ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀਆਂ 2026 ਦੀਆਂ ਆਮ ਚੋਣਾਂ ਵਿੱਚ ਸਭ ਤੋਂ ਵੱਧ ਪਾਰਟੀ ਵੋਟਾਂ ਹਾਸਲ ਕਰਨ ਦੇ ਬਾਵਜੂਦ ਲੇਬਰ ਪਾਰਟੀ ਦੀ ਸੱਤਾ ਵਿੱਚ ਵਾਪਸੀ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੌਰਾਨ ਲੇਬਰ ਪਾਰਟੀ ਦੇ ਆਗੂ ਕ੍ਰਿਸ ਹਿਪਕਿਨਜ਼ (Chris Hipkins) ਨੇ ਪਾਰਟੀ ਦੀ ਅਗਵਾਈ ਜਾਰੀ ਰੱਖਣ ਬਾਰੇ ਕੋਈ ਸਪੱਸ਼ਟ ਵਚਨਬੱਧਤਾ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਹੀ ਉਹ ਆਪਣੇ ਸਿਆਸੀ ਭਵਿੱਖ ਬਾਰੇ ਕੋਈ ਫ਼ੈਸਲਾ ਲੈਣਗੇ।
ਚੋਣਾਂ ਦੇ ਅਧਿਕਾਰਤ ਅੰਤਿਮ ਨਤੀਜਿਆਂ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਹਿਪਕਿਨਜ਼ ਨੇ ਲੇਬਰ ਪਾਰਟੀ ਦੀ ਕਾਰਗੁਜ਼ਾਰੀ ਨੂੰ ਇੱਕ ਮਹੱਤਵਪੂਰਨ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਕਾਰਜਕਾਲ ਵਿਰੋਧੀ ਧਿਰ ਵਿੱਚ ਰਹਿਣ ਤੋਂ ਬਾਅਦ ਲੇਬਰ ਪਾਰਟੀ ਦੇਸ਼ ਵਿੱਚ ਸਭ ਤੋਂ ਵੱਧ ਪਾਰਟੀ ਵੋਟਾਂ ਹਾਸਲ ਕਰਨ ਵਾਲੀ ਸਿਆਸੀ ਧਿਰ ਬਣ ਗਈ ਹੈ। ਹਿਪਕਿਨਜ਼ ਅਨੁਸਾਰ 1978 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਇੱਕ ਕਾਰਜਕਾਲ ਵਿਰੋਧੀ ਧਿਰ ਵਿੱਚ ਰਹਿਣ ਵਾਲੀ ਪਾਰਟੀ ਆਪਣੀ ਵੋਟ ਹਿੱਸੇਦਾਰੀ ਵਧਾ ਕੇ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣੀ ਹੈ।
