ਨਿਊਜ਼ੀਲੈਂਡ ਦੇ ਨਵੇਂ ਰੈਜ਼ੀਡੈਂਸੀ ਵੀਜੇ ਭਾਰਤੀ ਵਰਕਰਾਂ ਲਈ ਬਣ ਸਕਦੇ ਨੇ ਵੱਡੀ ਦਿੱਕਤ: ਇਮੀਗ੍ਰੇਸ਼ਨ ਮਾਹਿਰ

ਆਕਲੈਂਡ (NZ Punjabi News) – ਨਿਊਜ਼ੀਲੈਂਡ ਸਰਕਾਰ 24 ਅਗਸਤ 2026 ਤੋਂ ਹੁਨਰਮੰਦ ਕਰਮਚਾਰੀਆਂ ਲਈ ਰੈਜ਼ੀਡੈਂਸੀ ਦੇ ਦੋ ਨਵੇਂ ਰਸਤੇ ਸ਼ੁਰੂ ਕਰ ਰਹੀ ਹੈ, ਪਰ ਇੱਕ ਸੀਨੀਅਰ ਇਮੀਗ੍ਰੇਸ਼ਨ ਵਕੀਲ ਦਾ ਕਹਿਣਾ ਹੈ ਕਿ ਇਨ੍ਹਾਂ ਨਵੇਂ ਨਿਯਮਾਂ ਦਾ ਸਭ ਤੋਂ ਵੱਧ ਅਸਰ ਭਾਰਤੀ ਪ੍ਰਵਾਸੀਆਂ ‘ਤੇ ਪੈ ਸਕਦਾ ਹੈ।

ਆਕਲੈਂਡ ਦੇ ਇਮੀਗ੍ਰੇਸ਼ਨ ਵਕੀਲ ਅਲਾਸਟੇਅਰ ਮੈਕਕਲਾਈਮੋਂਟ ਮੁਤਾਬਕ ਇਹ ਨਿਯਮ ਭਾਵੇਂ ਭਾਰਤੀਆਂ ਨੂੰ ਨਿਸ਼ਾਨਾ ਨਹੀਂ ਬਣਾਉਂਦੇ, ਪਰ ਜਿਨ੍ਹਾਂ ਪੇਸ਼ਿਆਂ ਵਿੱਚ ਜ਼ਿਆਦਾਤਰ ਭਾਰਤੀ ਕੰਮ ਕਰਦੇ ਹਨ, ਉਨ੍ਹਾਂ ਲਈ ਰੈਜ਼ੀਡੈਂਸੀ ਹਾਸਲ ਕਰਨਾ ਪਹਿਲਾਂ ਨਾਲੋਂ ਕਾਫ਼ੀ ਔਖਾ ਹੋ ਸਕਦਾ ਹੈ। 24 ਅਗਸਤ ਤੋਂ Skilled Migrant Category ਹੇਠ ਦੋ ਨਵੇਂ ਰਸਤੇ – Skilled Work Experience Pathway ਅਤੇ Trades and Technician Pathway – ਸ਼ੁਰੂ ਕੀਤੇ ਜਾ ਰਹੇ ਹਨ।

ਵਕੀਲ ਨੇ ਕਿਹਾ ਕਿ ਅਸਲ ਚਿੰਤਾ Amber List ਅਤੇ Red List ਨੂੰ ਲੈ ਕੇ ਹੈ। Amber List ਵਿੱਚ ਸ਼ਾਮਲ ਪੇਸ਼ਿਆਂ ਜਿਵੇਂ ਕਿ ਬੇਕਰ, ਸ਼ੈਫ, ਕੈਫੇ ਜਾਂ ਰੈਸਟੋਰੈਂਟ ਮੈਨੇਜਰ, ਆਫਿਸ ਮੈਨੇਜਰ, ਪੇਸਟਰੀ ਕੁੱਕ ਅਤੇ ਕੁਝ ICT ਸਪੋਰਟ ਅਹੁਦੇ ਲਈ ਰੈਜ਼ੀਡੈਂਸੀ ਦੀ ਅਰਜ਼ੀ ਦੇਣ ਵਾਲਿਆਂ ਨੂੰ ਆਮ ਤਨਖ਼ਾਹ ਸੀਮਾ ਨਾਲੋਂ 1.2 ਗੁਣਾ ਵੱਧ ਤਨਖ਼ਾਹ ਦਿਖਾਉਣੀ ਪਵੇਗੀ। ਉੱਥੇ ਹੀ Red List ਵਿੱਚ ਸ਼ਾਮਲ ਬਿਊਟੀ ਥੈਰਾਪਿਸਟ, ਹੇਅਰ ਡ੍ਰੈੱਸਰ ਅਤੇ ਰਿਟੇਲ ਮੈਨੇਜਰ ਵਰਗੇ ਪੇਸ਼ੇ ਨਵੇਂ Skilled Work Experience Pathway ਲਈ ਯੋਗ ਹੀ ਨਹੀਂ ਹੋਣਗੇ।

