
ਲਕਸਨ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਮੈਂ ਤਾਂ ਬ੍ਰਾਇਨ ਤਮਾਕੀ ਦੀਆਂ ਗੱਲਾਂ ਸੁਣਦਾ ਹੀ ਨਹੀਂ।”
ਤਮਾਕੀ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਿੱਚ ਕਿਹਾ ਸੀ ਕਿ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਨਿਊਜ਼ੀਲੈਂਡ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਇਸ ਬਿਆਨ ਦੀ ਪਹਿਲਾਂ ਹੀ ਨਸਲੀ ਭਾਈਚਾਰਿਆਂ ਦੇ ਮੰਤਰੀ ਅਤੇ ਨਿਊਜ਼ੀਲੈਂਡ ਇਸਲਾਮਿਕ ਐਸੋਸੀਏਸ਼ਨ ਵੱਲੋਂ ਨਿੰਦਾ ਕੀਤੀ ਜਾ ਚੁੱਕੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਪਰਵਾਸੀ ਭਾਈਚਾਰੇ ਆਪਣੇ ਪਰਿਵਾਰਾਂ, ਭਾਸ਼ਾਵਾਂ ਅਤੇ ਸਮਾਜਾਂ ਨੂੰ ਪਿੱਛੇ ਛੱਡ ਕੇ ਇੱਥੇ ਇੱਕ ਬਿਹਤਰ ਭਵਿੱਖ ਦੀ ਆਸ ਨਾਲ ਆਉਂਦੇ ਹਨ ਅਤੇ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ, “ਸਾਡੇ ਪਰਵਾਸੀ ਕੀਵੀ ਬਹੁਤ ਮਿਹਨਤੀ ਹਨ। ਕਈ ਲੋਕ ਇੱਕ ਤੋਂ ਵੱਧ ਨੌਕਰੀਆਂ ਕਰਦੇ ਹਨ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।”
ਭਾਰਤ ਨਾਲ ਸੰਭਾਵੀ ਮੁਕਤ ਵਪਾਰ ਸਮਝੌਤੇ ਬਾਰੇ ਤਮਾਕੀ ਦੀਆਂ ਟਿੱਪਣੀਆਂ ‘ਤੇ ਵੀ ਲਕਸਨ ਨੇ ਕਿਹਾ ਕਿ ਇਸ ਚਰਚਾ ਵਿੱਚ ਤਮਾਕੀ ਦਾ ਕੋਈ ਲਾਭਦਾਇਕ ਯੋਗਦਾਨ ਨਹੀਂ ਹੈ। ਇਸੇ ਦੌਰਾਨ ਲੇਬਰ ਪਾਰਟੀ ਦੇ ਆਗੂ ਕ੍ਰਿਸ ਹਿਪਕਿਨਸ ਨੇ ਵੀ ਤਮਾਕੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਉਸਨੂੰ ਹੋਰ ਜ਼ਿਆਦਾ ਤਵੱਜੋ ਨਹੀਂ ਦੇਣਾ ਚਾਹੁੰਦੇ।



