
ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਆਸਟ੍ਰੇਲੀਆਈ ਯਾਤਰੀ ਜੋ ਉਡਾਨਾਂ ਦੇ ਰੱਦ ਹੋਣ ਜਾਂ ਦੇਰ ਨਾਲ ਆਉਣ ਦੇ ਕਾਰਨ ਹੋਈ ਮੁਸ਼ਕਿਲ ਦਾ ਸਾਹਮਣਾ ਕਰਦੇ ਹਨ, ਹੁਣ ਜਲਦੀ ਹੀ ਵਧੇਰੇ ਸੁਰੱਖਿਆ ਦੇ ਹਕਦਾਰ ਹੋ ਸਕਦੇ ਹਨ। ਫੈਡਰਲ ਸਰਕਾਰ ਵੱਲੋਂ ਪ੍ਰਸਤਾਵਿਤ ਏਵੀਏਸ਼ਨ ਰਾਈਟਸ ਚਾਰਟਰ ਅਧੀਨ ਇਹ ਨਵੇਂ ਅਧਿਕਾਰ ਲਾਗੂ ਕੀਤੇ ਜਾਣਗੇ।
ਇਸ ਡਰਾਫਟ ਚਾਰਟਰ ਅਧੀਨ, ਏਅਰਲਾਈਨਾਂ ਨੂੰ ਹੇਠਾਂ ਦਿੱਤੀਆਂ ਗੱਲਾਂ ਜ਼ਰੂਰੀ ਬਣਾਉਣੀਆਂ ਹੋਣਗੀਆਂ:
- ਉਡਾਨ ਦੇ ਰੱਦ ਹੋਣ ‘ਤੇ ਯਾਤਰੀਆਂ ਨੂੰ ਕੂਪਨ ਦੀ ਬਜਾਏ ਪੂਰੀ ਰਕਮ ਵਾਪਸ ਦੇਣੀ ਹੋਵੇਗੀ।
- ਜੇਕਰ ਉਡਾਨ 3 ਘੰਟੇ ਤੋਂ ਵੱਧ ਦੇਰ ਨਾਲ ਆਉਂਦੀ ਹੈ ਤਾਂ ਯਾਤਰੀਆਂ ਨੂੰ ਵੱਖਰੀ ਉਡਾਨ ਬੁੱਕ ਕਰਨ ਵਿੱਚ ਮਦਦ ਮਿਲੇਗੀ।
- ਯਾਤਰੀਆਂ ਦੇ ਖਾਣੇ, ਰਿਹਾਇਸ਼ ਜਾਂ ਹੋਰ ਜ਼ਰੂਰੀ ਖਰਚਿਆਂ ਲਈ ਭੁਗਤਾਨ ਕਰਨਾ ਪਵੇਗਾ।
- ਗੁੰਮ ਗਏ ਸਮਾਨ ਨੂੰ ਮੁਫ਼ਤ ਵਾਪਸ ਭੇਜਣਾ ਜ਼ਰੂਰੀ ਹੋਵੇਗਾ।
- ਰੱਦ ਕੀਤੀਆਂ ਉਡਾਨਾਂ ਦੀ ਰਕਮ 14 ਦਿਨਾਂ ਵਿੱਚ ਵਾਪਸ ਕੀਤੀ ਜਾਵੇਗੀ, ਨਾ ਕਿ ਸਿਰਫ ਫਲਾਈਟ ਕ੍ਰੈਡਿਟ ਦਿੱਤਾ ਜਾਵੇਗਾ।
ਇਹ ਚਾਰਟਰ ਬਿੱਲ ਇਹ ਵੀ ਸਿੱਧ ਕਰਦਾ ਹੈ ਕਿ ਜੇਕਰ ਕੋਈ ਸਮੇਂ ਸਬੰਧੀ ਯਾਤਰਾ ਦੇਰ ਨਾਲ ਹੁੰਦੀ ਹੈ, ਤਾਂ ਯਾਤਰੀ ਪੂਰੀ ਰਕਮ ਵਾਪਸ ਲੈ ਕੇ ਉਸਨੂੰ ਰੱਦ ਕਰ ਸਕਦੇ ਹਨ।