ਮੈਕਕਲਾਈਮੋਂਟ ਦਾ ਕਹਿਣਾ ਹੈ ਕਿ ਇਹ ਉਹੀ ਪੇਸ਼ੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀ ਕੰਮ ਕਰਦੇ ਹਨ, ਇਸ ਲਈ ਨਵੇਂ ਨਿਯਮਾਂ ਦਾ ਸਭ ਤੋਂ ਵੱਧ ਪ੍ਰਭਾਵ ਉਨ੍ਹਾਂ ‘ਤੇ ਪੈ ਸਕਦਾ ਹੈ। ਉਨ੍ਹਾਂ ਨੇ ਇੱਕ ਹੋਰ ਵਿਰੋਧਾਭਾਸ ਵੱਲ ਵੀ ਧਿਆਨ ਦਿਵਾਇਆ। ਉਨ੍ਹਾਂ ਮੁਤਾਬਕ Amber List ਵਾਲੇ ਬੇਕਰ ਵਰਗੇ ਪੇਸ਼ਿਆਂ ਲਈ ਰੈਜ਼ੀਡੈਂਸੀ ਹਾਸਲ ਕਰਨ ਵਾਸਤੇ ਉੱਚੀ ਤਨਖ਼ਾਹ ਲਾਜ਼ਮੀ ਹੈ, ਪਰ ਜੇਕਰ ਉਹੀ ਤਨਖ਼ਾਹ ਬਾਜ਼ਾਰ ਦਰ ਨਾਲੋਂ ਜ਼ਿਆਦਾ ਲੱਗੇ ਤਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੌਕਰੀ ਨੂੰ “ਗੈਰ-ਅਸਲੀ” ਮੰਨ ਕੇ ਅਰਜ਼ੀ ਰੱਦ ਵੀ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਅਜਿਹੀ ਸਥਿਤੀ ਬਣਦੀ ਹੈ ਜਿੱਥੇ ਰੈਜ਼ੀਡੈਂਸੀ ਦਾ ਰਸਤਾ ਤਾਂ ਦਿਖਾਇਆ ਜਾਂਦਾ ਹੈ, ਪਰ ਉਸ ਤੱਕ ਪਹੁੰਚਣਾ ਬਹੁਤ ਮੁਸ਼ਕਲ ਬਣਾ ਦਿੱਤਾ ਜਾਂਦਾ ਹੈ।

ਵਕੀਲ ਨੇ ਇਹ ਵੀ ਕਿਹਾ ਕਿ ਨਵੇਂ ਨਿਯਮਾਂ ਹੇਠ ਵਿਦੇਸ਼ੀ ਕੰਮ ਦੇ ਤਜ਼ਰਬੇ ਲਈ ਟੈਕਸ ਰਿਕਾਰਡ ਅਤੇ ਹੋਰ ਦਸਤਾਵੇਜ਼ ਲਾਜ਼ਮੀ ਹੋਣਗੇ। ਇਸ ਕਾਰਨ ਭਾਰਤ ਦੇ ਕਈ ਅਸਲ ਤਜਰਬੇਕਾਰ ਇਲੈਕਟ੍ਰੀਸ਼ਨ, ਪਲੰਬਰ, ਬਿਲਡਰ ਅਤੇ ਹੋਰ ਟਰੇਡ ਵਰਕਰ, ਜਿਨ੍ਹਾਂ ਕੋਲ ਪੂਰੇ ਟੈਕਸ ਰਿਕਾਰਡ ਨਹੀਂ ਹਨ, ਰੈਜ਼ੀਡੈਂਸੀ ਲਈ ਅਯੋਗ ਹੋ ਸਕਦੇ ਹਨ। ਉਨ੍ਹਾਂ ਪਰਿਵਾਰਕ ਕਾਰੋਬਾਰ ਵਿੱਚ ਮਿਲਣ ਵਾਲੀ ਨੌਕਰੀ ਨੂੰ ਵੀ ਮੁੱਦਾ ਬਣਾਉਣ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਿਰਫ਼ ਪਰਿਵਾਰਕ ਰਿਸ਼ਤਾ ਹੋਣ ਕਰਕੇ ਨੌਕਰੀ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ।

Share it :
error: Content is protected !!