ਅਵਨੀਤ ਕੌਰ, ਆਕਲੈਂਡ
ਨਿਊਜ਼ੀਲੈਂਡ ਦੀ ਲੇਬਰ ਪਾਰਟੀ ਦੇ ਆਗੂ ਕ੍ਰਿਸ ਹਿਪਕਿਨਜ਼ ਨੇ ਐਤਵਾਰ ਨੂੰ ਟਾਕਾਨੀਨੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਿੱਖ ਅਤੇ ਪ੍ਰਵਾਸੀ ਭਾਈਚਾਰੇ ਨਾਲ ਸਿੱਧਾ ਸੰਪਰਕ ਕੀਤਾ। ਉਨ੍ਹਾਂ ਨੇ ਮਹਿੰਗਾਈ ਅਤੇ ਲੋਕਾਂ ਦੇ ਰੋਜ਼ਾਨਾ ਖਰਚਿਆਂ ਨੂੰ ਘਟਾਉਣ ਲਈ ਕਦਮ ਚੁੱਕਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਵਿੱਚ ਕਿਸੇ ਵੀ ਸਿਆਸੀ ਆਗੂ ਵੱਲੋਂ ਨਸਲਵਾਦੀ ਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਚੋਣਾਂ ਤੋਂ ਸਿਰਫ਼ ਛੇ ਦਿਨ ਪਹਿਲਾਂ ਸੰਗਤ ਨੂੰ ਸੰਬੋਧਨ ਕਰਦਿਆਂ ਹਿਪਕਿਨਜ਼ ਨੇ ਆਪਣੀ ਗੱਲ ਦੀ ਸ਼ੁਰੂਆਤ “ਸਤਿ ਸ੍ਰੀ ਅਕਾਲ” ਨਾਲ ਕੀਤੀ ਅਤੇ ਗੁਰਦੁਆਰਾ ਸਾਹਿਬ ਵਿਖੇ ਆਉਣ ’ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਜਿਨ੍ਹਾਂ ਨੇ ਅਜੇ ਤੱਕ ਵੋਟ ਨਹੀਂ ਪਾਈ, ਉਹ ਚੋਣਾਂ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ।
ਇਸ ਮੌਕੇ ਲੇਬਰ ਪਾਰਟੀ ਦੇ ਟਾਕਾਨੀਨੀ ਤੋਂ ਉਮੀਦਵਾਰ ਖੜਗ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਇਸ ਤੋਂ ਇਲਾਵਾ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ, ਉਮੀਦਵਾਰਾਂ ਅਤੇ ਪਾਰਟੀ ਵਲੰਟੀਅਰਾਂ ਵਿੱਚ ਜੈਨੀ ਸੇਲੇਸਾ, ਵਿਲੀ ਜੈਕਸਨ, ਅਰੀਨਾ ਵਿਲੀਅਮਜ਼, ਨੇਰੂ ਲੀਵਾਸਾ, ਰਾਕੇਸ਼ ਨਾਇਡੂ, ਅਨਾਹਲੀਆ ਕਾਨੋਂਗਾਟਾ ਅਤੇ ਲੇਮਾਗਾ ਲਿਡੀਆ ਸਮੇਤ ਹੋਰ ਆਗੂ ਮੌਜੂਦ ਸਨ।
ਹਿਪਕਿਨਜ਼ ਨੇ ਖੜਗ ਸਿੰਘ ਦੀ ਖੁੱਲ੍ਹ ਕੇ ਹਮਾਇਤ ਕੀਤੀ ਅਤੇ ਉਨ੍ਹਾਂ ਦੇ ਭਾਈਚਾਰਕ ਤਜਰਬੇ ਤੇ ਕਾਰੋਬਾਰੀ ਪਿਛੋਕੜ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਜਤਾਈ ਕਿ ਚੋਣਾਂ ਤੋਂ ਬਾਅਦ ਖੜਗ ਸਿੰਘ ਸੰਸਦ ਵਿੱਚ ਪਹੁੰਚਣਗੇ।
