ਨਿਊਜ਼ੀਲੈਂਡ ‘ਚ ਡਰਾਈਵਿੰਗ ਲਾਇਸੈਂਸ ਦੇ ਨਿਯਮਾਂ ‘ਚ ਵੱਡਾ ਬਦਲਾਅ, 60 ਘੰਟੇ ਗੱਡੀ ਚਲਾਉਣ ਵਾਲਿਆਂ ਨੂੰ ਮਿਲੇਗੀ 6 ਮਹੀਨਿਆਂ ਦੀ ਛੋਟ

ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਸਰਕਾਰ ਨੇ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। 25 ਜਨਵਰੀ 2027 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਤਹਿਤ 25 ਸਾਲ ਤੋਂ ਘੱਟ ਉਮਰ ਦੇ Learner Licence ਧਾਰਕਾਂ ਨੂੰ Restricted Licence ਲੈਣ ਲਈ ਹੁਣ 6 ਮਹੀਨਿਆਂ ਦੀ ਬਜਾਏ 12 ਮਹੀਨੇ ਉਡੀਕ ਕਰਨੀ ਪਵੇਗੀ।

ਹਾਲਾਂਕਿ ਸਰਕਾਰ ਨੇ ਅਜਿਹੇ ਡਰਾਈਵਰਾਂ ਨੂੰ ਵੱਡੀ ਰਾਹਤ ਵੀ ਦਿੱਤੀ ਹੈ। ਜੇਕਰ ਉਹ ਕਿਸੇ ਯੋਗ ਸੁਪਰਵਾਈਜ਼ਰ ਦੀ ਨਿਗਰਾਨੀ ਹੇਠ ਘੱਟੋ-ਘੱਟ 60 ਘੰਟੇ ਗੱਡੀ ਚਲਾਉਣ ਦਾ ਰਿਕਾਰਡ ਪੂਰਾ ਕਰ ਲੈਂਦੇ ਹਨ ਜਾਂ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਡਰਾਈਵਿੰਗ ਕੋਰਸ ਕਰ ਲੈਂਦੇ ਹਨ, ਤਾਂ ਉਨ੍ਹਾਂ ਦੀ ਉਡੀਕ ਦਾ ਸਮਾਂ ਮੁੜ 6 ਮਹੀਨੇ ਹੋ ਜਾਵੇਗਾ।

NZ Transport Agency (NZTA) ਨੇ ਸਪੱਸ਼ਟ ਕੀਤਾ ਹੈ ਕਿ 60 ਘੰਟਿਆਂ ਦੀ ਸ਼ਰਤ ਪੂਰੀ ਕਰਨ ਲਈ ਸਿਰਫ਼ 25 ਜਨਵਰੀ 2027 ਤੋਂ ਬਾਅਦ ਰਿਕਾਰਡ ਕੀਤੇ ਗਏ ਡਰਾਈਵਿੰਗ ਘੰਟੇ ਹੀ ਮੰਨੇ ਜਾਣਗੇ।

ਜਿਹੜੇ ਲੋਕ ਪਹਿਲਾਂ ਹੀ Learner Licence ‘ਤੇ ਗੱਡੀ ਚਲਾ ਰਹੇ ਹਨ, ਉਹ ਅਭਿਆਸ ਜਾਰੀ ਰੱਖ ਸਕਦੇ ਹਨ, ਪਰ ਨਵੇਂ ਨਿਯਮਾਂ ਤਹਿਤ ਉਡੀਕ ਘਟਾਉਣ ਲਈ ਉਨ੍ਹਾਂ ਦੇ ਪੁਰਾਣੇ ਘੰਟੇ ਨਹੀਂ ਗਿਣੇ ਜਾਣਗੇ।

ਵਿਭਾਗ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਭਾਵੇਂ ਛੋਟ ਲਈ 60 ਘੰਟੇ ਕਾਫ਼ੀ ਹੋਣਗੇ, ਪਰ Restricted Licence ਦਾ ਟੈਸਟ ਦੇਣ ਤੋਂ ਪਹਿਲਾਂ ਘੱਟੋ-ਘੱਟ 120 ਘੰਟੇ ਡਰਾਈਵਿੰਗ ਦਾ ਤਜਰਬਾ ਹਾਸਲ ਕਰਨਾ ਬਿਹਤਰ ਹੋਵੇਗਾ।

ਨਵੇਂ ਨਿਯਮਾਂ ਮੁਤਾਬਕ ਡਰਾਈਵਿੰਗ ਦੇ ਘੰਟਿਆਂ ਦਾ ਰਿਕਾਰਡ NZTA ਦੀ ਮੋਬਾਈਲ ਐਪ ਰਾਹੀਂ ਰੱਖਿਆ ਜਾ ਸਕੇਗਾ।

