ਦੁਬਾਰਾ ਟੈਸਟ ਦੇਣ ਵਾਲੇ ਸੈਂਕੜੇ ਡਰਾਈਵਰਾਂ ਨੂੰ ਮਿਲੀ ਵੱਡੀ ਰਾਹਤ, ਸੜਕਾਂ ‘ਤੇ ਚਲਾ ਸਕਣਗੇ ਗੱਡੀਆਂ – NZTA

ਆਕਲੈਂਡ (NZ Punjabi News) – ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ (NZTA) ਨੇ ਸਪੱਸ਼ਟ ਕੀਤਾ ਹੈ ਕਿ ਡਰਾਈਵਿੰਗ ਟੈਸਟ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਮੁੜ ਡਰਾਈਵਿੰਗ ਟੈਸਟ ਦੇਣ ਲਈ ਕਿਹਾ ਗਿਆ ਲਗਭਗ 650 ਡਰਾਈਵਰਾਂ ਦੇ ਲਾਇਸੈਂਸ ਤੁਰੰਤ ਸਸਪੈਂਡ ਕਰਨ ਦਾ ਉਸ ਕੋਲ ਕਾਨੂੰਨੀ ਅਧਿਕਾਰ ਨਹੀਂ ਹੈ।

ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ NZTA ਨੇ ਅਸਧਾਰਨ ਟੈਸਟ ਨਤੀਜਿਆਂ ਦੀ ਜਾਂਚ ਤੋਂ ਬਾਅਦ 16 ਡਰਾਈਵਿੰਗ ਟੈਸਟ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਅਤੇ ਹੋਰ 7 ਅਧਿਕਾਰੀਆਂ ਨੂੰ ਟੈਸਟ ਲੈਣ ਦੇ ਕੰਮ ਤੋਂ ਹਟਾ ਦਿੱਤਾ। NZTA ਮੁਤਾਬਕ, ਇਸ ਹਫ਼ਤੇ ਤੋਂ ਪ੍ਰਭਾਵਿਤ ਡਰਾਈਵਰਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਨੋਟਿਸ ਜਾਰੀ ਹੋਣ ਤੋਂ 60 ਦਿਨਾਂ ਦੇ ਅੰਦਰ ਪੂਰਾ ਪ੍ਰੈਕਟੀਕਲ ਡਰਾਈਵਿੰਗ ਟੈਸਟ ਦੁਬਾਰਾ ਪਾਸ ਕਰਨਾ ਹੋਵੇਗਾ।

ਏਜੰਸੀ ਨੇ ਕਿਹਾ ਕਿ ਕੁਝ ਡਰਾਈਵਿੰਗ ਟੈਸਟ ਲੋੜੀਂਦੇ ਮਿਆਰ ਅਨੁਸਾਰ ਨਹੀਂ ਕਰਵਾਏ ਗਏ ਹੋ ਸਕਦੇ ਹਨ। ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਡਰਾਈਵਰ ਆਪਣੇ ਲਾਇਸੈਂਸ ਦੀ ਸ਼੍ਰੇਣੀ ਅਨੁਸਾਰ ਲੋੜੀਂਦੀ ਯੋਗਤਾ ਰੱਖਦੇ ਹਨ।

NZTA ਨੇ ਇਹ ਵੀ ਸਪੱਸ਼ਟ ਕੀਤਾ ਕਿ ਜਦ ਤੱਕ ਮੁੜ ਟੈਸਟ ਦਾ ਨਤੀਜਾ ਨਹੀਂ ਆ ਜਾਂਦਾ, ਪ੍ਰਭਾਵਿਤ ਡਰਾਈਵਰ ਕਾਨੂੰਨੀ ਤੌਰ ‘ਤੇ ਵਾਹਨ ਚਲਾ ਸਕਣਗੇ।

ਏਜੰਸੀ ਅਨੁਸਾਰ, ਮੌਜੂਦਾ ਕਾਨੂੰਨ ਤਹਿਤ ਲਾਇਸੈਂਸ ਸਿਰਫ਼ ਖ਼ਾਸ ਹਾਲਾਤਾਂ ਵਿੱਚ ਹੀ ਸਸਪੈਂਡ ਕੀਤਾ ਜਾ ਸਕਦਾ ਹੈ, ਜਿਵੇਂ:

