
ਅਕਤੂਬਰ 2025 ਤੋਂ ਜਨਵਰੀ 2026 ਤੱਕ ਚੱਲੇ ਇਸ ਟ੍ਰਾਇਲ ਦਾ ਮਕਸਦ ਉਹਨਾਂ ਵਿਅਕਤੀਆਂ ਦੀ ਪਛਾਣ ਕਰਨਾ ਸੀ ਜਿਨ੍ਹਾਂ ਦਾ ਸਟੋਰਾਂ ਵਿੱਚ ਗੰਭੀਰ ਅਤੇ ਨੁਕਸਾਨਦਾਇਕ ਵਿਹਾਰ ਦਾ ਇਤਿਹਾਸ ਰਿਹਾ ਹੈ। Foodstuffs South Island ਦੇ ਰਿਟੇਲ ਮੁਖੀ ਕੈਂਟ ਮਾਹੋਨ ਨੇ ਕਿਹਾ ਕਿ ਟ੍ਰਾਇਲ ਦੇ ਨਤੀਜਿਆਂ ਨੇ ਸਾਬਤ ਕੀਤਾ ਹੈ ਕਿ ਇਹ ਤਕਨਾਲੋਜੀ ਸੁਰੱਖਿਅਤ, ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ, “ਸਾਡਾ ਮੁੱਖ ਉਦੇਸ਼ ਨੁਕਸਾਨ ਨੂੰ ਘਟਾਉਣਾ ਸੀ। ਟ੍ਰਾਇਲ ਨੇ ਦਿਖਾਇਆ ਕਿ ਅਸੀਂ ਉੱਚ ਪੱਧਰੀ ਸਹੀ ਪਛਾਣ ਦੇ ਨਾਲ ਗਾਹਕਾਂ ਦੀ ਨਿੱਜਤਾ ਦਾ ਸਤਿਕਾਰ ਕਰਦੇ ਹੋਏ ਇਹ ਕੰਮ ਕਰ ਸਕਦੇ ਹਾਂ।”
ਇਹ ਸਿਸਟਮ ਸਟੋਰ ਵਿੱਚ ਦਾਖਲ ਹੋਣ ਵਾਲੇ ਹਰ ਵਿਅਕਤੀ ਦੀ ਤਸਵੀਰ ਸਕੈਨ ਕਰਦਾ ਹੈ ਅਤੇ ਉਸ ਦੀ ਤੁਲਨਾ ਪਹਿਲਾਂ ਤੋਂ ਤਿਆਰ ਕੀਤੀ ਗਈ ਜਾਣੇ-ਪਹਿਚਾਣੇ ਅਪਰਾਧੀਆਂ ਦੀ ਵਾਚਲਿਸਟ ਨਾਲ ਕਰਦਾ ਹੈ। ਜੇਕਰ ਕੋਈ ਸੰਭਾਵਿਤ ਮੇਲ ਮਿਲਦਾ ਹੈ ਤਾਂ ਦੋ ਤਰਬੀਅਤਯਾਫਤਾ ਕਰਮਚਾਰੀ ਉਸ ਦੀ ਜਾਂਚ ਕਰਦੇ ਹਨ ਅਤੇ ਲੋੜ ਪੈਣ ‘ਤੇ ਨਿਗਰਾਨੀ, ਪੁਲਿਸ ਨਾਲ ਸੰਪਰਕ ਜਾਂ ਵਿਅਕਤੀ ਨੂੰ ਸਟੋਰ ਛੱਡਣ ਲਈ ਕਹਿਣ ਵਰਗੇ ਕਦਮ ਚੁੱਕੇ ਜਾਂਦੇ ਹਨ। ਜੋ ਲੋਕ ਵਾਚਲਿਸਟ ਵਿੱਚ ਨਹੀਂ ਹੁੰਦੇ, ਉਨ੍ਹਾਂ ਦੀਆਂ ਤਸਵੀਰਾਂ ਤੁਰੰਤ ਮਿਟਾ ਦਿੱਤੀਆਂ ਜਾਂਦੀਆਂ ਹਨ।
