
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ 7 ਨਵੰਬਰ, ਸ਼ਨੀਵਾਰ ਨੂੰ ਸ਼ਾਮ 7 ਵਜੇ ਪੋਲਿੰਗ ਬੰਦ ਹੋਣ ਤੋਂ ਪਹਿਲਾਂ ਲੱਖਾਂ ਲੋਕ ਆਪਣੀ ਵੋਟ ਪਾਉਣਗੇ। ਪਰ ਚੋਣਾਂ ਵਾਲੀ ਰਾਤ ਸਾਹਮਣੇ ਆਉਣ ਵਾਲੇ ਨਤੀਜੇ ਅੰਤਿਮ ਨਹੀਂ ਹੋਣਗੇ। ਅਧਿਕਾਰਤ ਨਤੀਜਿਆਂ ਲਈ ਲੋਕਾਂ ਨੂੰ ਕੁਝ ਹੋਰ ਦਿਨ ਉਡੀਕ ਕਰਨੀ ਪਵੇਗੀ।
ਨਿਊਜ਼ੀਲੈਂਡ ਵਿੱਚ ਸੰਸਦੀ ਚੋਣਾਂ ਦੌਰਾਨ ਹਰ ਵੋਟ ਦੀ ਗਿਣਤੀ ਹੱਥੀਂ ਕੀਤੀ ਜਾਂਦੀ ਹੈ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਨਹੀਂ। ਆਮ ਵੋਟਾਂ ਦੀ ਗਿਣਤੀ ਵੀ ਦੋ ਵਾਰ ਹੁੰਦੀ ਹੈ। ਪਹਿਲੀ ਵਾਰ ਮੁੱਢਲੇ ਨਤੀਜੇ ਤਿਆਰ ਕਰਨ ਲਈ ਅਤੇ ਦੂਜੀ ਵਾਰ ਅਧਿਕਾਰਤ ਗਿਣਤੀ ਦੌਰਾਨ।
**ਵੋਟਾਂ ਦੀ ਗਿਣਤੀ ਪੋਲਿੰਗ ਬੰਦ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ**
ਚੋਣਾਂ ਵਾਲੇ ਦਿਨ ਪੋਲਿੰਗ ਬੰਦ ਹੋਣ ਤੋਂ ਪਹਿਲਾਂ ਹੀ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਅਗਾਊਂ ਵੋਟਿੰਗ ਦੌਰਾਨ ਪਾਈਆਂ ਗਈਆਂ ਆਮ ਵੋਟਾਂ ਦੀ ਗਿਣਤੀ ਚੋਣਾਂ ਵਾਲੇ ਦਿਨ ਸਵੇਰੇ 9 ਵਜੇ ਤੋਂ ਸੁਰੱਖਿਅਤ ਚੋਣ ਹਲਕਾ ਦਫ਼ਤਰਾਂ ਵਿੱਚ ਸ਼ੁਰੂ ਕੀਤੀ ਜਾ ਸਕਦੀ ਹੈ। ਹਾਲਾਂਕਿ ਸ਼ਾਮ 7 ਵਜੇ ਤੋਂ ਪਹਿਲਾਂ ਕੋਈ ਵੀ ਨਤੀਜਾ ਜਾਰੀ ਨਹੀਂ ਕੀਤਾ ਜਾ ਸਕਦਾ।
ਚੋਣਾਂ ਵਾਲੇ ਦਿਨ ਜਦੋਂ ਪੋਲਿੰਗ ਸਟੇਸ਼ਨ ਬੰਦ ਹੋ ਜਾਂਦੇ ਹਨ ਤਾਂ ਅਧਿਕਾਰੀ ਉਸ ਦਿਨ ਪਾਈਆਂ ਗਈਆਂ ਪਾਰਟੀ ਵੋਟਾਂ ਅਤੇ ਹਲਕਾ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੰਦੇ ਹਨ।