ਆਪਣੇ ਸੰਬੋਧਨ ਵਿੱਚ ਹਿਪਕਿਨਜ਼ ਨੇ ਮਹਿੰਗਾਈ, ਰੁਜ਼ਗਾਰ, ਸਿਹਤ ਸੇਵਾਵਾਂ ਅਤੇ ਰਿਹਾਇਸ਼ ਵਰਗੇ ਮੁੱਦਿਆਂ ਨੂੰ ਪਰਿਵਾਰਾਂ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਸੰਗਤ ਨੂੰ ਕਿਹਾ, “ਤੁਸੀਂ ਬਹੁਤ ਮਿਹਨਤ ਕਰਦੇ ਹੋ।” ਉਨ੍ਹਾਂ ਕਿਹਾ ਕਿ ਲੇਬਰ ਪਾਰਟੀ ਚਾਹੁੰਦੀ ਹੈ ਕਿ ਲੋਕਾਂ ਨੂੰ ਆਪਣੀ ਮਿਹਨਤ ਦਾ ਪੂਰਾ ਲਾਭ ਮਿਲੇ ਅਤੇ ਉਹ ਨਿਊਜ਼ੀਲੈਂਡ ਵਿੱਚ ਖੁਸ਼ਹਾਲ ਜੀਵਨ ਬਣਾਉਣ ਦੇ ਮੌਕੇ ਪ੍ਰਾਪਤ ਕਰ ਸਕਣ।
ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਆਰਥਿਕ ਯੋਗਦਾਨ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਦੇਸ਼ ਦੀ ਅਰਥਵਿਵਸਥਾ ਵਿੱਚ 37 ਅਰਬ ਡਾਲਰ ਤੋਂ ਵੱਧ ਦਾ ਯੋਗਦਾਨ ਪਾਉਂਦੇ ਹਨ।
ਇਸ ਤੋਂ ਬਾਅਦ ਹਿਪਕਿਨਜ਼ ਨੇ ਨਸਲਵਾਦ ਅਤੇ ਵਿਤਕਰੇ ਦੇ ਮੁੱਦੇ ’ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਈਚਾਰਿਆਂ ਨੂੰ ਸਿਆਸੀ ਆਗੂਆਂ ਵੱਲੋਂ ਵੰਡ ਪੈਦਾ ਕਰਨ ਵਾਲੀ ਬਿਆਨਬਾਜ਼ੀ ਦਾ ਵਧੇਰੇ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੁਤਾਬਕ ਸਿਆਸੀ ਆਗੂਆਂ ਤੋਂ ਉੱਚੇ ਮਿਆਰ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਜੇਕਰ ਉਨ੍ਹਾਂ ਦੀ ਅਗਵਾਈ ਹੇਠ ਕੋਈ ਮੰਤਰੀ ਜਾਂ ਲੇਬਰ ਸੰਸਦ ਮੈਂਬਰ ਨਸਲਵਾਦੀ ਵਿਹਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਵੇਗੀ। ਉਨ੍ਹਾਂ ਦਾ ਸੰਦੇਸ਼ ਸੀ ਕਿ ਨਿਊਜ਼ੀਲੈਂਡ ਵਿੱਚ ਹਰ ਵਿਅਕਤੀ ਨੂੰ ਆਪਣੇ ਪਿਛੋਕੜ ਕਾਰਨ ਕਿਸੇ ਨਿਸ਼ਾਨੇ ’ਤੇ ਆਏ ਬਿਨਾਂ ਆਪਣੀ ਪਛਾਣ ਨਾਲ ਜੀਣ ਦਾ ਹੱਕ ਹੋਣਾ ਚਾਹੀਦਾ ਹੈ।
ਹਿਪਕਿਨਜ਼ ਨੇ ਇਸ ਦੌਰੇ ਦੌਰਾਨ ਲੇਬਰ ਪਾਰਟੀ ਦੀ ਮਹਿੰਗਾਈ ਅਤੇ ਰੋਜ਼ਾਨਾ ਖਰਚਿਆਂ ਸਬੰਧੀ ਚੋਣ ਯੋਜਨਾ ਵੀ ਪੇਸ਼ ਕੀਤੀ। ਪਾਰਟੀ ਨੇ ਨਵੇਂ Medicard ਰਾਹੀਂ ਹਰ ਸਾਲ ਤਿੰਨ ਮੁਫ਼ਤ GP ਮੁਲਾਕਾਤਾਂ, ਪੰਜ ਡਾਲਰ ਵਾਲੀ ਦਵਾਈ ਫੀਸ ਖ਼ਤਮ ਕਰਨ, ਤਿੰਨ ਸਾਲਾਂ ਲਈ ਫਿਊਲ ਟੈਕਸ ’ਤੇ ਰੋਕ, ਘਰਾਂ ਵਿੱਚ ਸੋਲਰ ਪਾਵਰ ਲਗਾਉਣ ਲਈ ਸਹਾਇਤਾ ਅਤੇ ਕਰਿਆਨਾ ਸਮਾਨ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ।
