
RNZ ਦੀ ਰਿਸਰਚ ਮੁਤਾਬਕ, ਇਸ ਵੇਲੇ ਦੇਸ਼ ਭਰ ਵਿੱਚ ਨਕਦ ਪ੍ਰਾਪਤ ਕਰਨ ਲਈ ਸਿਰਫ਼ 1,000 ਤੋਂ ਕੁਝ ਵੱਧ ਐਕਸੈੱਸ ਪੁਆਇੰਟ ਹਨ, ਜਿੱਥੇ ਇੱਕ ਜਾਂ ਇੱਕ ਤੋਂ ਵੱਧ ATM ਮਸ਼ੀਨਾਂ ਹੋ ਸਕਦੀਆਂ ਹਨ। ਨਿਊਜ਼ੀਲੈਂਡ ਵਿੱਚ ਮੌਜੂਦ 3,000 ਤੋਂ ਕੁਝ ਵੱਧ ATMs ਵਿੱਚੋਂ ਲਗਭਗ ਅੱਧੇ ਗੈਰ-ਬੈਂਕ ਪ੍ਰਦਾਤਾਵਾਂ ਦੀ ਮਲਕੀਅਤ ਹਨ।
ਸਥਿਤੀ ਕੁਝ ਇਲਾਕਿਆਂ ਵਿੱਚ ਖਾਸ ਤੌਰ ‘ਤੇ ਮੁਸ਼ਕਲ ਹੈ। ਗ੍ਰੇਟ ਬੈਰੀਅਰ ਆਇਲੈਂਡ, ਹਾਸਟ, ਟੁਆਟਾਪੇਰੇ, ਓਮਾਰਾਮਾ ਅਤੇ ਮਿਲਫੋਰਡ ਸਾਊਂਡ ਦੇ ਵਸਨੀਕਾਂ ਨੂੰ ATM ਤੱਕ ਪਹੁੰਚਣ ਲਈ ਕਾਫ਼ੀ ਦੂਰ ਜਾਣਾ ਪੈਂਦਾ ਹੈ।
ਹਾਸਟ ਦੇ ਲੋਕਾਂ ਨੂੰ ਨਕਦ ਕੱਢਣ ਲਈ ਲਗਭਗ 144 ਕਿਲੋਮੀਟਰ ਤੱਕ ਦਾ ਸਫ਼ਰ ਕਰਨਾ ਪੈ ਸਕਦਾ ਹੈ। ਓਮਾਰਾਮਾ ਤੋਂ ਸਭ ਤੋਂ ਨੇੜਲੇ ATM ਲਈ ਟਵਿਜ਼ਲ ਤੱਕ ਕਰੀਬ 30 ਕਿਲੋਮੀਟਰ, ਜਦਕਿ ਟੁਆਟਾਪੇਰੇ ਤੋਂ ਲਗਭਗ 48 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ।
ਹਾਸਟ ਦੇ ਇੱਕ ਸਥਾਨਕ ਬਾਰ ਅਤੇ ਰੈਸਟੋਰੈਂਟ ਦੇ ਕਰਮਚਾਰੀ ਨੇ ਕਿਹਾ ਕਿ ਲੋੜ ਪੈਣ ‘ਤੇ ਲੋਕ ਸਥਾਨਕ ਦੁਕਾਨ ਜਾਂ ਗੈਸ ਸਟੇਸ਼ਨ ਤੋਂ ਨਕਦ ਪ੍ਰਾਪਤ ਕਰ ਲੈਂਦੇ ਹਨ ਅਤੇ ਇਲਾਕੇ ਦੇ ਲੋਕ ਬਿਨਾਂ ATM ਦੇ ਵੀ ਆਪਣਾ ਕੰਮ ਚਲਾ ਰਹੇ ਹਨ।
ਹਾਲਾਂਕਿ, ਕੁਝ ਲੋਕਾਂ ਦਾ ਮੰਨਣਾ ਹੈ ਕਿ ਛੋਟੇ ਅਤੇ ਦੂਰ-ਦਰਾਜ਼ ਕਸਬਿਆਂ ਵਿੱਚ ATM ਲਗਾਉਣ ਨਾਲ ਸੁਰੱਖਿਆ ਸੰਬੰਧੀ ਖਤਰੇ ਵੀ ਵੱਧ ਸਕਦੇ ਹਨ। ATM ਨੂੰ ਨਕਦ ਨਾਲ ਭਰਨਾ ਅਤੇ ਉਸ ਦੀ ਸੁਰੱਖਿਆ ਯਕੀਨੀ ਬਣਾਉਣਾ ਮਹਿੰਗਾ ਪੈਂਦਾ ਹੈ।
