ਵੈਲਿੰਗਟਨ (NZ Punjabi News) – ਨਿਊਜ਼ੀਲੈਂਡ ਦੇ ਸੀਨੀਅਰ ਬਾਲ ਰੋਗ ਸਰਜਨ ਡਾ. ਬ੍ਰੈਂਡਨ ਬੋਕੇਟ ਨੇ ਦਾਅਵਾ ਕੀਤਾ ਹੈ ਕਿ ਹੱਦ ਤੋਂ ਵੱਧ ਕੰਮ ਦੇ ਬੋਝ ਕਾਰਨ ਉਹ ਦੋ ਵਾਰ ਗੱਡੀ ਚਲਾਉਂਦੇ ਹੋਏ ਸੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ 2022 ਵਿੱਚ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ।
ਡਾ. ਬੋਕੇਟ ਨੇ 24 ਸਾਲ ਵੈਲਿੰਗਟਨ ਹਸਪਤਾਲ ਵਿੱਚ ਸੇਵਾ ਨਿਭਾਈ। ਉਨ੍ਹਾਂ ਦੱਸਿਆ ਕਿ ਪਾਲਮਰਸਟਨ ਨਾਰਥ ਵਿੱਚ ਆਊਟਰੀਚ ਕਲੀਨਿਕ ਤੋਂ ਵਾਪਸੀ ਦੌਰਾਨ ਉਹ ਦੋ ਵਾਰ ਥਕਾਵਟ ਕਾਰਨ ਡਰਾਈਵਿੰਗ ਕਰਦੇ-ਕਰਦੇ ਸੋ ਗਏ। ਖੁਸ਼ਕਿਸਮਤੀ ਨਾਲ ਦੋਵੇਂ ਵਾਰ ਕੋਈ ਹਾਦਸਾ ਨਹੀਂ ਵਾਪਰਿਆ।
ਉਨ੍ਹਾਂ ਕਿਹਾ ਕਿ ਪਹਿਲੀ ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ ਸਰਜਨਾਂ ਦੀ ਗਿਣਤੀ ਤਿੰਨ ਤੋਂ ਚਾਰ ਕੀਤੀ ਗਈ, ਪਰ ਕੰਮ ਦਾ ਬੋਝ ਫਿਰ ਵੀ ਖ਼ਤਰਨਾਕ ਤੌਰ ‘ਤੇ ਵੱਧ ਰਿਹਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇੱਕ ਹੋਰ ਥੱਕਿਆ ਹੋਇਆ ਸਰਜਨ ਵੀ ਡਿਊਟੀ ਤੋਂ ਬਾਅਦ ਗੱਡੀ ਚਲਾਉਂਦੇ ਸਮੇਂ ਸੁੱਤ ਗਿਆ ਸੀ।
ਡਾ. ਬੋਕੇਟ ਨੇ ਨਿਊਜ਼ੀਲੈਂਡ ਦੀ ਸਿਹਤ ਪ੍ਰਣਾਲੀ ਵਿੱਚ ਸਟਾਫ਼ ਦੀ ਘਾਟ ਨੂੰ “ਵੱਡਾ ਘਪਲਾ” ਕਰਾਰ ਦਿੰਦਿਆਂ ਕਿਹਾ ਕਿ ਸਰਜਨਾਂ ਦੀ ਗਿਣਤੀ ਪੰਜ ਕਰਨ ਦਾ ਵਾਅਦਾ ਕਦੇ ਪੂਰਾ ਨਹੀਂ ਹੋਇਆ। ਉਨ੍ਹਾਂ ਦੇ ਅਨੁਸਾਰ, ਇਸ ਤਰ੍ਹਾਂ ਦਾ ਕੰਮ ਦਾ ਦਬਾਅ ਡਾਕਟਰਾਂ ਅਤੇ ਮਰੀਜ਼ਾਂ ਦੋਵਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ।