ਮੰਤਰੀ ਕੈਥਰੀਨ ਕਿੰਗ ਨੇ ਕਿਹਾ, “ਆਸਟ੍ਰੇਲੀਆਈ ਯਾਤਰੀ ਪੂਰੇ ਸਨਮਾਨ ਅਤੇ ਇੱਜ਼ਤ ਦੇ ਹੱਕਦਾਰ ਹਨ, ਜਿਸ ਵਿੱਚ ਉਡਾਨ ਰੱਦ ਹੋਣ ਜਾਂ ਦੇਰ ਨਾਲ ਹੋਣ ‘ਤੇ ਵਾਜਿਵ ਹੱਲ ਮੁਹਈਆ ਕਰਨਾ ਸ਼ਾਮਲ ਹੈ।”
ਜੇਕਰ ਨਿਊਜ਼ੀਲੈਂਡ ਦੇ ਕਾਨੂੰਨ ਨਾਲ ਤੁਲਨਾ ਕੀਤੀ ਜਾਵੇ ਤਾ ਉਥੇ
ਨਿਊਜ਼ੀਲੈਂਡ ਪਹਿਲਾਂ ਹੀ ਆਪਣੇ ਨਾਗਰਿਕ ਦੇ ਹਵਾਈ ਯਾਤਰੀਆਂ ਲਈ ਹੱਕ ਸੁਰੱਖਿਅਤ ਕਰਦਾ ਹੈ। ਨਿਊਜ਼ੀਲੈਂਡ ਦੇ ਸਿਵਲ ਏਵੀਏਸ਼ਨ ਐਕਟ ਅਤੇ ਫੇਅਰ ਟ੍ਰੇਡਿੰਗ ਐਕਟ ਹੇਠ:
ਜੇਕਰ ਉਡਾਨਾਂ ਏਅਰਲਾਈਨ ਦੀ ਗਲਤੀ ਕਾਰਨ ਰੱਦ ਹੁੰਦੀਆਂ ਹਨ ਤਾਂ ਯਾਤਰੀਆਂ ਨੂੰ ਰਕਮ ਵਾਪਸ ਜਾਂ ਨਵੀਂ ਉਡਾਨ ਦੀ ਸਹੂਲਤ ਦਿੱਤੀ ਜਾਂਦੀ ਹੈ।
ਜੇਕਰ ਉਡਾਨ ਦੇਰ ਨਾਲ ਆਉਂਦੀ ਹੈ, ਤਾਂ ਯਾਤਰੀਆਂ ਨੂੰ ਖਾਣੇ ਅਤੇ ਰਿਹਾਇਸ਼ ਲਈ ਮੁਆਵਜ਼ਾ ਮਿਲਦਾ ਹੈ।
ਗੁਆਚੇ ਜਾਂ ਖਰਾਬ ਸਮਾਨ ਲਈ ਏਅਰਲਾਈਨ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਹੈ।
ਯਾਤਰੀਆਂ ਦੇ ਹੱਕਾਂ ਅਤੇ ਸ਼ਰਤਾਂ ਦੀ ਸਪਸ਼ਟ ਜਾਣਕਾਰੀ ਦੇਣੀ ਲਾਜ਼ਮੀ ਹੈ।
ਆਸਟ੍ਰੇਲੀਆ ਦਾ ਨਵਾਂ ਚਾਰਟਰ ਨਿਊਜ਼ੀਲੈਂਡ ਦੇ ਕਾਨੂੰਨਾਂ ਦੀਆਂ ਕਈ ਗੱਲਾਂ ਨਾਲ ਮੇਲ ਖਾਂਦਾ ਹੈ। ਇਹ ਯਾਤਰੀਆਂ ਨੂੰ ਵਧੇਰੇ ਸੁਰੱਖਿਆ ਅਤੇ ਵਿਸ਼ਵਾਸ ਪ੍ਰਦਾਨ ਕਰਨ ਲਈ ਇਕ ਬਹੁਤ ਵੱਡਾ ਕਦਮ ਹੈ।