ਲੇਬਰ ਪਾਰਟੀ ਮੁਤਾਬਕ, ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਫਿਊਲ ਟੈਕਸ ਫ੍ਰੀਜ਼, ਸਿਹਤ ਸੇਵਾਵਾਂ ਵਿੱਚ ਬਦਲਾਅ, ਕੀਮਤਾਂ ਵਿੱਚ ਬੇਤਹਾਸ਼ਾ ਵਾਧੇ ਨੂੰ ਰੋਕਣ ਅਤੇ ਸੁਪਰਮਾਰਕੀਟਾਂ ਵਿੱਚ ਮੁਕਾਬਲਾ ਵਧਾਉਣ ਸਬੰਧੀ ਕੰਮ ਸ਼ੁਰੂ ਕੀਤਾ ਜਾਵੇਗਾ।
ਹਿਪਕਿਨਜ਼ ਨੇ ਕਿਹਾ ਕਿ ਸਿਹਤ ਸੇਵਾਵਾਂ ਦਾ ਖਰਚਾ ਲੋਕਾਂ ਲਈ ਗੰਭੀਰ ਚਿੰਤਾ ਬਣ ਗਿਆ ਹੈ ਅਤੇ ਕਈ ਨਿਊਜ਼ੀਲੈਂਡ ਵਾਸੀ ਡਾਕਟਰ ਦੀ ਫੀਸ ਮਹਿੰਗੀ ਹੋਣ ਕਾਰਨ ਇਲਾਜ ਲਈ ਜਾਣ ਵਿੱਚ ਦੇਰੀ ਕਰਦੇ ਹਨ। ਉਨ੍ਹਾਂ ਅਨੁਸਾਰ, ਹਰ ਛੇ ਵਿੱਚੋਂ ਇੱਕ ਨਿਊਜ਼ੀਲੈਂਡ ਵਾਸੀ ਬਿਮਾਰ ਹੋਣ ’ਤੇ ਡਾਕਟਰ ਨੂੰ ਮਿਲਣ ਦਾ ਖਰਚਾ ਨਹੀਂ ਝੱਲ ਸਕਦਾ। ਇਸੇ ਕਾਰਨ ਲੇਬਰ ਪਾਰਟੀ ਹਰ ਸਾਲ ਤਿੰਨ ਮੁਫ਼ਤ GP ਮੁਲਾਕਾਤਾਂ ਦੀ ਯੋਜਨਾ ਲੈ ਕੇ ਆਈ ਹੈ।
ਉਨ੍ਹਾਂ ਨੇ ਛੋਟੇ ਕਾਰੋਬਾਰਾਂ ਲਈ ਵੀ ਲੇਬਰ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਪਾਰਟੀ ਚਾਹੁੰਦੀ ਹੈ ਕਿ ਸਥਾਨਕ ਕਾਰੋਬਾਰਾਂ ਨੂੰ ਮੁਕਾਬਲੇ ਵਿੱਚ ਬਰਾਬਰ ਮੌਕੇ ਮਿਲਣ ਅਤੇ ਸਰਕਾਰੀ ਠੇਕੇ ਹਾਸਲ ਕਰਨ ਵਿੱਚ ਵਧੇਰੇ ਸਹੂਲਤ ਹੋਵੇ। ਪਾਰਟੀ ਦੀ ਨੀਤੀ ਵਿੱਚ ਛੋਟੇ ਕਾਰੋਬਾਰਾਂ ਦੇ ਨਕਦੀ ਪ੍ਰਵਾਹ ਨੂੰ ਬਿਹਤਰ ਬਣਾਉਣ, ਕਾਗਜ਼ੀ ਕਾਰਵਾਈ ਘਟਾਉਣ ਅਤੇ ਸਰਕਾਰੀ ਠੇਕਿਆਂ ਤੱਕ ਨਿਊਜ਼ੀਲੈਂਡ ਦੀਆਂ ਕੰਪਨੀਆਂ ਦੀ ਪਹੁੰਚ ਵਧਾਉਣ ਦੇ ਕਦਮ ਸ਼ਾਮਲ ਹਨ।
