
ਅੱਜ ਜਦੋਂ NZ Punjabi News ਆਪਣੇ ਦਸ ਸਾਲਾਂ ਦਾ ਸਫ਼ਰ ਪੂਰਾ ਕਰ ਰਿਹਾ ਹੈ, ਤਾਂ ਇਹ ਸਿਰਫ਼ ਇੱਕ ਵਰ੍ਹੇਗੰਢ ਨਹੀਂ ਸਗੋਂ ਇਹ ਇੱਕ ਅਜਿਹੀ ਯਾਤਰਾ ਦਾ ਮੀਲ ਪੱਥਰ ਹੈ ਜਿਸ ਦੀ ਨੀਂਹ ਇਮਾਨਦਾਰੀ , ਜ਼ਿੰਮੇਵਾਰੀ ਅਤੇ ਭਰੋਸੇ ਉੱਤੇ ਰੱਖੀ ਗਈ ਸੀ।
ਦਸ ਸਾਲ ਪਹਿਲਾਂ ਜਦੋਂ ਇਹ ਸਫ਼ਰ ਸ਼ੁਰੂ ਹੋਇਆ, ਉਸ ਵੇਲੇ ਸਾਡੇ ਸਾਹਮਣੇ ਇੱਕ ਸਪੱਸ਼ਟ ਮਕਸਦ ਸੀ ਕਿ ਨਿਊਜ਼ੀਲੈਂਡ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਇੱਕ ਅਜਿਹਾ ਮੰਚ ਦੇਣਾ ਜੋ ਉਨ੍ਹਾਂ ਦੀ ਆਵਾਜ਼ ਬਣ ਸਕੇ, ਉਨ੍ਹਾਂ ਦੇ ਵਿਚਾਰਾਂ ਨੂੰ ਪ੍ਰਗਟ ਕਰ ਸਕੇ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਸਮਾਜ ਅਤੇ ਸੰਸਥਾਵਾਂ ਤੱਕ ਪਹੁੰਚਾ ਸਕੇ। ਸਾਨੂੰ ਅਹਿਸਾਸ ਸੀ ਕਿ ਪਰਵਾਸੀ ਭਾਈਚਾਰੇ ਦੀਆਂ ਕਹਾਣੀਆਂ ਸਿਰਫ਼ ਅੰਕੜਿਆਂ ਜਾਂ ਖ਼ਬਰਾਂ ਵਿੱਚ ਨਹੀਂ ਸਮਾਉਂਦੀਆਂ ਸਗੋਂ ਉਹ ਸੰਘਰਸ਼, ਮਿਹਨਤ, ਸਫ਼ਲਤਾ ਅਤੇ ਪਹਿਚਾਣ ਦੀਆਂ ਜਿਊਂਦੀਆਂ ਦਾਸਤਾਨਾਂ ਹੁੰਦੀਆਂ ਹਨ।
ਇਨ੍ਹਾਂ ਦਸ ਸਾਲਾਂ ਦੌਰਾਨ ਅਸੀਂ ਇੱਕ ਗੱਲ ਨੂੰ ਹਮੇਸ਼ਾ ਆਪਣੇ ਕੰਮ ਦਾ ਧੁਰਾ ਬਣਾਇਆ ਕਿ ਪੱਤਰਕਾਰੀ ਦਾ ਮਕਸਦ ਲੋਕਾਂ ਨੂੰ ਉਹ ਦੱਸਣਾ ਨਹੀਂ ਜੋ ਉਹ ਸੁਣਨਾ ਚਾਹੁੰਦੇ ਹਨ, ਸਗੋਂ ਉਹ ਦੱਸਣਾ ਹੈ ਜੋ ਉਨ੍ਹਾਂ ਲਈ ਜਾਣਨਾ ਜ਼ਰੂਰੀ ਹੈ।
ਖ਼ਬਰਾਂ ਇਕੱਠੀਆਂ ਕਰਨਾ ਆਸਾਨ ਹੋ ਸਕਦਾ ਹੈ, ਪਰ ਸੱਚ ਨੂੰ ਨਿਰਪੱਖਤਾ, ਸੰਤੁਲਨ ਅਤੇ ਜ਼ਿੰਮੇਵਾਰੀ ਨਾਲ ਪੇਸ਼ ਕਰਨਾ ਹੀ ਅਸਲ ਪੱਤਰਕਾਰੀ ਹੈ। ਇਹੀ ਕਾਰਨ ਹੈ ਕਿ ਅਸੀਂ ਹਮੇਸ਼ਾ ਇਹ ਵਿਸ਼ਵਾਸ ਕੀਤਾ ਕਿ ਕਲਮ ਦੀ ਅਸਲ ਸ਼ਾਨ ਸੁਰਖ਼ੀਆਂ ਵਿੱਚ ਨਹੀਂ ਹੁੰਦੀ, ਸਗੋਂ ਉਸ ਭਰੋਸੇ ਵਿੱਚ ਹੁੰਦੀ ਹੈ ਜੋ ਲੋਕ ਉਸ ਦੇ ਸ਼ਬਦਾਂ ’ਤੇ ਕਰਦੇ ਹਨ।
