
MetService ਦੇ ਮੌਸਮ ਵਿਗਿਆਨੀ ਬ੍ਰੇਡਨ ਵਾਈਟ ਨੇ ਦੱਸਿਆ ਕਿ ਸਵੇਰੇ 6 ਵਜੇ ਆਓਰਾਕੀ/ਮਾਊਂਟ ਕੂਕ ਵਿੱਚ ਤਾਪਮਾਨ -9°C ਸੀ, ਜੋ ਬਾਅਦ ਵਿੱਚ ਹੌਲੀ-ਹੌਲੀ ਵੱਧ ਕੇ -8°C ਹੋ ਗਿਆ। ਕੜਾਕੇ ਦੀ ਠੰਢ ਦਾ ਅਸਰ ਮੈਕੈਂਜ਼ੀ ਬੇਸਿਨ ਤੋਂ ਬਾਹਰ ਵੀ ਦੇਖਣ ਨੂੰ ਮਿਲਿਆ। ਅਲੈਕਜ਼ੈਂਡਰਾ ਵਿੱਚ -6°C, ਵਾਨਾਕਾ ਅਤੇ ਬਲੇਨਹੀਮ ਵਿੱਚ -5°C, ਜਦਕਿ ਕੁਈਨਸਟਾਊਨ ਵਿੱਚ -4°C ਤਾਪਮਾਨ ਦਰਜ ਕੀਤਾ ਗਿਆ।
ਉੱਤਰੀ ਟਾਪੂ ਵਿੱਚ ਵਾਈਓਰੂ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਪਾਰਾ -4°C ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਤਾਊਮਾਰੂਨੂਈ ਵਿੱਚ -2.8°C ਅਤੇ ਰੋਟੋਰੂਆ ਵਿੱਚ -2.7°C ਤਾਪਮਾਨ ਦਰਜ ਕੀਤਾ ਗਿਆ। ਮੁੱਖ ਸ਼ਹਿਰਾਂ ਵਿੱਚ ਤਾਪਮਾਨ ਕੁਝ ਬਿਹਤਰ ਰਿਹਾ। ਕ੍ਰਾਈਸਟਚਰਚ ਅਤੇ ਵੈਲਿੰਗਟਨ ਵਿੱਚ ਕਰੀਬ 3°C, ਜਦਕਿ ਆਕਲੈਂਡ ਵਿੱਚ 3 ਤੋਂ 4°C ਤਾਪਮਾਨ ਰਿਹਾ।
ਮੌਸਮ ਵਿਭਾਗ ਅਨੁਸਾਰ ਟਵਾਈਜ਼ਲ ਅਤੇ ਬਲੇਨਹੀਮ ਲਈ ਇਹ ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਸਵੇਰ ਰਹੀ ਹੈ। ਹਾਲਾਂਕਿ ਕੁਈਨਸਟਾਊਨ, ਵਾਨਾਕਾ, ਵੈਲਿੰਗਟਨ ਅਤੇ ਡੁਨੀਡਿਨ ਵਿੱਚ ਇਸ ਤੋਂ ਵੀ ਘੱਟ ਤਾਪਮਾਨ ਇਸ ਸਾਲ ਪਹਿਲਾਂ ਦਰਜ ਹੋ ਚੁੱਕਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਵੇਂ ਇਹ ਜ਼ਿਆਦਾਤਰ ਇਲਾਕਿਆਂ ਲਈ ਸਾਲ ਦਾ ਸਭ ਤੋਂ ਠੰਢਾ ਦਿਨ ਨਹੀਂ ਸੀ, ਪਰ ਤਾਪਮਾਨ ਉਸਦੇ ਕਾਫ਼ੀ ਨੇੜੇ ਪਹੁੰਚ ਗਿਆ ਹੈ।



