ਯੂਕਰੇਨ ਜੰਗ ਵਿੱਚ 7 ਲੱਖ 20 ਹਜ਼ਾਰ ਤੋਂ ਵੱਧ ਰੂਸੀ ਸੈਨਿਕਾਂ ਦੀ ਮੌਤ, ਲੀਕ ਹੋਏ ਸਰਕਾਰੀ ਅੰਕੜਿਆਂ ਤੋਂ ਵੱਡਾ ਖੁਲਾਸਾ

CNN ਦੀ ਰਿਪੋਰਟ ਮੁਤਾਬਕ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਲਈ ਸਭ ਤੋਂ ਘਾਤਕ ਜੰਗ ਬਣ ਸਕਦਾ ਹੈ ਯੂਕਰੇਨ ਸੰਘਰਸ਼

ਆਕਲੈਂਡ (NZ Punjabi News) – ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। CNN ਦੀ ਰਿਪੋਰਟ ਅਨੁਸਾਰ ਰੂਸੀ ਸਰਕਾਰ ਦੇ ਲੀਕ ਹੋਏ ਅੰਕੜਿਆਂ ਦੇ ਨਵੇਂ ਵਿਸ਼ਲੇਸ਼ਣ ਤੋਂ ਸੰਕੇਤ ਮਿਲੇ ਹਨ ਕਿ ਯੂਕਰੇਨ ਜੰਗ ਵਿੱਚ ਹੁਣ ਤੱਕ 7 ਲੱਖ 20 ਹਜ਼ਾਰ ਤੋਂ ਵੱਧ ਰੂਸੀ ਸੈਨਿਕਾਂ ਦੀ ਮੌਤ ਹੋ ਸਕਦੀ ਹੈ। ਜੇਕਰ ਇਹ ਅਨੁਮਾਨ ਸਹੀ ਸਾਬਤ ਹੁੰਦਾ ਹੈ ਤਾਂ ਇਹ ਸੰਘਰਸ਼ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਲਈ ਸਭ ਤੋਂ ਵੱਧ ਜਾਨੀ ਨੁਕਸਾਨ ਵਾਲੀ ਜੰਗ ਬਣ ਸਕਦਾ ਹੈ।

