ਨਿਊਯਾਰਕ ਟਾਈਮਜ਼ ਵੱਲੋਂ ਆਕਲੈਂਡ ਦੀ ਕੰਪਨੀ Letterboxd ਨੂੰ 330 ਮਿਲੀਅਨ ਅਮਰੀਕੀ ਡਾਲਰ ਵਿੱਚ ਖਰੀਦਣ ਦੀ ਤਿਆਰੀ

ਆਕਲੈਂਡ (NZ Punjabi News) – ਅਮਰੀਕਾ ਦੀ ਪ੍ਰਸਿੱਧ ਮੀਡੀਆ ਕੰਪਨੀ ਦ ਨਿਊਯਾਰਕ ਟਾਈਮਜ਼ ਕੰਪਨੀ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਸਥਾਪਿਤ ਫ਼ਿਲਮ ਸਮੀਖਿਆ ਅਤੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ Letterboxd ਨੂੰ ਖਰੀਦਣ ਲਈ ਉੱਨਤ ਪੱਧਰ ਦੀ ਗੱਲਬਾਤ ਕਰ ਰਹੀ ਹੈ। ਰਿਪੋਰਟ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਵਿਸ਼ੇਸ਼ ਗੱਲਬਾਤ ਚੱਲ ਰਹੀ ਹੈ ਅਤੇ ਸੌਦੇ ਦੀ ਕੀਮਤ ਲਗਭਗ 330 ਮਿਲੀਅਨ ਅਮਰੀਕੀ ਡਾਲਰ (ਕਰੀਬ 585 ਮਿਲੀਅਨ ਨਿਊਜ਼ੀਲੈਂਡ ਡਾਲਰ) ਤੈਅ ਕੀਤੀ ਗਈ ਹੈ।

Letterboxd ਦੀ ਸਥਾਪਨਾ ਆਕਲੈਂਡ ਦੇ ਰਹਿਣ ਵਾਲੇ ਮੈਥਿਊ ਬੁਕੈਨਨ ਅਤੇ ਕਾਰਲ ਵਾਨ ਰੈਂਡੋ ਨੇ ਕੀਤੀ ਸੀ। ਇਹ ਪਲੇਟਫਾਰਮ ਫ਼ਿਲਮਾਂ ਦੇਖਣ ਦਾ ਰਿਕਾਰਡ ਰੱਖਣ, ਫ਼ਿਲਮਾਂ ਬਾਰੇ ਸਮੀਖਿਆਵਾਂ ਲਿਖਣ ਅਤੇ ਹੋਰ ਫ਼ਿਲਮ ਪ੍ਰੇਮੀਆਂ ਨਾਲ ਆਪਣੀ ਪਸੰਦ ਸਾਂਝੀ ਕਰਨ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਹੈ।

ਰਿਪੋਰਟ ਅਨੁਸਾਰ ਕੰਪਨੀ ਦੇ ਦੋਵੇਂ ਸੰਸਥਾਪਕਾਂ ਕੋਲ ਅਜੇ ਵੀ 40 ਫ਼ੀਸਦੀ ਹਿੱਸੇਦਾਰੀ ਹੈ। ਜੇਕਰ 330 ਮਿਲੀਅਨ ਅਮਰੀਕੀ ਡਾਲਰ ਦਾ ਇਹ ਸੌਦਾ ਪੂਰਾ ਹੁੰਦਾ ਹੈ ਤਾਂ ਉਨ੍ਹਾਂ ਦੀ ਹਿੱਸੇਦਾਰੀ ਦੀ ਕੀਮਤ ਲਗਭਗ 132 ਮਿਲੀਅਨ ਅਮਰੀਕੀ ਡਾਲਰ (ਕਰੀਬ 234 ਮਿਲੀਅਨ ਨਿਊਜ਼ੀਲੈਂਡ ਡਾਲਰ) ਹੋਵੇਗੀ।

ਇਹ ਸੌਦਾ ਪੂਰਾ ਹੋਣ ਦੀ ਸੂਰਤ ਵਿੱਚ ਆਕਲੈਂਡ ਵਿੱਚ ਸ਼ੁਰੂ ਹੋਏ ਇੱਕ ਡਿਜੀਟਲ ਪਲੇਟਫਾਰਮ ਲਈ ਵੱਡੀ ਕਾਰੋਬਾਰੀ ਪ੍ਰਾਪਤੀ ਹੋਵੇਗੀ। ਹਾਲਾਂਕਿ ਖਰੀਦ ਸਬੰਧੀ ਗੱਲਬਾਤ ਅਜੇ ਜਾਰੀ ਹੈ ਅਤੇ ਸੌਦੇ ਦੇ ਪੂਰਾ ਹੋਣ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

Share it :
error: Content is protected !!