ਨਿਊਜ਼ੀਲੈਂਡ ਸਰਕਾਰ ਡਿਜ਼ੀਟਲ ਡਰਾਈਵਿੰਗ ਲਾਇਸੈਂਸ ਲਿਆਉਣ ਦੀ ਤਿਆਰੀ ‘ਚ

new zealandਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਡਿਜ਼ੀਟਲ ਡਰਾਈਵਿੰਗ ਲਾਇਸੈਂਸ (Digital Driver’s Licence) ਲਾਗੂ ਕਰਨ ਦੀ ਯੋਜਨਾ ਨੂੰ ਲੈ ਕੇ NZ Transport Agency (NZTA) ਨੇ ਇਸ ਦੇ ਸੰਚਾਲਨ, ਸੁਰੱਖਿਆ ਅਤੇ ਤਸਦੀਕ ਪ੍ਰਕਿਰਿਆ ਨਾਲ ਸੰਬੰਧਿਤ ਵਿਸਥਾਰ ਜਾਰੀ ਕਰ ਦਿੱਤੇ ਹਨ। ਸਰਕਾਰ ਵੱਲੋਂ ਮਈ ਮਹੀਨੇ ਵਿੱਚ ਕਾਨੂੰਨ ਵਿੱਚ ਸੋਧ ਕਰਕੇ ਡਿਜ਼ੀਟਲ ਲਾਇਸੈਂਸ ਨੂੰ ਕਾਨੂੰਨੀ ਮਾਨਤਾ ਦੇਣ ਦਾ ਰਾਹ ਸਾਫ਼ ਕੀਤਾ ਗਿਆ ਸੀ ਅਤੇ ਹੁਣ NZTA ਇਸ ਪ੍ਰਸਤਾਵ ‘ਤੇ ਜਨਤਾ ਤੋਂ ਸੁਝਾਅ ਮੰਗ ਰਹੀ ਹੈ।

ਪ੍ਰਸਤਾਵ ਅਨੁਸਾਰ ਡਰਾਈਵਰ ਆਪਣੇ ਸਮਾਰਟਫੋਨ ਵਿੱਚ ਡਿਜ਼ੀਟਲ ਲਾਇਸੈਂਸ ਸੰਭਾਲ ਸਕਣਗੇ ਅਤੇ ਲੋੜ ਪੈਣ ‘ਤੇ ਪੁਲਿਸ, ਸਰਕਾਰੀ ਏਜੰਸੀਆਂ ਜਾਂ ਉਮਰ ਦੀ ਪੁਸ਼ਟੀ ਲਈ ਇਸ ਦੀ ਵਰਤੋਂ ਕਰ ਸਕਣਗੇ। ਇਹ ਲਾਇਸੈਂਸ ਮੌਜੂਦਾ ਫਿਜ਼ੀਕਲ ਲਾਇਸੈਂਸ ਵਾਂਗ ਹੀ ਜਾਣਕਾਰੀ ਰੱਖੇਗਾ, ਪਰ ਇਸ ਵਿੱਚ ਵਾਧੂ ਡਿਜ਼ੀਟਲ ਸੁਰੱਖਿਆ ਅਤੇ ਪਰਦੇਦਾਰੀ (Privacy) ਫੀਚਰ ਵੀ ਹੋਣਗੇ। ਲਾਇਸੈਂਸ ਦੀ ਜਾਣਕਾਰੀ ਫੋਨ ਵਿੱਚ ਹੀ ਸੁਰੱਖਿਅਤ ਰਹੇਗੀ, ਜਿਸ ਕਾਰਨ ਇਸ ਦੀ ਵਰਤੋਂ ਇੰਟਰਨੈੱਟ ਤੋਂ ਬਿਨਾਂ ਵੀ ਕੀਤੀ ਜਾ ਸਕੇਗੀ।

ਡਿਜ਼ੀਟਲ ਲਾਇਸੈਂਸ ਹਾਸਲ ਕਰਨ ਲਈ ਡਰਾਈਵਰ ਆਪਣੇ Apple Wallet ਜਾਂ Google Wallet ਵਿੱਚ ਇਸ ਨੂੰ ਸ਼ਾਮਲ ਕਰਨ ਦੀ ਬੇਨਤੀ ਕਰ ਸਕਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਮੌਜੂਦਾ ਫਿਜ਼ੀਕਲ ਲਾਇਸੈਂਸ ਸਕੈਨ ਕਰਨਾ ਹੋਵੇਗਾ ਅਤੇ ਚਿਹਰੇ ਦੀ ਪਛਾਣ (Likeness Test) ਪੂਰੀ ਕਰਨੀ ਹੋਵੇਗੀ। ਸਿਸਟਮ ਡਰਾਈਵਰ ਲਾਇਸੈਂਸ ਰਜਿਸਟਰ ਵਿੱਚ ਮੌਜੂਦ ਜਾਣਕਾਰੀ ਅਤੇ ਫੋਟੋ ਨਾਲ ਮਿਲਾਨ ਕਰੇਗਾ ਅਤੇ ਸਭ ਕੁਝ ਠੀਕ ਹੋਣ ‘ਤੇ ਇੱਕ ਸੁਰੱਖਿਅਤ ਡਿਜ਼ੀਟਲ ਟੋਕਨ ਉਨ੍ਹਾਂ ਦੇ ਡਿਜ਼ੀਟਲ ਵਾਲੇਟ ਵਿੱਚ ਜਾਰੀ ਕਰ ਦਿੱਤਾ ਜਾਵੇਗਾ।

ਜੇਕਰ ਕਿਸੇ ਵਾਹਨ ਨੂੰ ਪੁਲਿਸ ਵੱਲੋਂ ਰੋਕਿਆ ਜਾਂਦਾ ਹੈ, ਤਾਂ ਡਰਾਈਵਰ ਨੂੰ ਆਪਣਾ ਫੋਨ ਖੁਦ ਪੁਲਿਸ ਅਧਿਕਾਰੀ ਦੇ ਹੱਥ ਵਿੱਚ ਦੇਣ ਦੀ ਲੋੜ ਨਹੀਂ ਹੋਵੇਗੀ। ਅਧਿਕਾਰੀ QR ਕੋਡ ਜਾਂ ਸੰਪਰਕ ਰਹਿਤ (Contactless) ਤਕਨੀਕ ਰਾਹੀਂ ਲਾਇਸੈਂਸ ਦੀ ਤਸਦੀਕ ਕਰ ਸਕਣਗੇ। NZTA ਦਾ ਕਹਿਣਾ ਹੈ ਕਿ ਭਵਿੱਖ ਵਿੱਚ ਡਿਜ਼ੀਟਲ ਡਰਾਈਵਿੰਗ ਲਾਇਸੈਂਸ ਨੂੰ ਹੋਰ ਦੇਸ਼ਾਂ ਵਿੱਚ ਵੀ ਮਾਨਤਾ ਮਿਲਣ ਦੀ ਉਮੀਦ ਹੈ, ਜਿਸ ਦੀ ਸ਼ੁਰੂਆਤ ਸੰਭਾਵਤ ਤੌਰ ‘ਤੇ ਆਸਟ੍ਰੇਲੀਆ ਤੋਂ ਹੋ ਸਕਦੀ ਹੈ।

Share it :
error: Content is protected !!