Drink & Drive ਮਾਮਲੇ ਦੇ ਦੋਸ਼ੀ ਕਾਰੋਬਾਰੀ ਨੂੰ ਗੁਆਉਣਾ ਪਿਆ ਆਪਣਾ Firearm Licence

new zealandਆਕਲੈਂਡ (NZ Punjabi News) – ਲੋਅਰ ਨੌਰਥ ਆਈਲੈਂਡ ਵਿੱਚ ਕਈ ਕਾਰੋਬਾਰ ਚਲਾਉਣ ਵਾਲੇ ਇੱਕ ਕਾਰੋਬਾਰੀ ਦਾ ਹਥਿਆਰ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਉਸ ਨੂੰ ਹਥਿਆਰ ਰੱਖਣ ਲਈ “ਫਿਟ ਐਂਡ ਪ੍ਰਾਪਰ” ਵਿਅਕਤੀ ਨਾ ਮੰਨਦੇ ਹੋਏ ਇਹ ਫੈਸਲਾ ਲਿਆ। ਹਾਲ ਹੀ ਵਿੱਚ ਜਾਰੀ ਹੋਏ ਅਦਾਲਤੀ ਫੈਸਲੇ ਅਨੁਸਾਰ, ਕਾਰੋਬਾਰੀ ਵੱਲੋਂ ਪੁਲਿਸ ਦੇ ਇਸ ਫੈਸਲੇ ਖ਼ਿਲਾਫ਼ ਕੀਤੀ ਗਈ ਅਪੀਲ ਵੀ ਰੱਦ ਕਰ ਦਿੱਤੀ ਗਈ ਹੈ। ਮਾਮਲਾ ਹਾਈ ਕੋਰਟ ਵਿੱਚ ਹੋਣ ਅਤੇ ਨਾਮ ਗੁਪਤ ਰੱਖਣ ਦੀ ਅਰਜ਼ੀ ਕਾਰਨ ਉਸ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ।

ਫੈਸਲੇ ਵਿੱਚ ਦੱਸਿਆ ਗਿਆ ਹੈ ਕਿ ਹੁਣ ਤੱਕ ਉਸ ਵਿਅਕਤੀ ਨੇ ਡ੍ਰਿੰਕ-ਡਰਾਈਵਿੰਗ ਦੀਆਂ ਤਿੰਨ ਸਜ਼ਾਵਾਂ ਸਮੇਤ ਕਈ ਟ੍ਰੈਫਿਕ ਉਲੰਘਣਾਵਾਂ ਕੀਤੀਆਂ। ਉਸ ਨੂੰ ਤੇਜ਼ ਰਫ਼ਤਾਰ, ਮੋਬਾਈਲ ਫੋਨ ਵਰਤਦੇ ਹੋਏ ਗੱਡੀ ਚਲਾਉਣ ਅਤੇ ਹੋਰ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਲਈ ਵੀ ਕਈ ਵਾਰ ਜੁਰਮਾਨੇ ਹੋਏ। 2019 ਵਿੱਚ ਡ੍ਰਿੰਕ-ਡਰਾਈਵਿੰਗ ਦੀ ਸਜ਼ਾ ਤੋਂ ਬਾਅਦ ਪੁਲਿਸ ਨੇ ਉਸ ਨੂੰ ਚੇਤਾਵਨੀ ਦਿੱਤੀ ਸੀ ਕਿ ਭਵਿੱਖ ਵਿੱਚ ਹੋਰ ਉਲੰਘਣਾਵਾਂ ਉਸ ਦੇ ਹਥਿਆਰ ਲਾਇਸੈਂਸ ‘ਤੇ ਅਸਰ ਪਾ ਸਕਦੀਆਂ ਹਨ।

ਇਸ ਦੇ ਬਾਵਜੂਦ 2022 ਵਿੱਚ ਉਹ ਮੁੜ ਸ਼ਰਾਬ ਦੀ ਨਿਰਧਾਰਿਤ ਹੱਦ ਤੋਂ ਵੱਧ ਮਾਤਰਾ ਨਾਲ ਗੱਡੀ ਚਲਾਉਂਦਾ ਫੜਿਆ ਗਿਆ। ਜਨਵਰੀ 2024 ਵਿੱਚ ਉਸ ਨੂੰ ਮੁਅੱਤਲ ਲਾਇਸੈਂਸ ਨਾਲ ਗੱਡੀ ਚਲਾਉਣ ਦੌਰਾਨ ਵੀ ਰੋਕਿਆ ਗਿਆ। ਕੁਝ ਹਫ਼ਤਿਆਂ ਬਾਅਦ ਪੁਲਿਸ ਨੇ ਉਸ ਦੇ ਘਰ ਜਾ ਕੇ ਹਥਿਆਰ ਲਾਇਸੈਂਸ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਨੋਟਿਸ ਦਿੱਤਾ। ਇਸ ਦੌਰਾਨ ਅਧਿਕਾਰੀਆਂ ਨੇ 30 ਹਥਿਆਰ ਜ਼ਬਤ ਕੀਤੇ ਅਤੇ ਹਥਿਆਰਾਂ ਦੀ ਸਟੋਰੇਜ ਵਿੱਚ ਕਈ ਉਲੰਘਣਾਵਾਂ ਵੀ ਪਾਈਆਂ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਜ਼ਬਤ ਕੀਤੇ ਹਥਿਆਰਾਂ ਵਿੱਚੋਂ ਚਾਰ ਪਾਬੰਦੀਸ਼ੁਦਾ ਸ਼੍ਰੇਣੀ ਦੇ ਸਨ।

ਅਦਾਲਤ ਨੇ ਪੁਲਿਸ ਦੇ ਫੈਸਲੇ ਨੂੰ ਸਹੀ ਮੰਨਦੇ ਹੋਏ ਕਾਰੋਬਾਰੀ ਦੀ ਅਪੀਲ ਖਾਰਜ ਕਰ ਦਿੱਤੀ।

Share it :
error: Content is protected !!