ਇਸ ਲਈ Learner Licence ਧਾਰਕ ਕੋਲ RealMe ਰਾਹੀਂ ਤਸਦੀਕ ਕੀਤੀ ਡਿਜੀਟਲ ਪਛਾਣ ਹੋਣੀ ਚਾਹੀਦੀ ਹੈ। ਗੱਡੀ ਚਲਾਉਣ ਵੇਲੇ ਨਾਲ ਬੈਠੇ ਸੁਪਰਵਾਈਜ਼ਰ ਨੂੰ ਵੀ ਡਰਾਈਵਿੰਗ ਸੈਸ਼ਨ ਦੀ ਪੁਸ਼ਟੀ ਕਰਨੀ ਪਵੇਗੀ।

ਜਿਨ੍ਹਾਂ ਲੋਕਾਂ ਕੋਲ ਐਪ ਦੀ ਸਹੂਲਤ ਨਹੀਂ ਹੋਵੇਗੀ, ਉਨ੍ਹਾਂ ਲਈ ਕਾਗਜ਼ੀ Logbook ਦੀ ਸਹੂਲਤ ਵੀ ਦਿੱਤੀ ਜਾਵੇਗੀ।

Learner Licence ਧਾਰਕ ਇੱਕ ਤੋਂ ਵੱਧ ਸੁਪਰਵਾਈਜ਼ਰਾਂ ਨਾਲ ਅਭਿਆਸ ਕਰ ਸਕਣਗੇ। ਇਨ੍ਹਾਂ ਵਿੱਚ ਪਰਿਵਾਰਕ ਮੈਂਬਰ, ਡਰਾਈਵਿੰਗ ਇੰਸਟ੍ਰਕਟਰ ਜਾਂ ਯੋਗ ਕਮਿਊਨਿਟੀ ਪ੍ਰੋਵਾਈਡਰ ਵੀ ਸ਼ਾਮਲ ਹੋ ਸਕਦੇ ਹਨ।

ਨਵੇਂ ਨਿਯਮ ਸਿਰਫ਼ ਨਵਾਂ ਲਾਇਸੈਂਸ ਬਣਵਾਉਣ ਵਾਲਿਆਂ ‘ਤੇ ਹੀ ਲਾਗੂ ਨਹੀਂ ਹੋਣਗੇ, ਸਗੋਂ ਪਹਿਲਾਂ ਤੋਂ Learner Licence ਰੱਖਣ ਵਾਲੇ ਲੋਕ ਵੀ ਇਨ੍ਹਾਂ ਦੇ ਦਾਇਰੇ ਵਿੱਚ ਆਉਣਗੇ।

ਜਿਨ੍ਹਾਂ ਦੀ ਉਮਰ 25 ਸਾਲ ਤੋਂ ਘੱਟ ਹੈ ਅਤੇ ਉਨ੍ਹਾਂ ਨੇ 25 ਜੁਲਾਈ 2026 ਜਾਂ ਇਸ ਤੋਂ ਬਾਅਦ Learner Licence ਪ੍ਰਾਪਤ ਕੀਤਾ ਹੈ, ਉਨ੍ਹਾਂ ਲਈ ਆਮ ਉਡੀਕ 12 ਮਹੀਨੇ ਹੋਵੇਗੀ।

ਜਿਨ੍ਹਾਂ ਨੇ 25 ਜੁਲਾਈ 2026 ਤੋਂ ਪਹਿਲਾਂ Learner Licence ਲਿਆ ਸੀ, ਉਹ ਮੌਜੂਦਾ ਨਿਯਮਾਂ ਤਹਿਤ 6 ਮਹੀਨੇ ਪੂਰੇ ਹੋਣ ‘ਤੇ Restricted Licence ਲੈ ਸਕਦੇ ਹਨ। ਪਰ ਜੇਕਰ ਉਹ 25 ਜਨਵਰੀ 2027 ਤੱਕ Restricted Licence ਪ੍ਰਾਪਤ ਨਹੀਂ ਕਰਦੇ, ਤਾਂ ਉਨ੍ਹਾਂ ‘ਤੇ ਵੀ ਨਵੇਂ ਨਿਯਮ ਲਾਗੂ ਹੋ ਜਾਣਗੇ।

ਹਾਲਾਂਕਿ 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਡਰਾਈਵਰਾਂ ਲਈ Learner Licence ਦੀ ਘੱਟੋ-ਘੱਟ ਮਿਆਦ ਪਹਿਲਾਂ ਵਾਂਗ 6 ਮਹੀਨੇ ਹੀ ਰਹੇਗੀ।

