
Private Security Personnel Licensing Authority ਦੀ Trish McConnell ਨੇ ਮੰਗਲਵਾਰ ਨੂੰ ਜਾਰੀ ਫੈਸਲੇ ਵਿੱਚ Gurleen Bahia ਦਾ Certificate of Approval (COA) ਰੱਦ ਕਰਨ ਦੇ ਹੁਕਮ ਦਿੱਤੇ। COA ਨਿਊਜ਼ੀਲੈਂਡ ਵਿੱਚ ਕੁਝ ਕਿਸਮਾਂ ਦੇ ਸੁਰੱਖਿਆ ਕਰਮਚਾਰੀਆਂ ਲਈ ਕੰਮ ਕਰਨ ਵਾਸਤੇ ਲੋੜੀਂਦੀ ਮਨਜ਼ੂਰੀ ਹੁੰਦੀ ਹੈ।
ਪੁਲਿਸ ਨੇ Private Security Personnel and Private Investigators Act 2010 ਤਹਿਤ Bahia ਦੀ ਮਨਜ਼ੂਰੀ ਰੱਦ ਕਰਨ ਲਈ ਅਰਜ਼ੀ ਦਿੱਤੀ ਸੀ। ਪੁਲਿਸ ਮੁਤਾਬਕ ਦਸੰਬਰ 2025 ਤੋਂ ਬਾਅਦ ਉਸ ਨਾਲ ਪੈਟਰੋਲ ਪੰਪਾਂ ਤੋਂ ਬਿਨਾਂ ਭੁਗਤਾਨ ਕੀਤੇ ਚਲੇ ਜਾਣ ਦੇ ਕੁੱਲ ਨੌਂ ਕਥਿਤ ਮਾਮਲੇ ਜੁੜੇ ਹੋਏ ਹਨ।
Bahia ਨੇ ਇਨ੍ਹਾਂ ਵਿੱਚੋਂ ਤਿੰਨ ਚੋਰੀ ਦੇ ਮਾਮਲੇ ਮੰਨੇ, ਜੋ ਦਸੰਬਰ 2025, ਅਪ੍ਰੈਲ 2026 ਅਤੇ ਮਈ 2026 ਵਿੱਚ ਹੋਏ ਸਨ। ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ ਪੁਲਿਸ ਵੱਲੋਂ ਉਸਨੂੰ ਰਸਮੀ ਚੇਤਾਵਨੀਆਂ ਦਿੱਤੀਆਂ ਗਈਆਂ ਸਨ।
ਪੁਲਿਸ ਦਾ ਕਹਿਣਾ ਹੈ ਕਿ ਚੇਤਾਵਨੀਆਂ ਦੇ ਬਾਵਜੂਦ ਮਾਮਲੇ ਨਹੀਂ ਰੁਕੇ। 22 ਅਤੇ 28 ਅਗਸਤ ਦੀਆਂ ਘਟਨਾਵਾਂ ਸਬੰਧੀ Bahia ਖ਼ਿਲਾਫ਼ ਅਪਰਾਧਿਕ ਦੋਸ਼ ਲਗਾਏ ਗਏ ਹਨ। ਇਸ ਤੋਂ ਇਲਾਵਾ ਚਾਰ ਹੋਰ ਕਥਿਤ ਘਟਨਾਵਾਂ ਦੀ ਗੱਲ ਵੀ ਸਾਹਮਣੇ ਆਈ ਹੈ, ਜਿਨ੍ਹਾਂ ਵਿੱਚ ਹਾਲੇ ਦੋਸ਼ ਨਹੀਂ ਲਗਾਏ ਗਏ।
ਮਾਮਲੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ Bahia ਦਾ ਨਿਊਜ਼ੀਲੈਂਡ ਵੀਜ਼ਾ ਖਤਮ ਹੋ ਚੁੱਕਾ ਸੀ, ਜਿਸ ਕਾਰਨ ਉਹ ਦੇਸ਼ ਵਿੱਚ ਕਾਨੂੰਨੀ ਤੌਰ ’ਤੇ ਰਹਿਣ ਜਾਂ ਕੰਮ ਕਰਨ ਦਾ ਹੱਕ ਨਹੀਂ ਰੱਖਦਾ ਸੀ।
Bahia ਦੂਰ-ਵਰਤੀ ਸੁਣਵਾਈ ਵਿੱਚ ਹਾਜ਼ਰ ਨਹੀਂ ਹੋਇਆ ਅਤੇ ਨਾ ਹੀ ਉਸਨੇ ਸ਼ਿਕਾਇਤ ਦੇ ਵਿਰੋਧ ਵਿੱਚ ਕੋਈ ਲਿਖਤੀ ਜਵਾਬ ਦਿੱਤਾ।
ਫੈਸਲੇ ਵਿੱਚ Trish McConnell ਨੇ ਕਿਹਾ ਕਿ ਪੈਟਰੋਲ ਚੋਰੀ ਨਾਲ ਜੁੜੀਆਂ ਹਾਲੀਆ ਘਟਨਾਵਾਂ ਨੂੰ ਦੇਖਦਿਆਂ Bahia ਨੂੰ ਹੁਣ ਇੱਕ ਜ਼ਿੰਮੇਵਾਰ ਸੁਰੱਖਿਆ ਕਰਮਚਾਰੀ ਵਜੋਂ ਕੰਮ ਕਰਨ ਲਈ ਯੋਗ ਨਹੀਂ ਮੰਨਿਆ ਜਾ ਸਕਦਾ। Authority ਨੇ ਇਸ ਗੱਲ ’ਤੇ ਵੀ ਚਿੰਤਾ ਪ੍ਰਗਟਾਈ ਕਿ ਇਹ ਘਟਨਾਵਾਂ ਅਜਿਹੀਆਂ ਥਾਵਾਂ ’ਤੇ ਹੋਈਆਂ ਜਿਨ੍ਹਾਂ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਇੱਕ Security Guard ਨੂੰ ਦਿੱਤੀ ਜਾ ਸਕਦੀ ਹੈ।
ਫੈਸਲੇ ਵਿੱਚ ਕਿਹਾ ਗਿਆ ਕਿ ਉਸਦਾ ਵੀਜ਼ਾ ਖਤਮ ਹੋਣ ਅਤੇ ਨਿਊਜ਼ੀਲੈਂਡ ਵਿੱਚ ਕਾਨੂੰਨੀ ਤੌਰ ’ਤੇ ਕੰਮ ਕਰਨ ਜਾਂ ਰਹਿਣ ਦਾ ਹੱਕ ਨਾ ਰਹਿਣ ਨੂੰ ਵੀ ਧਿਆਨ ਵਿੱਚ ਰੱਖਦਿਆਂ COA ਰੱਦ ਕਰਨਾ ਢੁੱਕਵਾਂ ਕਦਮ ਹੈ।
Bahia ਨੂੰ ਫੈਸਲਾ ਮਿਲਣ ਤੋਂ ਬਾਅਦ ਸੱਤ ਦਿਨਾਂ ਦੇ ਅੰਦਰ ਆਪਣਾ Security ID Card Licensing Authority ਨੂੰ ਵਾਪਸ ਕਰਨ ਦਾ ਹੁਕਮ ਵੀ ਦਿੱਤਾ ਗਿਆ ਹੈ।



