ਨਿਊਜ਼ੀਲੈਂਡ ਵਾਸੀਆਂ ਦੇ ਘਰੇਲੂ ਬਜਟ ‘ਤੇ ਹੋਰ ਬੋਝ, ਇਸ ਸਰਦੀ ਦੌਰਾਨ ਬਿਜਲੀ ਦੇ ਬਿੱਲਾਂ ਵਿੱਚ ਔਸਤ 8% ਵਾਧਾ ਦਰਜ

ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਇਸ ਸਰਦੀਆਂ ਦੌਰਾਨ ਜ਼ਿਆਦਾਤਰ ਘਰਾਂ ਦੇ ਬਿਜਲੀ ਬਿੱਲਾਂ ਵਿੱਚ ਔਸਤਨ 8 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਪਿਛਲੇ ਸਾਲ ਹੋਏ 8 ਫੀਸਦੀ ਵਾਧੇ ਤੋਂ ਇਲਾਵਾ ਹੈ, ਜਿਸ ਕਾਰਨ ਪਰਿਵਾਰਾਂ ‘ਤੇ ਮਹਿੰਗਾਈ ਦਾ ਬੋਝ ਹੋਰ ਵੱਧ ਗਿਆ ਹੈ।

ਇਲੈਕਟ੍ਰਿਸਿਟੀ ਅਥਾਰਟੀ ਮੁਤਾਬਕ, ਬਿਜਲੀ ਦੀਆਂ ਕੀਮਤਾਂ ਵਧਣ ਦਾ ਸਭ ਤੋਂ ਵੱਡਾ ਕਾਰਨ ਨੈੱਟਵਰਕ ਖਰਚੇ ਅਤੇ ਥੋਕ ਬਿਜਲੀ ਸਪਲਾਈ ਦੀ ਕਮੀ ਹੈ। ਕੁੱਲ ਵਾਧੇ ਵਿੱਚੋਂ ਲਗਭਗ 40 ਤੋਂ 45 ਫੀਸਦੀ ਹਿੱਸਾ ਨੈੱਟਵਰਕ ਚਾਰਜਾਂ ਦਾ ਹੈ। ਬਿਜਲੀ ਰਿਟੇਲਰਾਂ ਅਤੇ ਜਨਰੇਟਰਾਂ ਦੀ ਐਸੋਸੀਏਸ਼ਨ ਦੀ ਮੁੱਖ ਕਾਰਜਕਾਰੀ ਬ੍ਰਿਜਿਟ ਐਬਰਨੇਥੀ ਨੇ ਕਿਹਾ ਕਿ ਗੈਸ ਦੀ ਘਾਟ ਅਤੇ ਹਾਈਡ੍ਰੋ ਬਿਜਲੀ ਉਤਪਾਦਨ ਲਈ ਅਨੁਕੂਲ ਹਾਲਾਤ ਨਾ ਹੋਣ ਕਾਰਨ ਥੋਕ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਕੰਪਨੀਆਂ ਵੱਲੋਂ ਕਮਾਇਆ ਜਾ ਰਿਹਾ ਮੁਨਾਫ਼ਾ ਨਵੇਂ ਬਿਜਲੀ ਉਤਪਾਦਨ ਪ੍ਰੋਜੈਕਟਾਂ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਲੰਬੇ ਸਮੇਂ ਵਿੱਚ ਬਿਜਲੀ ਦੀਆਂ ਕੀਮਤਾਂ ਨੂੰ ਸਥਿਰ ਕਰਨ ਵਿੱਚ ਮਦਦ ਮਿਲੇਗੀ।

ਨਿਵੇਸ਼ ਕੰਪਨੀ Forsyth Barr ਦੇ ਅਨੁਮਾਨ ਅਨੁਸਾਰ Meridian, Mercury, Contact ਅਤੇ Genesis ਮਿਲ ਕੇ ਦਸੰਬਰ 2026 ਤੱਕ ਦੇ ਛੇ ਮਹੀਨਿਆਂ ਵਿੱਚ ਕਰੀਬ 1.86 ਬਿਲੀਅਨ ਡਾਲਰ ਦੀ ਸੰਯੁਕਤ ਓਪਰੇਟਿੰਗ ਕਮਾਈ ਕਰ ਸਕਦੀਆਂ ਹਨ, ਜੋ 2024 ਦੀ ਇਸੇ ਮਿਆਦ ਦੇ 1.28 ਬਿਲੀਅਨ ਡਾਲਰ ਨਾਲੋਂ ਕਾਫ਼ੀ ਵੱਧ ਹੈ। ਐਬਰਨੇਥੀ ਨੇ ਮੰਨਿਆ ਕਿ ਸਰਦੀਆਂ ਦੌਰਾਨ ਘਰੇਲੂ ਪਰਿਵਾਰਾਂ ਅਤੇ ਕਾਰੋਬਾਰਾਂ ਲਈ ਵਧ ਰਹੇ ਊਰਜਾ ਖਰਚੇ ਵੱਡੀ ਚੁਣੌਤੀ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਬਿਜਲੀ ਕੰਪਨੀਆਂ ਦੀ ਪਹਿਲ ਲੋਕਾਂ ਨੂੰ ਸਰਦੀਆਂ ਦੌਰਾਨ ਭਰੋਸੇਯੋਗ ਸਪਲਾਈ ਮੁਹੱਈਆ ਕਰਵਾਉਣ ਦੇ ਨਾਲ-ਨਾਲ ਭਵਿੱਖ ਵਿੱਚ ਕੀਮਤਾਂ ਨੂੰ ਕਾਬੂ ਵਿੱਚ ਲਿਆਉਣ ਲਈ ਨਵੇਂ ਉਤਪਾਦਨ ਸਰੋਤਾਂ ਵਿੱਚ ਨਿਵੇਸ਼ ਕਰਨਾ ਹੈ।

Share it :
error: Content is protected !!