ਦੇਸ਼ ਭਰ ਵਿੱਚ ਲਗਭਗ 7 ਲੱਖ 25 ਹਜ਼ਾਰ ਲੋਕ ਆਪਣੇ ਸਭ ਤੋਂ ਨੇੜਲੇ ATM ਤੋਂ ਘੱਟੋ-ਘੱਟ 5 ਕਿਲੋਮੀਟਰ ਦੂਰ ਰਹਿੰਦੇ ਹਨ। ਇਸ ਤੋਂ ਇਲਾਵਾ 3 ਲੱਖ 72 ਹਜ਼ਾਰ ਤੋਂ ਵੱਧ ਲੋਕਾਂ ਨੂੰ 10 ਕਿਲੋਮੀਟਰ ਤੋਂ ਜ਼ਿਆਦਾ, ਜਦਕਿ 2 ਲੱਖ ਤੋਂ ਵੱਧ ਲੋਕਾਂ ਨੂੰ 15 ਕਿਲੋਮੀਟਰ ਤੋਂ ਵੀ ਵੱਧ ਦੂਰੀ ਤੈਅ ਕਰਨੀ ਪੈਂਦੀ ਹੈ। ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ATM ਤੱਕ ਪਹੁੰਚਣ ਲਈ 75 ਕਿਲੋਮੀਟਰ ਤੋਂ ਵੱਧ ਦੂਰ ਜਾਣਾ ਪੈਂਦਾ ਹੈ।
ਨਿਊਜ਼ੀਲੈਂਡ ਬੈਂਕਿੰਗ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਰੋਜਰ ਬੋਮੋਂਟ ਨੇ ਕਿਹਾ ਕਿ ਬੈਂਕ ATM ਦੀ ਸਥਿਤੀ ਤੈਅ ਕਰਦੇ ਸਮੇਂ ਗਾਹਕਾਂ ਦੀ ਮੰਗ ਅਤੇ ਦੂਰ-ਦਰਾਜ਼ ਇਲਾਕਿਆਂ ਤੱਕ ਨਕਦ ਪਹੁੰਚਾਉਣ ਦੀ ਵਿਵਹਾਰਕਤਾ ਸਮੇਤ ਕਈ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹਨ।
ਇਸ ਦੌਰਾਨ ਰਿਜ਼ਰਵ ਬੈਂਕ ਆਫ਼ ਨਿਊਜ਼ੀਲੈਂਡ ਵੀ ਦੇਸ਼ ਵਿੱਚ ਨਕਦ ਸੇਵਾਵਾਂ ਦੇ ਭਵਿੱਖ ਨੂੰ ਲੈ ਕੇ ਵਿਚਾਰ ਕਰ ਰਿਹਾ ਹੈ। ਉਸਦਾ ਟੀਚਾ ਹੈ ਕਿ ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲੇ 95 ਫੀਸਦੀ ਲੋਕਾਂ ਨੂੰ ਪੈਦਲ ਪਹੁੰਚ ਵਾਲੀ ਦੂਰੀ ਵਿੱਚ ਮੁਫ਼ਤ ਨਕਦ ਕੱਢਣ ਦੀ ਸਹੂਲਤ ਉਪਲਬਧ ਹੋਵੇ।