Electoral Commission ਦਾ ਟੀਚਾ ਹੈ ਕਿ ਰਾਤ 10 ਵਜੇ ਤੱਕ ਲਗਭਗ 50 ਫ਼ੀਸਦੀ ਪੋਲਿੰਗ ਸਟੇਸ਼ਨਾਂ ਦੇ ਨਤੀਜੇ ਅਤੇ ਰਾਤ 11.30 ਵਜੇ ਤੱਕ 95 ਫ਼ੀਸਦੀ ਨਤੀਜੇ ਸਾਹਮਣੇ ਆ ਜਾਣ। ਇਸ ਨਾਲ ਚੋਣਾਂ ਵਾਲੀ ਰਾਤ ਮੁੱਢਲੀ ਤਸਵੀਰ ਸਪੱਸ਼ਟ ਹੋਣ ਲੱਗਦੀ ਹੈ।
**ਸਪੈਸ਼ਲ ਵੋਟਾਂ ਦੀ ਗਿਣਤੀ ਵਿੱਚ ਲੱਗਦਾ ਹੈ ਵਾਧੂ ਸਮਾਂ**
ਚੋਣਾਂ ਵਾਲੀ ਰਾਤ ਸਾਹਮਣੇ ਆਉਣ ਵਾਲੇ ਅੰਕੜਿਆਂ ਵਿੱਚ ਸਾਰੀਆਂ ਸਪੈਸ਼ਲ ਵੋਟਾਂ ਸ਼ਾਮਲ ਨਹੀਂ ਹੁੰਦੀਆਂ।
ਸਪੈਸ਼ਲ ਵੋਟਾਂ ਵਿੱਚ ਉਹ ਵੋਟਾਂ ਸ਼ਾਮਲ ਹੋ ਸਕਦੀਆਂ ਹਨ, ਜੋ ਕਿਸੇ ਵਿਅਕਤੀ ਨੇ ਆਪਣੇ ਚੋਣ ਹਲਕੇ ਤੋਂ ਬਾਹਰ ਪਾਈਆਂ ਹੋਣ, ਵਿਦੇਸ਼ ਵਿੱਚ ਰਹਿੰਦੇ ਵੋਟਰਾਂ ਵੱਲੋਂ ਪਾਈਆਂ ਗਈਆਂ ਹੋਣ, ਅਣਪ੍ਰਕਾਸ਼ਿਤ ਵੋਟਰ ਸੂਚੀ ਵਿੱਚ ਦਰਜ ਲੋਕਾਂ ਦੀਆਂ ਹੋਣ ਜਾਂ ਉਨ੍ਹਾਂ ਵੋਟਰਾਂ ਦੀਆਂ ਹੋਣ ਜਿਨ੍ਹਾਂ ਦੇ ਨਾਂ ਪੋਲਿੰਗ ਸਟੇਸ਼ਨ ’ਤੇ ਮੌਜੂਦ ਛਪੀ ਵੋਟਰ ਸੂਚੀ ਵਿੱਚ ਨਹੀਂ ਹੁੰਦੇ।
ਇਨ੍ਹਾਂ ਵੋਟਾਂ ਦੀ ਜਾਂਚ ਲਈ ਵਾਧੂ ਪ੍ਰਕਿਰਿਆ ਦੀ ਲੋੜ ਹੁੰਦੀ ਹੈ, ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਵੋਟਰ ਸਹੀ ਢੰਗ ਨਾਲ ਰਜਿਸਟਰਡ ਸੀ ਅਤੇ ਵੋਟ ਪਾਉਣ ਦੇ ਯੋਗ ਸੀ।
ਇਨ੍ਹਾਂ ਬੈਲਟ ਪੇਪਰਾਂ ਨੂੰ ਅਧਿਕਾਰਤ ਨਤੀਜਿਆਂ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਸਬੰਧਤ ਚੋਣ ਹਲਕੇ ਤੱਕ ਵਾਪਸ ਭੇਜਣਾ ਵੀ ਜ਼ਰੂਰੀ ਹੁੰਦਾ ਹੈ। ਇਸੇ ਕਾਰਨ ਅੰਤਿਮ ਨਤੀਜੇ ਆਉਣ ਵਿੱਚ ਵਧੇਰੇ ਸਮਾਂ ਲੱਗਦਾ ਹੈ।
Electoral Commission ਦਾ ਅਨੁਮਾਨ ਹੈ ਕਿ ਇਸ ਵਾਰ ਚੋਣਾਂ ਵਿੱਚ ਸਪੈਸ਼ਲ ਵੋਟਾਂ ਦੀ ਗਿਣਤੀ 7 ਲੱਖ ਤੱਕ ਪਹੁੰਚ ਸਕਦੀ ਹੈ।
