ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ 2025 ਦੌਰਾਨ 10,473 ਵਿਦਿਆਰਥੀ, ਯਾਨੀ ਸਕੂਲ ਛੱਡਣ ਵਾਲੇ ਹਰ 7 ਵਿੱਚੋਂ 1 (15%), ਬਿਨਾਂ NCEA ਜਾਂ ਕਿਸੇ ਹੋਰ ਮਾਨਤਾ ਪ੍ਰਾਪਤ ਯੋਗਤਾ ਦੇ ਸਕੂਲ ਛੱਡ ਗਏ। ਸਿੱਖਿਆ ਮੰਤਰਾਲੇ ਦੇ ਨਵੇਂ ਅੰਕੜਿਆਂ ਅਨੁਸਾਰ ਇਹ ਦਰ ਪਿਛਲੇ ਤਿੰਨ ਸਾਲਾਂ ਤੋਂ ਬਦਲਿਆ ਨਹੀਂ ਹੈ ਅਤੇ ਕੋਵਿਡ ਤੋਂ ਪਹਿਲਾਂ ਦੇ ਮੁਕਾਬਲੇ ਕਾਫ਼ੀ ਵੱਧ ਹੈ।
ਸਭ ਤੋਂ ਵੱਧ ਪ੍ਰਭਾਵ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪਿੱਛੜੇ ਇਲਾਕਿਆਂ ਦੇ ਸਕੂਲਾਂ ਵਿੱਚ ਦੇਖਿਆ ਗਿਆ, ਜਿੱਥੇ ਹਰ ਚਾਰ ਵਿੱਚੋਂ ਇੱਕ ਤੋਂ ਵੱਧ ਵਿਦਿਆਰਥੀ ਬਿਨਾਂ ਕਿਸੇ ਯੋਗਤਾ ਦੇ ਸਕੂਲ ਛੱਡ ਗਿਆ। ਹਾਲਾਂਕਿ ਉੱਚ ਪੱਧਰੀ ਯੋਗਤਾਵਾਂ ਵਿੱਚ ਕੁਝ ਸੁਧਾਰ ਵੀ ਦਰਜ ਕੀਤਾ ਗਿਆ। 78% ਵਿਦਿਆਰਥੀਆਂ ਨੇ ਘੱਟੋ-ਘੱਟ NCEA Level 2 ਅਤੇ 59% ਨੇ Level 3 ਜਾਂ ਇਸ ਤੋਂ ਉੱਚੀ ਯੋਗਤਾ ਹਾਸਲ ਕੀਤੀ। ਮਾਓਰੀ ਅਤੇ ਪੈਸਿਫਿਕ ਵਿਦਿਆਰਥੀਆਂ ਦੇ ਨਤੀਜਿਆਂ ਵਿੱਚ ਵੀ ਹਲਕਾ ਸੁਧਾਰ ਆਇਆ ਹੈ।
ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ 18% ਵਿਦਿਆਰਥੀ ਲਾਜ਼ਮੀ ਲਿਟਰੇਸੀ ਅਤੇ ਨਿਊਮਰੇਸੀ ਦੀਆਂ ਦੋਵੇਂ ਸ਼ਰਤਾਂ ਪੂਰੀਆਂ ਨਹੀਂ ਕਰ ਸਕੇ। 2024 ਤੋਂ NCEA ਹਾਸਲ ਕਰਨ ਲਈ ਇਹ ਦੋਵੇਂ ਮਾਪਦੰਡ ਪੂਰੇ ਕਰਨਾ ਲਾਜ਼ਮੀ ਹੈ, ਹਾਲਾਂਕਿ 2027 ਦੇ ਅੰਤ ਤੱਕ ਕੁਝ ਅੰਤਰਿਮ ਪ੍ਰਬੰਧ ਲਾਗੂ ਰਹਿਣਗੇ।