ਟ੍ਰਾਇਲ ਦੌਰਾਨ 531 ਪੁਸ਼ਟੀਸ਼ੁਦਾ ਮੇਲ (matches) ਦਰਜ ਕੀਤੇ ਗਏ ਅਤੇ ਕਿਸੇ ਵੀ ਗਲਤ ਪਛਾਣ ਜਾਂ ਗਲਤ ਮੇਲ ਦਾ ਮਾਮਲਾ ਸਾਹਮਣੇ ਨਹੀਂ ਆਇਆ। ਸਟਾਫ਼ ਨੇ ਰਿਪੋਰਟ ਕੀਤਾ ਕਿ ਦੁਬਾਰਾ ਅਪਰਾਧ ਕਰਨ ਵਾਲੇ ਲੋਕ ਟ੍ਰਾਇਲ ਵਾਲੇ ਸਟੋਰਾਂ ਵਿੱਚ ਵਾਪਸ ਆਉਣ ਤੋਂ ਕਤਰਾ ਰਹੇ ਸਨ। ਧਮਕੀਭਰੇ ਅਤੇ ਹਾਨੀਕਾਰਕ ਵਿਹਾਰ ਦੀਆਂ ਘਟਨਾਵਾਂ ਵਿੱਚ ਵੀ ਕਮੀ ਆਈ, ਜਿਸ ਨਾਲ ਕਰਮਚਾਰੀਆਂ ਅਤੇ ਗਾਹਕਾਂ ਦੀ ਸੁਰੱਖਿਆ ਵਿੱਚ ਸੁਧਾਰ ਹੋਇਆ। ਕੰਪਨੀ ਨੇ ਦੱਸਿਆ ਕਿ ਹੋਰ ਸਟੋਰਾਂ ਨੇ ਵੀ ਇਸ ਤਕਨਾਲੋਜੀ ਵਿੱਚ ਦਿਲਚਸਪੀ ਦਿਖਾਈ ਹੈ, ਪਰ ਹਾਲੇ ਹੋਰ ਕਿਸੇ ਨਵੇਂ ਸਟੋਰ ਲਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ।
ਕਿਸੇ ਵੀ ਨਵੇਂ ਸਟੋਰ ਵਿੱਚ ਇਹ ਪ੍ਰਣਾਲੀ ਲਾਗੂ ਕਰਨ ਤੋਂ ਪਹਿਲਾਂ ਨਿੱਜਤਾ, ਕਾਨੂੰਨੀ ਅਤੇ ਜੋਖਮ ਸੰਬੰਧੀ ਮੁਲਾਂਕਣ ਕੀਤੇ ਜਾਣਗੇ। ਨਾਲ ਹੀ ਗਾਹਕਾਂ ਨੂੰ ਸੂਚਿਤ ਕਰਨ ਲਈ ਸਪਸ਼ਟ ਸਾਈਨਬੋਰਡ ਵੀ ਲਗਾਏ ਜਾਣਗੇ ਕਿ ਸਟੋਰ ਵਿੱਚ ਤਕਨਾਲੋਜੀ ਵਰਤੀ ਜਾ ਰਹੀ ਹੈ।
Foodstuffs South Island ਨੇ ਕਿਹਾ ਹੈ ਕਿ ਉਹ ਇਸ ਪ੍ਰਣਾਲੀ ਦੀ ਕਾਰਗੁਜ਼ਾਰੀ ‘ਤੇ ਨਿਗਰਾਨੀ ਜਾਰੀ ਰੱਖੇਗਾ ਅਤੇ ਆਪਣੀ ਵੈੱਬਸਾਈਟ ‘ਤੇ ਹਿੱਸਾ ਲੈਣ ਵਾਲੇ ਸਟੋਰਾਂ ਦੀ ਅਪਡੇਟ ਸੂਚੀ ਵੀ ਜਾਰੀ ਕਰਦਾ ਰਹੇਗਾ।