**ਅਧਿਕਾਰਤ ਗਿਣਤੀ ਤੋਂ ਬਾਅਦ ਹੀ ਐਲਾਨਿਆ ਜਾਵੇਗਾ ਅੰਤਿਮ ਨਤੀਜਾ**
ਚੋਣਾਂ ਵਾਲੇ ਦਿਨ ਤੋਂ ਬਾਅਦ ਅਧਿਕਾਰਤ ਗਿਣਤੀ ਸ਼ੁਰੂ ਹੁੰਦੀ ਹੈ। Electoral Commission ਦੇ ਕਰਮਚਾਰੀ ਆਮ ਵੋਟਾਂ ਦੀ ਮੁੜ ਗਿਣਤੀ ਕਰਦੇ ਹਨ, ਜਾਂਚ ਤੋਂ ਬਾਅਦ ਸਪੈਸ਼ਲ ਵੋਟਾਂ ਨੂੰ ਸ਼ਾਮਲ ਕਰਦੇ ਹਨ ਅਤੇ ਅੰਤਿਮ ਨਤੀਜਾ ਐਲਾਨਣ ਤੋਂ ਪਹਿਲਾਂ ਹੋਰ ਜਾਂਚਾਂ ਵੀ ਕਰਦੇ ਹਨ।
ਅਧਿਕਾਰੀ ਵੋਟਰ ਸੂਚੀਆਂ ਦੀ ਆਪਸ ਵਿੱਚ ਤੁਲਨਾ ਵੀ ਕਰਦੇ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸੇ ਵਿਅਕਤੀ ਨੇ ਇੱਕ ਤੋਂ ਵੱਧ ਵਾਰ ਤਾਂ ਵੋਟ ਨਹੀਂ ਪਾਈ।
ਜੇਕਰ ਕਿਸੇ ਵਿਅਕਤੀ ਵੱਲੋਂ ਇੱਕ ਤੋਂ ਵੱਧ ਵਾਰ ਵੋਟ ਪਾਉਣ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਦੀਆਂ ਵੋਟਾਂ ਨੂੰ ਅੰਤਿਮ ਗਿਣਤੀ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਅਤੇ ਮਾਮਲੇ ਦੀ ਜਾਂਚ ਵੀ ਹੋ ਸਕਦੀ ਹੈ।
ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਗਿਣਤੀ ਦੀ ਪ੍ਰਕਿਰਿਆ ਦੇ ਕੁਝ ਹਿੱਸਿਆਂ ’ਤੇ ਨਜ਼ਰ ਰੱਖਣ ਲਈ ਆਪਣੇ ਨੁਮਾਇੰਦੇ (Scrutineers) ਨਿਯੁਕਤ ਕਰਨ ਦੀ ਇਜਾਜ਼ਤ ਹੁੰਦੀ ਹੈ। ਹਾਲਾਂਕਿ ਉਹ ਬੈਲਟ ਪੇਪਰਾਂ ਨੂੰ ਛੂਹ ਨਹੀਂ ਸਕਦੇ ਅਤੇ ਨਾ ਹੀ ਚੋਣ ਅਧਿਕਾਰੀਆਂ ਦੇ ਕੰਮ ਵਿੱਚ ਦਖ਼ਲ ਦੇ ਸਕਦੇ ਹਨ।
ਜਦੋਂ ਕਿਸੇ ਪੋਲਿੰਗ ਸਟੇਸ਼ਨ ਦੀ ਗਿਣਤੀ ਪੂਰੀ ਹੋ ਜਾਂਦੀ ਹੈ ਤਾਂ ਉਸ ਦੇ ਕੁੱਲ ਵੋਟਾਂ ਦੇ ਅੰਕੜਿਆਂ ਨੂੰ ਰਸਮੀ ਤੌਰ ’ਤੇ ਪ੍ਰਮਾਣਿਤ ਕੀਤਾ ਜਾਂਦਾ ਹੈ।
