ਨਿਊਜ਼ੀਲੈਂਡ ਚੋਣਾਂ 2026: ਵਿਸ਼ੇਸ਼ ਵੋਟਾਂ ਅਤੇ ਓਵਰਹੈਂਗ ਬਦਲ ਸਕਦੇ ਹਨ ਸੱਤਾ ਦਾ ਸਮੀਕਰਨ, 27 ਨਵੰਬਰ ਦੇ ਅੰਤਿਮ ਨਤੀਜਿਆਂ ‘ਤੇ ਸਭ ਦੀਆਂ ਨਜ਼ਰਾਂ

ਆਕਲੈਂਡ (ਅਵਨੀਤ ਕੌਰ) – ਨਿਊਜ਼ੀਲੈਂਡ ਦੀਆਂ ਆਮ ਚੋਣਾਂ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਦੇਸ਼ ਵਿੱਚ ਅਗਲੀ ਸਰਕਾਰ ਕਿਸ ਦੀ ਬਣੇਗੀ, ਇਸ ਬਾਰੇ ਅਜੇ ਤੱਕ ਪੂਰੀ ਤਰ੍ਹਾਂ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਸ਼ੁਰੂਆਤੀ ਚੋਣ ਨਤੀਜਿਆਂ ਮੁਤਾਬਕ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ (Christopher Luxon) ਦੀ ਅਗਵਾਈ ਵਾਲੇ ਨੈਸ਼ਨਲ ਪਾਰਟੀ ਗੱਠਜੋੜ ਕੋਲ ਮੁੜ ਸੱਤਾ ਵਿੱਚ ਆਉਣ ਲਈ ਲੋੜੀਂਦੀਆਂ ਸੀਟਾਂ ਹਨ। ਹਾਲਾਂਕਿ ਲਗਭਗ ਚਾਰ ਲੱਖ ਵਿਸ਼ੇਸ਼ ਵੋਟਾਂ ਦੀ ਗਿਣਤੀ ਬਾਕੀ ਹੋਣ ਅਤੇ ਕਈ ਚੋਣ ਹਲਕਿਆਂ ਵਿੱਚ ਬਹੁਤ ਘੱਟ ਵੋਟਾਂ ਦਾ ਫਰਕ ਹੋਣ ਕਾਰਨ ਸਿਆਸੀ ਸਮੀਕਰਨ ਬਦਲਣ ਦੀ ਸੰਭਾਵਨਾ ਅਜੇ ਬਰਕਰਾਰ ਹੈ।

ਸ਼ੁਰੂਆਤੀ ਨਤੀਜਿਆਂ ਅਨੁਸਾਰ ਨੈਸ਼ਨਲ ਪਾਰਟੀ ਨੂੰ 42, ACT ਪਾਰਟੀ ਨੂੰ 13 ਅਤੇ ਨਿਊਜ਼ੀਲੈਂਡ ਫਸਟ ਨੂੰ 12 ਸੀਟਾਂ ਮਿਲੀਆਂ ਹਨ। ਇਸ ਤਰ੍ਹਾਂ ਮੌਜੂਦਾ ਸੱਤਾਧਾਰੀ ਗੱਠਜੋੜ ਕੋਲ ਕੁੱਲ 67 ਸੀਟਾਂ ਹਨ। ਦੂਜੇ ਪਾਸੇ ਲੇਬਰ ਪਾਰਟੀ ਕੋਲ 36, ਗ੍ਰੀਨ ਪਾਰਟੀ ਕੋਲ 16 ਅਤੇ ਤੇ ਪਾਤੀ ਮਾਓਰੀ (Te Pāti Māori) ਕੋਲ ਪੰਜ ਸੀਟਾਂ ਹਨ। ਇਨ੍ਹਾਂ ਤਿੰਨਾਂ ਪਾਰਟੀਆਂ ਦੀਆਂ ਕੁੱਲ 57 ਸੀਟਾਂ ਬਣਦੀਆਂ ਹਨ, ਜਦਕਿ Opportunity ਪਾਰਟੀ ਨੂੰ ਸੱਤ ਸੀਟਾਂ ਮਿਲੀਆਂ ਹਨ।

