ਨਿਊਜੀਲੈਂਡ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਇਰਾਨ ‘ਚੋਂ ਨਿਕਲਣ ਦੀ ਦਿੱਤੀ ਚੇਤਾਵਨੀ

ਆਕਲੈਂਡ (NZ Punjabi News) – ਮੱਧ ਪੂਰਬ ਵਿੱਚ ਵਧਦੇ ਸੈਨਿਕ ਤਣਾਅ ਦੇ ਮੱਦੇਨਜ਼ਰ ਨਿਊਜ਼ੀਲੈਂਡ ਸਰਕਾਰ ਨੇ ਇਰਾਨ ਵਿੱਚ ਮੌਜੂਦ ਆਪਣੇ ਨਾਗਰਿਕਾਂ ਨੂੰ ਜਿੰਨੀ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਸੰਭਵ ਹੋਵੇ, ਦੇਸ਼ ਛੱਡਣ ਦੀ ਅਪੀਲ ਕੀਤੀ ਹੈ। SafeTravel ਨੇ ਇਰਾਨ ਲਈ ਆਪਣੀ ਸਭ ਤੋਂ ਉੱਚੀ “Do Not Travel” ਚੇਤਾਵਨੀ ਬਰਕਰਾਰ ਰੱਖਦਿਆਂ ਕਿਹਾ ਹੈ ਕਿ ਹਾਲਾਤ ਕਿਸੇ ਵੀ ਵੇਲੇ ਹੋਰ ਵਿਗੜ ਸਕਦੇ ਹਨ।

ਸਰਕਾਰ ਨੇ ਕਿਹਾ ਹੈ ਕਿ ਇਰਾਨ ਦਾ ਹਵਾਈ ਖੇਤਰ ਬੰਦ ਹੈ ਅਤੇ ਵਪਾਰਕ ਉਡਾਣਾਂ ਮੁਅੱਤਲ ਹਨ। ਇਸ ਲਈ ਨਿਊਜ਼ੀਲੈਂਡ ਵਾਸੀਆਂ ਨੂੰ ਤੁਰਕੀ (Türkiye) ਜਾਂ ਅਰਮੀਨੀਆ ਰਾਹੀਂ ਜ਼ਮੀਨੀ ਸਰਹੱਦਾਂ ਤੋਂ ਬਾਹਰ ਨਿਕਲਣ ਬਾਰੇ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ। ਜਿਹੜੇ ਲੋਕ ਇਰਾਨ ਨਹੀਂ ਛੱਡ ਸਕਦੇ, ਉਨ੍ਹਾਂ ਨੂੰ ਸੁਰੱਖਿਅਤ ਥਾਂ ‘ਤੇ ਰਹਿਣ, ਖਾਣ-ਪੀਣ ਦਾ ਸਮਾਨ, ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਆਪਣੇ ਕੋਲ ਰੱਖਣ ਅਤੇ ਮਿਸਾਈਲ ਜਾਂ ਡਰੋਨ ਹਮਲਿਆਂ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਨਿਊਜ਼ੀਲੈਂਡ ਸਰਕਾਰ ਨੇ ਇਰਾਨ, ਇਰਾਕ, ਇਜ਼ਰਾਈਲ, ਲੇਬਨਾਨ, ਸੀਰੀਆ, ਯਮਨ ਅਤੇ ਫ਼ਲਸਤੀਨੀ ਖੇਤਰਾਂ ਦੀ ਯਾਤਰਾ ਤੋਂ ਵੀ ਬਚਣ ਦੀ ਸਲਾਹ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਰਾਨ ਵਿੱਚ ਨਿਊਜ਼ੀਲੈਂਡ ਦੂਤਾਵਾਸ ਮੁੜ ਖੁੱਲ੍ਹ ਗਿਆ ਹੈ, ਪਰ ਜੰਗੀ ਹਾਲਾਤਾਂ ਦੌਰਾਨ ਮਦਦ ਕਰਨ ਦੀ ਸਮਰੱਥਾ ਸੀਮਤ ਹੈ। ਇਸ ਦੌਰਾਨ ਅਮਰੀਕਾ ਅਤੇ ਇਰਾਨ ਵਿਚਕਾਰ ਵਧਦੇ ਤਣਾਅ ਨੇ ਪੂਰੇ ਮੱਧ ਪੂਰਬ ਦੀ ਸੁਰੱਖਿਆ ਅਤੇ ਵਿਸ਼ਵ ਅਰਥਵਿਵਸਥਾ ਨੂੰ ਲੈ ਕੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ।

Share it :
error: Content is protected !!