Electoral Commission ਮੁਤਾਬਕ 2026 ਦੀਆਂ ਆਮ ਚੋਣਾਂ ਦਾ ਅਧਿਕਾਰਤ ਨਤੀਜਾ ਸ਼ੁੱਕਰਵਾਰ, 27 ਨਵੰਬਰ ਨੂੰ ਐਲਾਨੇ ਜਾਣ ਦੀ ਉਮੀਦ ਹੈ। ਇਹ ਚੋਣਾਂ ਵਾਲੇ ਦਿਨ ਤੋਂ ਲਗਭਗ 20 ਦਿਨ ਬਾਅਦ ਹੋਵੇਗਾ।
ਇਸ ਦਾ ਮਤਲਬ ਹੈ ਕਿ ਸ਼ਨੀਵਾਰ ਰਾਤ ਸਾਹਮਣੇ ਆਉਣ ਵਾਲੇ ਨਤੀਜੇ ਚੋਣਾਂ ਦੀ ਦਿਸ਼ਾ ਬਾਰੇ ਮਜ਼ਬੂਤ ਸੰਕੇਤ ਦੇ ਸਕਦੇ ਹਨ, ਪਰ ਸਪੈਸ਼ਲ ਵੋਟਾਂ ਸ਼ਾਮਲ ਹੋਣ ਤੋਂ ਬਾਅਦ ਹਲਕਿਆਂ ਵਿੱਚ ਉਮੀਦਵਾਰਾਂ ਦੀ ਜਿੱਤ-ਹਾਰ ਦਾ ਫ਼ਰਕ ਅਤੇ ਸੰਸਦ ਦੀਆਂ ਸੀਟਾਂ ਦੀ ਅੰਤਿਮ ਵੰਡ ਬਦਲ ਸਕਦੀ ਹੈ।
**ਜੇਕਰ ਮੁਕਾਬਲਾ ਬੇਹੱਦ ਕਰੀਬ ਹੋਵੇ ਤਾਂ ਮੁੜ ਗਿਣਤੀ ਵੀ ਸੰਭਵ**
ਜੇਕਰ ਕਿਸੇ ਚੋਣ ਹਲਕੇ ਵਿੱਚ ਉਮੀਦਵਾਰਾਂ ਵਿਚਕਾਰ ਮੁਕਾਬਲਾ ਬਹੁਤ ਕਰੀਬ ਹੋਵੇ ਤਾਂ ਅਧਿਕਾਰਤ ਨਤੀਜੇ ਐਲਾਨੇ ਜਾਣ ਤੋਂ ਬਾਅਦ ਉਮੀਦਵਾਰ ਨਿਆਂਇਕ ਮੁੜ ਗਿਣਤੀ (Judicial Recount) ਦੀ ਮੰਗ ਕਰ ਸਕਦੇ ਹਨ। ਸਿਆਸੀ ਪਾਰਟੀਆਂ ਦੇ ਸਕੱਤਰ ਵੀ ਪਾਰਟੀ ਵੋਟਾਂ ਦੀ ਮੁੜ ਗਿਣਤੀ ਦੀ ਮੰਗ ਕਰ ਸਕਦੇ ਹਨ।
ਬੈਲਟ ਪੇਪਰਾਂ ਨੂੰ ਮੁੜ ਗਿਣਤੀ ਜਾਂ ਕਿਸੇ ਕਾਨੂੰਨੀ ਚੁਣੌਤੀ ਦੀ ਲੋੜ ਪੈਣ ਦੀ ਸਥਿਤੀ ਵਿੱਚ ਛੇ ਮਹੀਨਿਆਂ ਤੱਕ ਸੁਰੱਖਿਅਤ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਅਧਿਕਾਰਤ ਨਿਗਰਾਨੀ ਹੇਠ ਨਸ਼ਟ ਕਰ ਦਿੱਤਾ ਜਾਂਦਾ ਹੈ।
ਇਸ ਲਈ ਸ਼ਨੀਵਾਰ ਸ਼ਾਮ 7 ਵਜੇ ਤੋਂ ਬਾਅਦ ਸਾਹਮਣੇ ਆਉਣ ਵਾਲੇ ਚੋਣ ਨਤੀਜੇ ਇਹ ਸੰਕੇਤ ਦੇਣਗੇ ਕਿ ਅਗਲੀ ਸਰਕਾਰ ਕੌਣ ਬਣਾ ਸਕਦਾ ਹੈ, ਪਰ ਕਾਨੂੰਨੀ ਤੌਰ ’ਤੇ ਅੰਤਿਮ ਨਤੀਜੇ ਲਈ ਨਿਊਜ਼ੀਲੈਂਡ ਨੂੰ ਅਧਿਕਾਰਤ ਗਿਣਤੀ ਪੂਰੀ ਹੋਣ ਤੱਕ ਉਡੀਕ ਕਰਨੀ ਪਵੇਗੀ।



