16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਸੋਸ਼ਲ ਮੀਡੀਆ ‘ਤੇ ਪਾਬੰਦੀ ਦੀ ਥਾਂ, ਸਮਾਰਟ ਫੋਨਾਂ ‘ਤੇ ਲਾਇਆ ਜਾਇਆ ਬੈਨ – ਡੇਵਿਡ ਸੀਮੌਰ ਨੇ ਛੇੜੀ ਨਵੀਂ ਬਹਿਸ

 ਆਕਲੈਂਡ (NZ Punjabi News) – ACT ਪਾਰਟੀ ਦੇ ਆਗੂ ਡੇਵਿਡ ਸੀਮੌਰ ਨੇ ਕਿਹਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਦੀ ਬਜਾਏ ਸਮਾਰਟਫੋਨ ‘ਤੇ ਪਾਬੰਦੀ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਕਾਰੋਬਾਰੀ ਆਗੂਆਂ ਦੇ ਇਕ ਸਮਾਗਮ ਦੌਰਾਨ ਬੋਲਦਿਆਂ ਸੇਮੂਰ ਨੇ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਵਿੱਚ ਚਿੰਤਾ (Anxiety), ਡਿਪ੍ਰੈਸ਼ਨ ਅਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਸਮਾਰਟਫੋਨ ਦੇ ਵਧਦੇ ਇਸਤੇਮਾਲ ਨਾਲ ਵਧੀਆਂ ਹਨ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣਾ ਅਮਲੀ ਤੌਰ ‘ਤੇ ਮੁਸ਼ਕਲ ਹੈ, ਕਿਉਂਕਿ YouTube, WhatsApp, Discord, Reddit ਅਤੇ ਚੈਟ ਵਾਲੀਆਂ ਗੇਮਿੰਗ ਐਪਸ ਵਰਗੇ ਪਲੇਟਫਾਰਮਾਂ ਨੂੰ ਸਪੱਸ਼ਟ ਤੌਰ ‘ਤੇ ਸੋਸ਼ਲ ਮੀਡੀਆ ਵਜੋਂ ਪਰਿਭਾਸ਼ਿਤ ਕਰਨਾ ਆਸਾਨ ਨਹੀਂ। ਸੀਮੌਰ ਨੇ ਸੁਝਾਅ ਦਿੱਤਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਰਫ਼ ਬੇਸਿਕ ਜਾਂ “ਡੰਬ ਫੋਨ” ਵਰਤਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਨਾਲ ਉਹ ਕਾਲ ਅਤੇ ਆਮ ਸੰਪਰਕ ਤਾਂ ਕਰ ਸਕਣ, ਪਰ ਸੋਸ਼ਲ ਮੀਡੀਆ ਅਤੇ ਹੋਰ ਧਿਆਨ ਖਿੱਚਣ ਵਾਲੀਆਂ ਐਪਸ ਤੱਕ ਪਹੁੰਚ ਨਾ ਹੋਵੇ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ACT ਪਾਰਟੀ ਦੀ ਅਧਿਕਾਰਕ ਨੀਤੀ ਨਹੀਂ, ਸਗੋਂ ਸੋਸ਼ਲ ਮੀਡੀਆ ਪਾਬੰਦੀ ਦੇ ਇੱਕ ਬਦਲ ਵਜੋਂ ਚਰਚਾ ਲਈ ਪੇਸ਼ ਕੀਤਾ ਗਿਆ ਵਿਚਾਰ ਹੈ। ਸੀਮੌਰ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਮਾਪਿਆਂ, ਸਕੂਲਾਂ ਅਤੇ ਯੂਥ ਸੰਸਥਾਵਾਂ ਨੂੰ ਸਪੱਸ਼ਟ ਸਲਾਹ ਦੇ ਸਕਦੀ ਹੈ ਕਿ ਬੱਚਿਆਂ ਨੂੰ ਛੋਟੀ ਉਮਰ ਵਿੱਚ ਸਮਾਰਟਫੋਨ ਨਾ ਦਿੱਤੇ ਜਾਣ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਸੰਸਦ ਭਵਿੱਖ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਮਾਰਟਫੋਨ ਦੀ ਖਰੀਦ, ਸਪਲਾਈ ਅਤੇ ਰੱਖਣ ‘ਤੇ ਵੀ ਪਾਬੰਦੀ ਬਾਰੇ ਵਿਚਾਰ ਕਰ ਸਕਦੀ ਹੈ।

Share it :
error: Content is protected !!