ਨਿਊਜ਼ੀਲੈਂਡ ਵਿੱਚ ਨੌਜਵਾਨਾਂ ਦੀ ਸਕ੍ਰੀਨ, ਗੇਮਿੰਗ ਅਤੇ ਆਨਲਾਈਨ ਗਤੀਵਿਧੀਆਂ ਦੀ ਆਦਤ ਛੁਡਵਾਉਣ ਲਈ ਖੁੱਲਿਆ ਪਹਿਲਾ ਵਿਸ਼ੇਸ਼ ਸੈਂਟਰ

 ਆਕਲੈਂਡ (NZ Punjabi news): ਨਿਊਜ਼ੀਲੈਂਡ ਵਿੱਚ ਨੌਜਵਾਨਾਂ ਦੀ ਸਕ੍ਰੀਨ, ਗੇਮਿੰਗ ਅਤੇ ਆਨਲਾਈਨ ਗਤੀਵਿਧੀਆਂ ਦੀ ਲਤ ਨਾਲ ਨਜਿੱਠਣ ਲਈ ਦੇਸ਼ ਦਾ ਪਹਿਲਾ ਵਿਸ਼ੇਸ਼ ਕੇਂਦਰ ਖੁੱਲ੍ਹ ਗਿਆ ਹੈ। Touch Grass ਨਾਮ ਦੇ ਇਸ ਕੇਂਦਰ ਵਿੱਚ 13 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।

ਮਾਹਿਰਾਂ ਮੁਤਾਬਕ ਕੁਝ ਨੌਜਵਾਨ ਦਿਨ ਵਿੱਚ 12 ਘੰਟਿਆਂ ਤੋਂ ਵੀ ਵੱਧ ਸਮਾਂ ਫੋਨ, ਕੰਪਿਊਟਰ ਜਾਂ ਹੋਰ ਡਿਵਾਈਸਾਂ ‘ਤੇ ਬਿਤਾ ਰਹੇ ਹਨ। ਇਸ ਦਾ ਅਸਰ ਉਨ੍ਹਾਂ ਦੀ ਪੜ੍ਹਾਈ, ਨੀਂਦ, ਸਿਹਤ ਅਤੇ ਪਰਿਵਾਰਕ ਤੇ ਦੋਸਤਾਂ ਨਾਲ ਸਬੰਧਾਂ ‘ਤੇ ਪੈ ਸਕਦਾ ਹੈ।

Touch Grass ਦੀ ਕਲੀਨੀਕਲ ਲੀਡ Frances Russell ਮੁਤਾਬਕ ਲਗਭਗ 22 ਫੀਸਦੀ ਨੌਜਵਾਨ ਕੀਵੀ ਸਮੱਸਿਆ ਵਾਲੀ ਸਕ੍ਰੀਨ ਵਰਤੋਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।

ਉਨ੍ਹਾਂ ਦੱਸਿਆ ਕਿ ਜਦੋਂ ਫੋਨ ਜਾਂ ਗੇਮਿੰਗ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਕਈ ਹਿੱਸਿਆਂ ‘ਤੇ ਅਸਰ ਪਾਉਣ ਲੱਗੇ, ਉਹ ਲੋਕਾਂ ਤੋਂ ਦੂਰ ਰਹਿਣ ਲੱਗੇ ਜਾਂ ਨੀਂਦ ਖਰਾਬ ਹੋਣ ਲੱਗੇ ਤਾਂ ਇਹ ਗੰਭੀਰ ਸਮੱਸਿਆ ਦੇ ਸੰਕੇਤ ਹੋ ਸਕਦੇ ਹਨ।

ਆਪਣੇ ਤਜਰਬੇ ਬਾਰੇ ਗੱਲ ਕਰਦਿਆਂ Touch Grass ਦੀ ਯੂਥ ਵਰਕਰ Jennifer Thonrithi ਨੇ ਦੱਸਿਆ ਕਿ ਬਚਪਨ ਵਿੱਚ foster care ਵਿੱਚ ਰਹਿਣ ਦੌਰਾਨ ਆਨਲਾਈਨ ਦੁਨੀਆ ਉਸ ਲਈ ਇੱਕ ਸਹਾਰਾ ਬਣ ਗਈ ਸੀ। ਹੌਲੀ-ਹੌਲੀ ਉਸ ਦੀ ਸਕ੍ਰੀਨ ‘ਤੇ ਨਿਰਭਰਤਾ ਇੰਨੀ ਵਧ ਗਈ ਕਿ ਉਹ ਰਾਤ ਭਰ ਆਨਲਾਈਨ ਰਹਿੰਦੀ ਅਤੇ ਆਪਣੀਆਂ ਕਲਾਸਾਂ ਤੱਕ ਛੱਡਣ ਲੱਗ ਪਈ।

