਼ਨ ਮਨਾਉਣ ਲਈ ਸ਼ੁਰੂ ਕੀਤੀ ਗਈ ਪਹਿਲ ਦਾ ਹਿੱਸਾ ਸੀ।

2015 ਵਿੱਚ ਸਥਾਪਿਤ, Turbans 4 Australia ਜ਼ਰੂਰਤਮੰਦਾਂ ਲਈ ਕਾਮ ਕਰ ਰਿਹਾ ਹੈ । ਇਹ ਸੰਸਥਾ ਜਿਥੇ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਦਾ ਹੈ, ਬੇਘਰ ਲੋਕਾਂ ਦੀ ਸਹਾਇਤਾ ਕਰਦਾ ਹੈ ਅਤੇ ਘਰੇਲੂ ਹਿੰਸਾ ਦੇ ਪੀੜਤਾਂ ਦੀ ਮਦਦ ਕਰਦਾ ਹੈ। MCG ‘ਤੇ ਇਸ ਗਰੁੱਪ ਦੀ ਇਸ ਮੁਹਿੰਮ ਨੇ ਬਹੁ-ਸੱਭਿਆਚਾਰਕ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਪੂਰੀ ਤਰ੍ਹਾਂ ਦਰਸਾਇਆ।

ਪਗੜੀ, ਜੋ ਸਿੱਖ ਪਛਾਣ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਬਰਾਬਰੀ ਤੇ ਆਦਰ ਦਾ ਪ੍ਰਤੀਕ ਹੈ, ਪ੍ਰਸ਼ੰਸਕਾਂ ਵੱਲੋਂ ਬੜੀ ਰੀਝ ਨਾਲ ਦਸਤਾਰਾਂ ਸਜਾਈਆਂ ਗਈਆਂ , ਜਿਸ ਨੇ ਕ੍ਰਿਕਟ ਦੇ ਇਸ ਰਾਸ਼ਟਰਵਾਦ ਦੇ ਮਹੌਲ ਚ ਆਪਸੀ ਪਿਆਰ ਦਾ ਮਹੌਲ ਸਿਰਜਿਆ ਹੈ ।

ਮੈਚ ਵੱਖ ਵੱਖ ਸਮੇਂ ਦੌਰਾਨ ਕਾਫੀ ਡਰਾਮੇਦਾਰ ਸੀ, ਜਿਸ ਵਿੱਚ ਧੋਖਾਧੜੀ ਦੇ ਦੋਸ਼ ਅਤੇ ਦੋਨਾਂ ਪਾਸੇ ਦੇ ਪ੍ਰਸ਼ੰਸਕਾਂ ਵਲੋਂ ਇੱਕ ਦੂਜੇ ਵਾਸਤੇ ਗਰਮ ਗਰਮੀ ਵਾਲੇ ਵਿਚਾਰ ਇੱਕ ਦੂਜੇ ਲਈ ਬੋਲੇ । ਭਾਰਤੀ ਪ੍ਰਸ਼ੰਸਕਾਂ ਨੇ ਇੱਕ ਵਿਵਾਦਪੂਰਨ ਫ਼ੈਸਲੇ ‘ਤੇ ਨਾਰਾਜ਼ਗੀ ਜ਼ਾਹਰ ਕੀਤੀ, ਜਦੋਂਕਿ ਆਸਟ੍ਰੇਲੀਆਈ ਪ੍ਰਸ਼ੰਸਕਾਂ ਨੇ ਭਾਰਤੀ ਸਟਾਰ ਵਿਰਾਟ ਕੋਹਲੀ ਵੱਲ ਟਿੱਪਣੀਆਂ ਕੀਤੀਆਂ।

ਹਾਲਾਂਕਿ, ਵਾਇਰਲ ਵੀਡੀਓ ਨੇ ਇੱਕ ਵੱਖਰੀ ਕਹਾਣੀ ਪੇਸ਼ ਕੀਤੀ, ਜੋ ਸਦਭਾਵਨਾ ਅਤੇ ਇੱਕ ਦੂਜੇ ਲਈ ਸਨਮਾਨ ਨੂੰ ਦਰਸਾਉਂਦੀ ਹੈ। ਦਰਸ਼ਕਾਂ ਨੇ ਇਸ ਕਾਰਜ ਨੂੰ ਸਿਰਾਹਿਆ, ਇੱਕ ਨੇ ਟਿੱਪਣੀ ਕੀਤੀ, “ਸੁੰਦਰ। ਦੁਨੀਆ ਨੂੰ ਇਸੇ ਤਰ੍ਹਾਂ ਦੇਖਣਾ ਚਾਹੀਦਾ ਹੈ,” ਜਦੋਂਕਿ ਦੂਜੇ ਨੇ ਕਿਹਾ, “ਅਖੀਰਕਾਰ ਦੋਨੋ ਸੱਭਿਆਚਾਰਾਂ ਵਿਚਕਾਰ ਕੁਝ ਸਕਾਰਾਤਮਕ ਦੇਖਣ ਨੂੰ ਮਿਲਿਆ।”

ਜਿੱਥੇ ਕ੍ਰਿਕਟ ਮੈਚਾਂ ਚ ਇੱਕ ਦੂਜੀ ਟੀਮਾਂ ਦੇ ਪ੍ਰਸੰਸਕਾਂ ਵਲੋਂ ਅਕਸਰ ਹੀ ਇੱਕ ਦੂਜੇ ਵਿਰੁੱਧ ਤੀਖੇ ਬੋਲ ਅਤੇ ਸੌੜੀ ਸੋਚ ਰੱਖੀ ਜਾਂਦੀ ਹੈ , ਉੱਥੇ ਹੀ ਸਿਖਾਂ ਵਲੋਂ MCG ‘ ਤੇ ਦਿਖਾਏ ਗਏ ਇਸ ਪਿਆਰ ਨੇ ਯਾਦ ਦਿਵਾਇਆ ਕਿ ਖੇਡ ਇਸ ਕੁੜੱਤਣ ਦੀ ਦੀਵਾਰ ਨੂੰ ਪਾਰ ਕਰ ਸਕਦੀ ਹੈ, ਦੋਸਤੀ ਨੂੰ ਵਧਾਵਾ ਦੇ ਸਕਦੀ ਹੈ। Turbans 4 Australia ਦੀ ਪਹਿਲ ਨੇ ਨਾ ਸਿਰਫ ਸਿੱਖ ਸੱਭਿਆਚਾਰ ਨੂੰ ਉਜਾਗਰ ਕੀਤਾ, ਸਗੋਂ ਦੁਨੀਆ ਨੂੰ ਇਹ ਵੀ ਦਿਖਾਇਆ ਕਿ ਕਿਸ ਤਰ੍ਹਾਂ ਖੇਡ ਇੱਕ ਦਸਤਾਰ ਜਰੀਏ ਲੋਕਾਂ ਨੂੰ ਇਕਠੇ ਕਰ ਸਕਦੀ ਹੈ।

Share it :
error: Content is protected !!