ਰਿਪੋਰਟ ਮੁਤਾਬਕ ਰੂਸ ਦੇ ਸੁਤੰਤਰ ਮੀਡੀਆ ਅਦਾਰਿਆਂ ਮੇਡੂਜ਼ਾ (Meduza) ਅਤੇ ਮੀਡੀਆਜ਼ੋਨਾ (Mediazona) ਨੇ ਰੂਸ ਦੀ ਸੰਘੀ ਅੰਕੜਾ ਏਜੰਸੀ ਰੋਸਸਟੈਟ (Rosstat) ਦੇ ਲੀਕ ਹੋਏ ਡਾਟੇ ਦਾ ਵਿਸ਼ਲੇਸ਼ਣ ਕੀਤਾ ਹੈ। ਦੱਸਿਆ ਗਿਆ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੈਕਰ ਗਰੁੱਪਾਂ ਵੱਲੋਂ ਏਜੰਸੀ ਦੇ ਕੰਪਿਊਟਰ ਸਿਸਟਮਾਂ ਵਿੱਚ ਸੰਨ੍ਹ ਲਗਾਏ ਜਾਣ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਸੀ। ਵਿਸ਼ਲੇਸ਼ਣ ਅਨੁਸਾਰ ਸਤੰਬਰ 2026 ਦੇ ਅੰਤ ਤੱਕ 4 ਲੱਖ 90 ਹਜ਼ਾਰ ਤੋਂ ਵੱਧ ਰੂਸੀ ਸੈਨਿਕਾਂ ਦੀ ਮੌਤ ਸਰਕਾਰੀ ਰਿਕਾਰਡ ਵਿੱਚ ਦਰਜ ਹੋ ਚੁੱਕੀ ਸੀ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੰਗ ਦੌਰਾਨ ਮਾਰੇ ਗਏ ਕਈ ਸੈਨਿਕਾਂ ਦੀ ਮੌਤ ਅਜੇ ਤੱਕ ਅਧਿਕਾਰਤ ਤੌਰ ‘ਤੇ ਦਰਜ ਨਹੀਂ ਕੀਤੀ ਗਈ, ਜਦਕਿ ਵੱਡੀ ਗਿਣਤੀ ਵਿੱਚ ਲਾਪਤਾ ਸੈਨਿਕਾਂ ਦੇ ਮਾਰੇ ਜਾਣ ਦਾ ਵੀ ਖ਼ਦਸ਼ਾ ਹੈ। ਇਨ੍ਹਾਂ ਮਾਮਲਿਆਂ ਨੂੰ ਸ਼ਾਮਲ ਕਰਨ ਤੋਂ ਬਾਅਦ ਮੌਤਾਂ ਦਾ ਅਨੁਮਾਨ 7 ਲੱਖ 20 ਹਜ਼ਾਰ ਤੋਂ ਉੱਪਰ ਪਹੁੰਚ ਜਾਂਦਾ ਹੈ। ਇਸ ਅਨੁਮਾਨ ਲਈ ਖੋਜਕਰਤਾਵਾਂ ਨੇ ਸਰਕਾਰੀ ਰਿਕਾਰਡ ਦੇ ਨਾਲ ਵਿਰਾਸਤੀ ਜਾਇਦਾਦ ਨਾਲ ਸਬੰਧਤ ਅੰਕੜਿਆਂ, ਲਾਪਤਾ ਵਿਅਕਤੀਆਂ ਦੀਆਂ ਸੂਚਨਾਵਾਂ ਅਤੇ ਹੋਰ ਸਰੋਤਾਂ ਦੀ ਮਦਦ ਲਈ ਹੈ। ਹਾਲਾਂਕਿ ਮੇਡੂਜ਼ਾ ਨੇ ਸਪੱਸ਼ਟ ਕੀਤਾ ਹੈ ਕਿ 2026 ਦੇ ਅੰਕੜੇ ਅਜੇ ਅਧੂਰੇ ਹੋਣ ਕਾਰਨ ਤਾਜ਼ਾ ਅਨੁਮਾਨਾਂ ਵਿੱਚ ਅਨਿਸ਼ਚਿਤਤਾ ਵੱਧ ਹੈ।

ਲੀਕ ਹੋਏ ਅੰਕੜਿਆਂ ਤੋਂ ਇਹ ਸੰਕੇਤ ਵੀ ਮਿਲਦੇ ਹਨ ਕਿ ਜੰਗ ਵਿੱਚ ਰੂਸ ਦੇ ਗਰੀਬ ਇਲਾਕਿਆਂ ਅਤੇ ਨਸਲੀ ਘੱਟਗਿਣਤੀ ਭਾਈਚਾਰਿਆਂ ਨਾਲ ਸਬੰਧਤ ਸੈਨਿਕਾਂ ਨੂੰ ਅਨੁਪਾਤਕ ਤੌਰ ‘ਤੇ ਵੱਧ ਜਾਨੀ ਨੁਕਸਾਨ ਝੱਲਣਾ ਪਿਆ ਹੈ। ਇਸ ਤੋਂ ਇਲਾਵਾ ਰੂਸ ਵੱਲੋਂ ਲੜ ਰਹੇ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਦੀ ਵੀ ਮੌਤ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਰੂਸੀ ਸਰਕਾਰ ਵੱਲੋਂ ਜੰਗ ਵਿੱਚ ਮਾਰੇ ਗਏ ਆਪਣੇ ਸੈਨਿਕਾਂ ਦੀ ਪੂਰੀ ਅਤੇ ਤਾਜ਼ਾ ਗਿਣਤੀ ਜਨਤਕ ਨਹੀਂ ਕੀਤੀ ਜਾਂਦੀ, ਜਿਸ ਕਾਰਨ ਇਨ੍ਹਾਂ ਅੰਕੜਿਆਂ ਦੀ ਸੁਤੰਤਰ ਪੁਸ਼ਟੀ ਕਰਨਾ ਮੁਸ਼ਕਲ ਬਣਿਆ ਹੋਇਆ ਹੈ।

Share it :
error: Content is protected !!