ਅੱਜ ਦੇ ਡਿਜ਼ਿਟਲ ਯੁੱਗ ਵਿੱਚ, ਜਿੱਥੇ ਜਾਣਕਾਰੀ ਦੀ ਰਫ਼ਤਾਰ ਸੱਚਾਈ ਦੀ ਜਾਂਚ ਤੋਂ ਵੀ ਤੇਜ਼ ਹੋ ਗਈ ਹੈ, ਉੱਥੇ ਪੱਤਰਕਾਰਤਾ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਅਫ਼ਵਾਹਾਂ, ਅੱਧ-ਸੱਚ ਅਤੇ ਭਰਮਾਂ ਵਾਲੀ ਜਾਣਕਾਰੀ ਦੇ ਇਸ ਦੌਰ ਵਿੱਚ ਇੱਕ ਭਰੋਸੇਯੋਗ ਮੀਡੀਆ ਸੰਸਥਾ ਦੀ ਮਹੱਤਤਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਹੈ। ਇਸ ਲਈ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਕਿ ਹਰ ਖ਼ਬਰ ਤੱਥਾਂ ਦੀ ਕਸੌਟੀ ’ਤੇ ਖਰੀ ਉਤਰੇ ਅਤੇ ਹਰ ਵਿਚਾਰ ਸਮਾਜਿਕ ਜ਼ਿੰਮੇਵਾਰੀ ਨਾਲ ਜੁੜਿਆ ਹੋਵੇ।
NZ Punjabi News ਨੇ ਆਪਣੇ ਸਫ਼ਰ ਦੌਰਾਨ ਸਿਰਫ਼ ਘਟਨਾਵਾਂ ਨੂੰ ਦਰਜ ਨਹੀਂ ਕੀਤਾ ਬਲਕਿ ਇਸ ਨੇ ਇੱਕ ਭਾਈਚਾਰੇ ਦੇ ਵਿਕਾਸ, ਉਸ ਦੀਆਂ ਉਪਲਬਧੀਆਂ ਅਤੇ ਉਸ ਦੀਆਂ ਚੁਣੌਤੀਆਂ ਦਾ ਇਤਿਹਾਸ ਵੀ ਸੰਭਾਲਿਆ ਹੈ। ਸਾਡੇ ਪੰਨਿਆਂ ਉੱਤੇ ਸਿਰਫ਼ ਖ਼ਬਰਾਂ ਨਹੀਂ ਛਪੀਆਂ, ਸਗੋਂ ਉਹ ਚਿਹਰੇ ਵੀ ਉਭਰੇ ਜਿਨ੍ਹਾਂ ਨੇ ਨਿਊਜ਼ੀਲੈਂਡ ਦੀ ਧਰਤੀ ’ਤੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ। ਉਹ ਮੁੱਦੇ ਵੀ ਉਠੇ ਜੋ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਸਨ, ਅਤੇ ਉਹ ਆਵਾਜ਼ਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੂੰ ਅਕਸਰ ਅਣਸੁਣਿਆ ਕਰ ਦਿੱਤਾ ਜਾਂਦਾ ਹੈ।
ਇੱਕ ਅਖ਼ਬਾਰ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਪਾਠਕ ਹੁੰਦੇ ਹਨ। ਜੇ ਪਾਠਕਾਂ ਦਾ ਵਿਸ਼ਵਾਸ ਨਾ ਹੋਵੇ, ਤਾਂ ਸਭ ਤੋਂ ਆਧੁਨਿਕ ਪ੍ਰੈੱਸ, ਸਭ ਤੋਂ ਆਕਰਸ਼ਕ ਡਿਜ਼ਾਈਨ ਅਤੇ ਸਭ ਤੋਂ ਵੱਡੇ ਸਰੋਤ ਵੀ ਬੇਅਰਥ ਹੋ ਜਾਂਦੇ ਹਨ। ਇਸ ਲਈ ਇਹ ਦਸ ਸਾਲ ਸਾਡੀ ਨਹੀਂ, ਸਾਡੇ ਪਾਠਕਾਂ ਦੀ ਕਾਮਯਾਬੀ ਦੇ ਹਨ। ਇਹ ਉਹਨਾਂ ਲੋਕਾਂ ਦੀ ਕਾਮਯਾਬੀ ਹੈ ਜਿਨ੍ਹਾਂ ਸਾਡੇ ਪੇਪਰ ਨੂੰ ਪੜ੍ਹਿਆ, ਸਾਨੂੰ ਸਲਾਹ ਦਿੱਤੀ, ਸਾਡੀ ਆਲੋਚਨਾ ਕੀਤੀ, ਸਾਨੂੰ ਉਤਸ਼ਾਹਿਤ ਕੀਤਾ ਅਤੇ ਹਰ ਪੜਾਅ ’ਤੇ ਸਾਡੇ ਨਾਲ ਖੜ੍ਹੇ ਰਹੇ।