ਹੁਣ ਉਹ ਖੁਦ ਅਜਿਹੇ ਨੌਜਵਾਨਾਂ ਦੀ ਮਦਦ ਕਰ ਰਹੀ ਹੈ ਜੋ ਸਕ੍ਰੀਨ ਦੀ ਜ਼ਿਆਦਾ ਵਰਤੋਂ ਨਾਲ ਜੂਝ ਰਹੇ ਹਨ।

ਸਕ੍ਰੀਨ ਦੀ ਜ਼ਿਆਦਾ ਵਰਤੋਂ ਦਾ ਅਸਰ ਸਕੂਲਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। Pakuranga ਦੇ Riverina Primary School ਵਿੱਚ ਪਿਛਲੇ ਇੱਕ ਸਾਲ ਤੋਂ ਛੋਟੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ device-free learning ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਕੂਲ ਦੇ ਪ੍ਰਿੰਸੀਪਲ Bryce Mills ਮੁਤਾਬਕ ਮਾਪਿਆਂ ਨੇ ਦੱਸਿਆ ਸੀ ਕਿ ਕਈ ਬੱਚੇ ਘਰ ਪਹੁੰਚਣ ਤੋਂ ਬਾਅਦ ਲਗਾਤਾਰ ਡਿਵਾਈਸਾਂ ਨਾਲ ਜੁੜੇ ਰਹਿੰਦੇ ਸਨ।

ਸਕੂਲ ਵਿੱਚ ਕੀਤੀ ਇਸ ਕੋਸ਼ਿਸ਼ ਨਾਲ ਬੱਚਿਆਂ ਦੀ ਭਾਸ਼ਾ ਦੀ ਸਮਰੱਥਾ ਵਿੱਚ ਸੁਧਾਰ, ਧਿਆਨ ਭਟਕਣ ਵਿੱਚ ਕਮੀ ਅਤੇ ਪੜ੍ਹਾਈ ਵਿੱਚ ਬਿਹਤਰੀ ਦੇਖਣ ਨੂੰ ਮਿਲੀ ਹੈ।

ਕੁਝ ਵੱਡੀ ਉਮਰ ਦੇ ਨੌਜਵਾਨਾਂ ਵਿੱਚ ਸਕ੍ਰੀਨ ਅਤੇ ਗੇਮਿੰਗ ਦੀ ਸਮੱਸਿਆ ਦੇ ਨਾਲ ਆਨਲਾਈਨ ਜੂਏ ਦੀ ਆਦਤ ਵੀ ਜੁੜੀ ਹੋਈ ਹੈ। ਗੇਮਾਂ ਵਿੱਚ loot boxes, rewards ਅਤੇ sports betting ਵਰਗੀਆਂ ਚੀਜ਼ਾਂ ਨੌਜਵਾਨਾਂ ਨੂੰ ਆਨਲਾਈਨ ਜੂਏ ਵੱਲ ਖਿੱਚ ਸਕਦੀਆਂ ਹਨ।

Touch Grass ਨੂੰ Problem Gambling Foundation ਵੱਲੋਂ ਫੰਡ ਦਿੱਤਾ ਜਾ ਰਿਹਾ ਹੈ। ਇਸ ਕਰਕੇ ਜਿਹੜੇ ਨੌਜਵਾਨ ਸਕ੍ਰੀਨ ਜਾਂ ਗੇਮਿੰਗ ਦੀ ਸਮੱਸਿਆ ਦੇ ਨਾਲ ਆਨਲਾਈਨ ਜੂਏ ਦੀ ਸਮੱਸਿਆ ਦਾ ਵੀ ਸਾਹਮਣਾ ਕਰ ਰਹੇ ਹਨ, ਉਹ ਮੁਫ਼ਤ ਸਹਾਇਤਾ ਲੈ ਸਕਦੇ ਹਨ।

ਕੇਂਦਰ ਵੱਲੋਂ ਇਸ ਵੇਲੇ ਆਨਲਾਈਨ ਸੇਵਾਵਾਂ ਦੇ ਨਾਲ ਆਹਮੋ-ਸਾਹਮਣੇ ਥੈਰੇਪੀ ਵੀ ਦਿੱਤੀ ਜਾ ਰਹੀ ਹੈ। Touch Grass ਦੀ ਯੋਜਨਾ ਭਵਿੱਖ ਵਿੱਚ ਇਲਾਜ ਨੂੰ ਸਾਰੇ ਨੌਜਵਾਨਾਂ ਲਈ ਮੁਫ਼ਤ ਕਰਨ ਅਤੇ ਇਸ ਸੇਵਾ ਨੂੰ ਨਿਊਜ਼ੀਲੈਂਡ ਦੇ ਹੋਰ ਹਿੱਸਿਆਂ ਤੱਕ ਪਹੁੰਚਾਉਣ ਦੀ ਹੈ।

Share it :
error: Content is protected !!