ਆਮ ਤੌਰ ‘ਤੇ ਨਿਊਜ਼ੀਲੈਂਡ ਦੀ ਸੰਸਦ ਵਿੱਚ 120 ਸੀਟਾਂ ਹੁੰਦੀਆਂ ਹਨ, ਪਰ ਇਸ ਵਾਰ ‘ਓਵਰਹੈਂਗ’ (Overhang) ਕਾਰਨ ਸ਼ੁਰੂਆਤੀ ਨਤੀਜਿਆਂ ਮੁਤਾਬਕ ਸੰਸਦ ਦੇ ਮੈਂਬਰਾਂ ਦੀ ਗਿਣਤੀ ਵਧ ਕੇ 131 ਹੋ ਗਈ ਹੈ। ਇਸ ਕਾਰਨ ਸਰਕਾਰ ਬਣਾਉਣ ਲਈ ਲੋੜੀਂਦੀਆਂ ਸੀਟਾਂ ਦੀ ਗਿਣਤੀ ਵੀ ਵਧ ਗਈ ਹੈ।

ਓਵਰਹੈਂਗ ਉਸ ਸਥਿਤੀ ਨੂੰ ਕਿਹਾ ਜਾਂਦਾ ਹੈ, ਜਦੋਂ ਕੋਈ ਪਾਰਟੀ ਆਪਣੇ ਦੇਸ਼-ਪੱਧਰੀ ਪਾਰਟੀ ਵੋਟ ਹਿੱਸੇ ਦੇ ਆਧਾਰ ‘ਤੇ ਮਿਲਣ ਵਾਲੀਆਂ ਸੀਟਾਂ ਨਾਲੋਂ ਵੱਧ ਚੋਣ ਹਲਕਿਆਂ ਵਿੱਚ ਸਿੱਧੀ ਜਿੱਤ ਹਾਸਲ ਕਰ ਲੈਂਦੀ ਹੈ। ਅਜਿਹੀ ਸਥਿਤੀ ਵਿੱਚ ਵਾਧੂ ਜਿੱਤੀਆਂ ਸੀਟਾਂ ਬਰਕਰਾਰ ਰਹਿੰਦੀਆਂ ਹਨ ਅਤੇ ਸੰਸਦ ਦਾ ਕੁੱਲ ਆਕਾਰ ਵਧ ਸਕਦਾ ਹੈ।

ਇਸ ਵਾਰ ਨੈਸ਼ਨਲ ਪਾਰਟੀ ਨੇ 42 ਚੋਣ ਹਲਕਿਆਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਪਾਰਟੀ ਵੋਟ ਦੇ ਹਿਸਾਬ ਨਾਲ ਉਸ ਦਾ ਆਮ ਸੀਟ ਹਿੱਸਾ 36 ਬਣਦਾ ਸੀ। ਇਸ ਤਰ੍ਹਾਂ ਨੈਸ਼ਨਲ ਪਾਰਟੀ ਲਈ ਛੇ ਸੀਟਾਂ ਦਾ ਓਵਰਹੈਂਗ ਪੈਦਾ ਹੋਇਆ ਹੈ। ਤੇ ਪਾਤੀ ਮਾਓਰੀ ਨੇ ਵੀ ਆਪਣੇ ਪਾਰਟੀ ਵੋਟ ਹਿੱਸੇ ਨਾਲੋਂ ਵੱਧ ਚੋਣ ਹਲਕਿਆਂ ਵਿੱਚ ਜਿੱਤ ਹਾਸਲ ਕੀਤੀ ਹੈ।

131 ਮੈਂਬਰੀ ਸੰਸਦ ਵਿੱਚ ਸਰਕਾਰ ਬਣਾਉਣ ਲਈ ਘੱਟੋ-ਘੱਟ 66 ਸੀਟਾਂ ਦੀ ਲੋੜ ਹੈ। ਨੈਸ਼ਨਲ, ACT ਅਤੇ ਨਿਊਜ਼ੀਲੈਂਡ ਫਸਟ ਕੋਲ ਇਸ ਵੇਲੇ 67 ਸੀਟਾਂ ਹਨ, ਜੋ ਬਹੁਮਤ ਲਈ ਲੋੜੀਂਦੀ ਗਿਣਤੀ ਤੋਂ ਸਿਰਫ਼ ਇੱਕ ਸੀਟ ਵੱਧ ਹਨ। ਇਸ ਲਈ ਵਿਸ਼ੇਸ਼ ਵੋਟਾਂ ਦੀ ਗਿਣਤੀ ਅਤੇ ਨਜ਼ਦੀਕੀ ਮੁਕਾਬਲਿਆਂ ਦੇ ਅੰਤਿਮ ਨਤੀਜੇ ਸਰਕਾਰ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੋ ਸਕਦੇ ਹਨ।

Share it :
error: Content is protected !!