ਅਸੀਂਆਪਣੇ ਸਟਾਫ ,ਪੱਤਰਕਾਰਾਂ, ਅਤੇ ਸਹਿਯੋਗੀਆਂ ਦੇ ਵੀ ਰਿਣੀ ਹਾਂ, ਜਿਨ੍ਹਾਂ ਦੀ ਮਿਹਨਤ ਨੇ ਇਸ ਸੰਸਥਾ ਨੂੰ ਮਜ਼ਬੂਤੀ ਦਿੱਤੀ। ਪੱਤਰਕਾਰੀ ਕਦੇ ਵੀ ਇੱਕ ਵਿਅਕਤੀ ਦੀ ਉਪਲਬਧੀ ਨਹੀਂ ਹੁੰਦੀ ਸਗੋਂ ਇਹ ਇੱਕ ਸਾਂਝੇ ਸੁਪਨੇ ਅਤੇ ਸਾਂਝੀ ਵਚਨਬੱਧਤਾ ਦਾ ਨਤੀਜਾ ਹੁੰਦੀ ਹੈ।
ਦਸ ਸਾਲਾਂ ਦਾ ਇਹ ਸਫ਼ਰ ਸਾਨੂੰ ਸੰਤੁਸ਼ਟੀ ਤਾਂ ਦਿੰਦਾ ਹੈ, ਪਰ ਠਹਿਰਾਅ ਨਹੀਂ। ਅੱਜ ਜਦੋਂ ਅਸੀਂ ਇੱਕ ਨਵੇਂ ਅੰਗਰੇਜ਼ੀ ਪ੍ਰਕਾਸ਼ਨ ਦੀ ਸ਼ੁਰੂਆਤ ਕਰ ਰਹੇ ਹਾਂ, ਤਾਂ ਇਹ ਸਾਡੇ ਵਿਸਥਾਰ ਦਾ ਨਹੀਂ, ਸਗੋਂ ਸਾਡੀ ਜ਼ਿੰਮੇਵਾਰੀ ਦੇ ਵਧਣ ਦਾ ਸੰਕੇਤ ਹੈ। ਭਾਸ਼ਾ ਭਾਵੇਂ ਬਦਲੇ, ਪਰ ਸਾਡਾ ਮਕਸਦ ਨਹੀਂ ਬਦਲੇਗਾ—ਸੱਚ ਦੀ ਖੋਜ, ਲੋਕਾਂ ਦੀ ਆਵਾਜ਼ ਅਤੇ ਜਨ-ਹਿੱਤ ਦੀ ਪੱਤਰਕਾਰੀ ਹੀ ਸਾਡਾ ਮਕਸਦ ਸੀ ਤੇ ਰਹੋਗੀ।
ਇਤਿਹਾਸ ਗਵਾਹ ਹੈ ਕਿ ਸਮਾਜ ਦੀ ਤਰੱਕੀ ਸਿਰਫ਼ ਆਰਥਿਕ ਵਿਕਾਸ ਨਾਲ ਨਹੀਂ ਹੁੰਦੀ ਬਲਕਿ ਉਹ ਜਾਗਰੂਕ ਨਾਗਰਿਕਾਂ, ਮਜ਼ਬੂਤ ਸੰਸਥਾਵਾਂ ਅਤੇ ਆਜ਼ਾਦ ਪੱਤਰਕਾਰੀ ਨਾਲ ਹੁੰਦੀ ਹੈ। ਜੇ ਸਾਡੀ ਕਲਮ ਨੇ ਪਿਛਲੇ ਦਸ ਸਾਲਾਂ ਵਿੱਚ ਇਸ ਮਿਸ਼ਨ ਵਿੱਚ ਥੋੜ੍ਹਾ ਜਿਹਾ ਵੀ ਯੋਗਦਾਨ ਪਾਇਆ ਹੈ, ਤਾਂ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ।
ਅਸੀਂ ਅੱਗੇ ਵੀ ਇਹ ਵਚਨ ਦੁਹਰਾਉਂਦੇ ਹਾਂ ਕਿ ਸਾਡੀ ਕਲਮ ਕਿਸੇ ਦਬਾਅ, ਪੱਖਪਾਤ ਜਾਂ ਸਵਾਰਥ ਦੀ ਨਹੀਂ, ਸਗੋਂ ਸੱਚ, ਨਿਆਂ ਅਤੇ ਲੋਕ-ਹਿੱਤ ਦੀ ਸਾਥੀ ਰਹੇਗੀ।ਕਿਉਂਕਿ ਅਖ਼ਬਾਰਾਂ ਦੀ ਅਸਲ ਉਮਰ ਸਾਲਾਂ ਨਾਲ ਨਹੀਂ, ਸਗੋਂ ਲੋਕਾਂ ਦੇ ਦਿਲਾਂ ਵਿੱਚ ਬਣੇ ਭਰੋਸੇ ਨਾਲ ਮਾਪੀ ਜਾਂਦੀ ਹੈ।
ਮਨਜਿੰਦਰ ਸਿੰਘ ਬਾਸੀ
ਪ੍ਰਬੰਧਕ
NZ Punjabi News