ਡਾਕਟਰੀ ਕਾਰਨਾਂ ਕਰਕੇ,

ਡੀਮੇਰਿਟ ਅੰਕਾਂ ਦੀ ਨਿਰਧਾਰਤ ਹੱਦ ਪਾਰ ਹੋਣ ‘ਤੇ, ਜਾਂ ਅਦਾਲਤ ਜਾਂ ਕਾਨੂੰਨੀ ਹੁਕਮ ਤਹਿਤ।

NZTA ਦੇ ਡਾਇਰੈਕਟਰ ਆਫ਼ ਲੈਂਡ ਟਰਾਂਸਪੋਰਟ ਮਾਈਕ ਹਾਰਗ੍ਰੀਵਜ਼ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਕੀ ਕੁਝ ਡਰਾਈਵਿੰਗ ਟੈਸਟ ਅਧਿਕਾਰੀਆਂ ਨੇ ਰਿਸ਼ਵਤ ਲੈ ਕੇ ਉਮੀਦਵਾਰਾਂ ਨੂੰ ਪਾਸ ਕੀਤਾ ਜਾਂ ਆਪਸ ਵਿੱਚ ਮਿਲ ਕੇ ਗੜਬੜ ਕੀਤੀ।

ਉਨ੍ਹਾਂ ਕਿਹਾ ਕਿ ਲਗਭਗ 650 ਸ਼ੱਕੀ ਟੈਸਟਾਂ ਵਿੱਚੋਂ ਅੱਧੇ ਯਾਤਰੀ ਵਾਹਨਾਂ ਅਤੇ ਅੱਧੇ ਭਾਰੀ ਵਾਹਨਾਂ (ਕਲਾਸ 2 ਤੋਂ 5) ਨਾਲ ਸਬੰਧਤ ਹਨ। NZTA ਨੇ ਦੱਸਿਆ ਕਿ ਇਹ ਟੈਸਟ ਮੁੱਖ ਤੌਰ ‘ਤੇ ਆਕਲੈਂਡ ਵਿੱਚ ਹੋਏ, ਹਾਲਾਂਕਿ ਦੇਸ਼ ਦੇ ਹੋਰ ਇਲਾਕੇ ਵੀ ਜਾਂਚ ਦੇ ਘੇਰੇ ਵਿੱਚ ਹਨ।

ਪੁਲਿਸ ਵੀ ਇਸ ਜਾਂਚ ਵਿੱਚ ਸ਼ਾਮਲ ਹੈ ਅਤੇ NZTA ਨੇ ਕਿਹਾ ਹੈ ਕਿ ਫੌਜਦਾਰੀ ਦੋਸ਼ (Criminal Charges) ਵੀ ਲਗ ਸਕਦੇ ਹਨ। ਇਹ ਮਾਮਲਾ ਪਿਛਲੇ ਸਾਲ VTNZ ਦੇ ਹਾਈਬਰੁੱਕ (Highbrook) ਸ਼ਾਖਾ ਵਿੱਚ ਸਾਹਮਣੇ ਆਏ ਰਿਸ਼ਵਤਖੋਰੀ ਕਾਂਡ ਤੋਂ ਬਾਅਦ ਹੋਰ ਗੰਭੀਰ ਹੋ ਗਿਆ ਸੀ। ਉਸ ਮਾਮਲੇ ਵਿੱਚ ਦੋਸ਼ ਲੱਗੇ ਸਨ ਕਿ ਡਰਾਈਵਿੰਗ ਟੈਸਟ ਅਧਿਕਾਰੀ 2023 ਤੋਂ ਪੈਸੇ ਲੈ ਕੇ ਲੋਕਾਂ ਨੂੰ ਪ੍ਰੈਕਟੀਕਲ ਟੈਸਟ ਵਿੱਚ ਪਾਸ ਕਰ ਰਹੇ ਸਨ, ਜਿਸ ਤੋਂ ਬਾਅਦ 300 ਤੋਂ ਵੱਧ ਲੋਕਾਂ ਨੂੰ ਮੁੜ ਡਰਾਈਵਿੰਗ ਟੈਸਟ ਦੇਣਾ ਪਿਆ ਸੀ।

NZTA ਨੇ ਵਪਾਰਕ ਟਰਾਂਸਪੋਰਟ ਖੇਤਰ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਡਰਾਈਵਰ ਨੂੰ ਏਜੰਸੀ ਵੱਲੋਂ ਨੋਟਿਸ ਮਿਲੇ ਤਾਂ ਉਹ ਨਿਰਧਾਰਤ ਸਮੇਂ ਅੰਦਰ ਲਾਜ਼ਮੀ ਮੁੜ ਟੈਸਟ ਪੂਰਾ ਕਰੇ।

Share it :
error: Content is protected !!