ਹਿਪਕਿਨਜ਼ ਨੇ ਖੜਗ ਸਿੰਘ ਦੇ ਕਰਿਆਨਾ ਕਾਰੋਬਾਰ ਚਲਾਉਣ ਦੇ ਤਜਰਬੇ ਨੂੰ ਵੀ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਸੁਪਰਮਾਰਕੀਟਾਂ ਵਿੱਚ ਮੁਕਾਬਲਾ ਵਧਾਉਣ ਅਤੇ ਕਰਿਆਨਾ ਸਮਾਨ ਦੀਆਂ ਕੀਮਤਾਂ ਸਬੰਧੀ ਸੁਧਾਰਾਂ ਲਈ ਇਹ ਤਜਰਬਾ ਸੰਸਦ ਵਿੱਚ ਲਾਭਦਾਇਕ ਹੋ ਸਕਦਾ ਹੈ। ਲੇਬਰ ਪਾਰਟੀ ਨੇ ਸੁਪਰਮਾਰਕੀਟਾਂ ਦੀ ਥੋਕ ਸਪਲਾਈ ਪ੍ਰਣਾਲੀ ਨੂੰ ਹੋਰ ਮੁਕਾਬਲੇ ਲਈ ਖੋਲ੍ਹਣ ਅਤੇ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਬੇਹੱਦ ਵਾਧੇ ਨੂੰ ਗੈਰ-ਕਾਨੂੰਨੀ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਹੈ।
ਹਿਪਕਿਨਜ਼ ਨੇ ਨਿਊਜ਼ੀਲੈਂਡ ਵਿੱਚ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀ ਪਰਿਵਾਰਾਂ ਨਾਲ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਰਿਵਾਰਾਂ ਨੇ ਇੱਥੇ ਆਪਣੀ ਜ਼ਿੰਦਗੀ ਸਥਾਪਤ ਕਰਨ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਨਿਊਜ਼ੀਲੈਂਡ ਵਿੱਚ ਆਪਣਾ ਭਵਿੱਖ ਨਜ਼ਰ ਆਉਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਨੂੰ ਦੇਸ਼ ਛੱਡਣ ਬਾਰੇ ਸੋਚਣਾ ਪਵੇ।
ਉਨ੍ਹਾਂ ਨੇ ਪ੍ਰਵਾਸੀ ਭਾਈਚਾਰਿਆਂ ਦਾ ਦੇਸ਼ ਲਈ ਯੋਗਦਾਨ ਪਾਉਣ ਵਾਸਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਲੇਬਰ ਪਾਰਟੀ ਅਜਿਹਾ ਨਿਊਜ਼ੀਲੈਂਡ ਬਣਾਉਣਾ ਚਾਹੁੰਦੀ ਹੈ ਜਿੱਥੇ ਖੁਸ਼ਹਾਲੀ ਅਤੇ ਮੌਕਿਆਂ ਦਾ ਲਾਭ ਵਧੇਰੇ ਲੋਕਾਂ ਤੱਕ ਪਹੁੰਚੇ।
ਅੰਤ ਵਿੱਚ ਹਿਪਕਿਨਜ਼ ਨੇ ਸੰਗਤ ਨੂੰ ਅਪੀਲ ਕੀਤੀ ਕਿ ਜਿਹੜੇ ਯੋਗ ਵੋਟਰ ਅਜੇ ਤੱਕ ਵੋਟ ਨਹੀਂ ਪਾ ਸਕੇ, ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਚੋਣਾਂ ਵਾਲੇ ਦਿਨ ਦੀ ਉਡੀਕ ਨਾ ਕਰਨ। ਉਨ੍ਹਾਂ ਨੇ ਟਾਕਾਨੀਨੀ ਵਿੱਚ ਲੇਬਰ ਪਾਰਟੀ ਅਤੇ ਖੜਗ ਸਿੰਘ ਦੇ ਹੱਕ ਵਿੱਚ ਸਮਰਥਨ ਦੀ ਸਿੱਧੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਚੋਣ ਮੁਹਿੰਮ ਦੇ ਆਖ਼ਰੀ ਹਫ਼ਤੇ ਵਿੱਚ ਪਾਰਟੀ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਚਾਹੁੰਦੀ ਹੈ।