ਸਰਕਾਰ ਨੇ ਇੱਕ ਹੋਰ ਵੱਡਾ ਬਦਲਾਅ ਕਰਦਿਆਂ Full Licence ਲਈ ਲਿਆ ਜਾਣ ਵਾਲਾ ਵੱਖਰਾ ਪ੍ਰੈਕਟੀਕਲ ਡਰਾਈਵਿੰਗ ਟੈਸਟ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।

ਨਵੇਂ ਸਿਸਟਮ ਵਿੱਚ ਡਰਾਈਵਰ ਨੂੰ Restricted Licence ਦਾ ਟੈਸਟ ਪਾਸ ਕਰਨਾ ਪਵੇਗਾ ਅਤੇ ਉਸ ਤੋਂ ਬਾਅਦ ਨਿਰਧਾਰਤ ਸਮਾਂ ਪੂਰਾ ਕਰਨ ‘ਤੇ ਆਮ ਤੌਰ ‘ਤੇ ਬਿਨਾਂ ਦੂਜਾ ਪ੍ਰੈਕਟੀਕਲ ਟੈਸਟ ਦਿੱਤੇ Full Licence ਲਈ ਅਰਜ਼ੀ ਦਿੱਤੀ ਜਾ ਸਕੇਗੀ।

25 ਸਾਲ ਤੋਂ ਘੱਟ ਉਮਰ ਵਾਲਿਆਂ ਲਈ Restricted Licence ਦੀ ਘੱਟੋ-ਘੱਟ ਮਿਆਦ 18 ਮਹੀਨਿਆਂ ਤੋਂ ਘਟਾ ਕੇ 12 ਮਹੀਨੇ ਕਰ ਦਿੱਤੀ ਜਾਵੇਗੀ, ਜਦਕਿ 25 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਲਈ ਇਹ 6 ਮਹੀਨੇ ਹੀ ਰਹੇਗੀ।

ਨਵੇਂ ਸਿਸਟਮ ਵਿੱਚ Restricted Licence ਧਾਰਕਾਂ ਲਈ ਡੀਮੈਰਿਟ ਪੁਆਇੰਟਾਂ ਦੇ ਨਿਯਮ ਵੀ ਸਖ਼ਤ ਕੀਤੇ ਗਏ ਹਨ।

ਜੇਕਰ ਕਿਸੇ Restricted Licence ਵਾਲੇ ਡਰਾਈਵਰ ਨੂੰ ਡੀਮੈਰਿਟ ਪੁਆਇੰਟ ਮਿਲਦੇ ਹਨ, ਤਾਂ Full Licence ਲਈ ਉਸ ਦੀ ਉਡੀਕ ਵਿੱਚ ਹਰ ਵਾਰ 6 ਮਹੀਨੇ ਹੋਰ ਜੋੜੇ ਜਾ ਸਕਦੇ ਹਨ। ਇਸ ਨਿਯਮ ਲਈ 7 ਮਈ 2026 ਤੋਂ ਮਿਲੇ ਡੀਮੈਰਿਟ ਪੁਆਇੰਟ ਵੀ ਗਿਣੇ ਜਾ ਸਕਦੇ ਹਨ।

ਸਰਕਾਰ ਮੁਤਾਬਕ ਇਨ੍ਹਾਂ ਤਬਦੀਲੀਆਂ ਦਾ ਮਕਸਦ ਨਵੇਂ ਡਰਾਈਵਰਾਂ ਨੂੰ ਵਧੇਰੇ ਤਜਰਬਾ ਹਾਸਲ ਕਰਨ ਲਈ ਉਤਸ਼ਾਹਿਤ ਕਰਨਾ ਅਤੇ Full Licence ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਸਤਾ ਤੇ ਆਸਾਨ ਬਣਾਉਣਾ ਹੈ।

**60 ਘੰਟੇ ਪੂਰੇ ਕਰਨ ਦਾ ਮਤਲਬ ਆਪਣੇ ਆਪ Restricted Licence ਮਿਲਣਾ ਨਹੀਂ ਹੈ।** ਡਰਾਈਵਰ ਨੂੰ ਘੱਟੋ-ਘੱਟ 6 ਮਹੀਨਿਆਂ ਦੀ ਮਿਆਦ ਪੂਰੀ ਕਰਨ ਦੇ ਨਾਲ Restricted Licence ਦਾ ਪ੍ਰੈਕਟੀਕਲ ਟੈਸਟ ਵੀ ਪਾਸ ਕਰਨਾ ਪਵੇਗਾ।

nsport Agency Waka Kotahi ਅਤੇ New Zealand Ministry of Transport।**

Share it :
error: Content is protected !!