ਹਾਲਾਂਕਿ ਹਿਪਕਿਨਜ਼ ਨੇ ਸਵੀਕਾਰ ਕੀਤਾ ਕਿ ਨਿਊਜ਼ੀਲੈਂਡ ਦੀ ਮਿਕਸਡ ਮੈਂਬਰ ਪ੍ਰੋਪੋਰਸ਼ਨਲ (MMP) ਚੋਣ ਪ੍ਰਣਾਲੀ ਤਹਿਤ ਸਭ ਤੋਂ ਵੱਧ ਪਾਰਟੀ ਵੋਟਾਂ ਹਾਸਲ ਕਰਨਾ ਹੀ ਸਰਕਾਰ ਬਣਾਉਣ ਲਈ ਕਾਫ਼ੀ ਨਹੀਂ ਹੈ। ਉਨ੍ਹਾਂ ਇਸ ਗੱਲ ’ਤੇ ਨਿਰਾਸ਼ਾ ਪ੍ਰਗਟਾਈ ਕਿ ਮਜ਼ਬੂਤ ਚੋਣ ਮੁਹਿੰਮ ਦੇ ਬਾਵਜੂਦ ਲੇਬਰ ਪਾਰਟੀ ਉਸ ਸਿਆਸੀ ਬਦਲਾਅ ਨੂੰ ਲਿਆਉਣ ਵਿੱਚ ਕਾਮਯਾਬ ਨਹੀਂ ਹੋ ਸਕੀ, ਜਿਸ ਦਾ ਵਾਅਦਾ ਉਸ ਨੇ ਚੋਣਾਂ ਦੌਰਾਨ ਕੀਤਾ ਸੀ।
ਲੇਬਰ ਪਾਰਟੀ ਦੇ ਅੰਦਰੂਨੀ ਨਿਯਮਾਂ ਅਨੁਸਾਰ ਆਮ ਚੋਣਾਂ ਤੋਂ ਬਾਅਦ ਤਿੰਨ ਮਹੀਨਿਆਂ ਦੇ ਅੰਦਰ ਪਾਰਟੀ ਦੀ ਲੀਡਰਸ਼ਿਪ ਸਬੰਧੀ ਵੋਟਿੰਗ ਕਰਵਾਉਣੀ ਲਾਜ਼ਮੀ ਹੈ। ਅਜਿਹੇ ਵਿੱਚ ਆਉਣ ਵਾਲੇ ਹਫ਼ਤਿਆਂ ਦੌਰਾਨ ਹਿਪਕਿਨਜ਼ ਦੀ ਲੀਡਰਸ਼ਿਪ ਪਾਰਟੀ ਅੰਦਰ ਚਰਚਾ ਦਾ ਅਹਿਮ ਵਿਸ਼ਾ ਬਣ ਸਕਦੀ ਹੈ। ਇਸ ਦੌਰਾਨ ਲੇਬਰ ਪਾਰਟੀ ਦੀ ਡਿਪਟੀ ਲੀਡਰ ਕਾਰਮਲ ਸੇਪੁਲੋਨੀ (Carmel Sepuloni) ਨੇ ਜਨਤਕ ਤੌਰ ’ਤੇ ਹਿਪਕਿਨਜ਼ ਦਾ ਸਮਰਥਨ ਕਰਦਿਆਂ ਉਨ੍ਹਾਂ ਦੀ ਅਗਵਾਈ ’ਤੇ ਭਰੋਸਾ ਪ੍ਰਗਟਾਇਆ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ, ‘‘ਮੈਂ ਕ੍ਰਿਸ ਹਿਪਕਿਨਜ਼ ਦੇ ਨਾਲ ਹਾਂ।’’
ਲੇਬਰ ਪਾਰਟੀ ਦੀ ਮੁੜ ਵਿਰੋਧੀ ਧਿਰ ਵਿੱਚ ਬੈਠਣ ਦੀ ਸੰਭਾਵਨਾ ਦਰਮਿਆਨ ਹੁਣ ਪਾਰਟੀ ਸਾਹਮਣੇ ਆਪਣੀ ਚੋਣ ਕਾਰਗੁਜ਼ਾਰੀ ਦੀ ਸਮੀਖਿਆ ਕਰਨ, ਸੰਗਠਨ ਨੂੰ ਮੁੜ ਮਜ਼ਬੂਤ ਕਰਨ ਅਤੇ ਭਵਿੱਖ ਦੀ ਸਿਆਸੀ ਰਣਨੀਤੀ ਤੈਅ ਕਰਨ ਦੀ ਚੁਣੌਤੀ ਹੈ। ਇਸ ਦੇ ਨਾਲ ਹੀ ਇਹ ਦੇਖਣਾ ਵੀ ਅਹਿਮ ਹੋਵੇਗਾ ਕਿ ਕ੍ਰਿਸ ਹਿਪਕਿਨਜ਼ ਪਾਰਟੀ ਦੀ ਅਗਵਾਈ ਜਾਰੀ ਰੱਖਦੇ ਹਨ ਜਾਂ ਲੇਬਰ ਪਾਰਟੀ ਨੂੰ ਨਵਾਂ ਆਗੂ ਮਿਲਦਾ ਹੈ।




