ਨਿਊਜ਼ੀਲੈਂਡ ਦੇ ਏਅਰਪੋਰਟਾਂ ’ਤੇ ਸਿੱਖਾਂ ਦੀਆਂ ਦਸਤਾਰਾਂ ਉਤਰਵਾ ਕੇ ਚੈਕਿੰਗ ਦਾ ਸਿਲਸਿਲਾ ਬਾਦਸਤੂਰ ਜਾਰੀ

ਦਸਤਾਰਾਂ ਉਤਰਵਾ ਕੇ ਕੇਸਾਂ ਤੱਕ ਦੀ ਹੋ ਰਹੀ ਜਾਂਚ, ਨਮੋਸ਼ੀ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਿੱਖ ਯਾਤਰੀ

ਆਕਲੈਂਡ (NZ Punjabi News): ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸਿੱਖ ਯਾਤਰੀਆਂ ਦੀਆਂ ਦਸਤਾਰਾਂ ਉਤਰਵਾ ਕੇ ਸੁਰੱਖਿਆ ਜਾਂਚ ਕੀਤੇ ਜਾਣ ਦਾ ਸਿਲਸਿਲਾ ਬਦਸਤੂਰ ਜਾਰੀ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਅੰਤਰਰਾਸ਼ਟਰੀ ਉਡਾਣਾਂ ਤੋਂ ਇਲਾਵਾ ਘਰੇਲੂ ਹਵਾਈ ਸਫ਼ਰ ਦੌਰਾਨ ਵੀ ਸਿੱਖਾਂ ਦੀਆਂ ਦਸਤਾਰਾਂ ਦੀ ਵਿਸ਼ੇਸ਼ ਜਾਂਚ ਕੀਤੇ ਜਾਣ ਕਾਰਨ ਧਾਰਮਿਕ ਮਰਿਆਦਾ ਅਤੇ ਸੁਰੱਖਿਆ ਪ੍ਰੋਟੋਕੋਲ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।

ਤਾਜ਼ਾ ਸਾਹਮਣੇ ਆਏ ਇੱਕ ਮਾਮਲੇ ਵਿੱਚ ਘਰੇਲੂ ਉਡਾਣ ਦੌਰਾਨ ਇੱਕ ਸਿੱਖ ਯਾਤਰੀ ਨੂੰ ਸੁਰੱਖਿਆ ਅਧਿਕਾਰੀਆਂ ਵੱਲੋਂ ਵੱਖਰੇ ਕਮਰੇ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦੀ ਦਸਤਾਰ ਉਤਰਵਾ ਕੇ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਉਸ ਦੇ ਕੇਸਾਂ ਦੀ ਵੀ ਜਾਂਚ ਕੀਤੀ ਗਈ।

ਹਾਲਾਂਕਿ ਸੁਰੱਖਿਆ ਅਧਿਕਾਰੀਆਂ ਵੱਲੋਂ ਪੂਰੇ ਸਤਿਕਾਰ ਨਾਲ ਪੇਸ਼ ਆਉਣ ਅਤੇ ਦਸਤਾਰ ਦੁਬਾਰਾ ਸਜਾਉਣ ਲਈ ਸ਼ੀਸ਼ੇ ਦਾ ਪ੍ਰਬੰਧ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ, ਪਰ ਇਸ ਤਰ੍ਹਾਂ ਦੀ ਜਾਂਚ ਨੂੰ ਲੈ ਕੇ ਧਾਰਮਿਕ ਸੰਵੇਦਨਸ਼ੀਲਤਾ ਦਾ ਸਵਾਲ ਬਰਕਰਾਰ ਹੈ।

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਆਧੁਨਿਕ ਤਕਨਾਲੋਜੀ ਅਤੇ ਸੁਰੱਖਿਆ ਜਾਂਚ ਲਈ ਮਸ਼ੀਨਾਂ ਉਪਲਬਧ ਹਨ ਤਾਂ ਫਿਰ ਸਿੱਖਾਂ ਦੀਆਂ ਦਸਤਾਰਾਂ ਉਤਰਵਾਉਣ ਦੀ ਲੋੜ ਕਿਉਂ ਪੈ ਰਹੀ ਹੈ?

ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਪੱਧਰ ’ਤੇ ਕੋਈ ਨਿਯਮ ਨਹੀਂ ਬਣਾਉਂਦੇ, ਸਗੋਂ ਨਿਰਧਾਰਤ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਆਪਣੀ ਡਿਊਟੀ ਨਿਭਾਉਂਦੇ ਹਨ।

ਸਿੱਖ ਧਰਮ ਵਿੱਚ ਦਸਤਾਰ ਸਿਰਫ਼ ਸਿਰ ਢੱਕਣ ਦਾ ਸਾਧਨ ਨਹੀਂ, ਸਗੋਂ ਧਾਰਮਿਕ ਪਛਾਣ, ਸਵੈਮਾਣ ਅਤੇ ਸਿੱਖੀ ਸਰੂਪ ਦਾ ਅਟੁੱਟ ਹਿੱਸਾ ਹੈ। ਅਜਿਹੇ ਵਿੱਚ ਦਸਤਾਰ ਉਤਰਵਾਉਣ ਦੀ ਪ੍ਰਕਿਰਿਆ ਸਿੱਖ ਯਾਤਰੀਆਂ ਲਈ ਨਮੋਸ਼ੀ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।

ਇਸ ਮਾਮਲੇ ਨੇ ਹਵਾਈ ਸੁਰੱਖਿਆ ਏਜੰਸੀਆਂ ਸਾਹਮਣੇ ਇੱਕ ਅਹਿਮ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਸੁਰੱਖਿਆ ਨਾਲ ਕੋਈ ਸਮਝੌਤਾ ਕੀਤੇ ਬਿਨਾਂ ਸਿੱਖਾਂ ਦੀ ਧਾਰਮਿਕ ਮਰਿਆਦਾ ਦਾ ਸਤਿਕਾਰ ਕਰਨ ਵਾਲੀ ਜਾਂਚ ਪ੍ਰਕਿਰਿਆ ਅਪਣਾਈ ਜਾ ਸਕਦੀ ਹੈ?

ਇਸ ਦੇ ਨਾਲ ਹੀ ਇਹ ਵੀ ਸਵਾਲ ਉੱਠਦਾ ਹੈ ਕਿ ਕੀ ਨਿਊਜ਼ੀਲੈਂਡ ਦੀਆਂ ਸਬੰਧਤ ਏਜੰਸੀਆਂ ਨੂੰ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਦਸਤਾਰ ਦੀ ਜਾਂਚ ਸਬੰਧੀ ਸਪੱਸ਼ਟ ਅਤੇ ਧਾਰਮਿਕ ਤੌਰ ’ਤੇ ਸੰਵੇਦਨਸ਼ੀਲ ਦਿਸ਼ਾ-ਨਿਰਦੇਸ਼ ਤਿਆਰ ਕਰਨੇ ਚਾਹੀਦੇ ਹਨ?

Share it :
error: Content is protected !!