
2023 ਦੀਆਂ ਚੋਣਾਂ ਵਿੱਚ ਰੀਮਾ ਨਾਖਲੇ ਨੇ ਲੇਬਰ ਦੇ ਡਾ. ਨੇਰੂ ਲੇਵਾਸਾ ਨੂੰ 8,775 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਨਾਖਲੇ ਨੂੰ 21,936 ਅਤੇ ਲੇਵਾਸਾ ਨੂੰ 13,161 ਵੋਟਾਂ ਮਿਲੀਆਂ ਸਨ। ਹਾਲਾਂਕਿ 2020 ਵਿੱਚ ਇਹੀ ਸੀਟ ਲੇਬਰ ਨੇ 7,724 ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ। ਇਸ ਤੋਂ ਸਪੱਸ਼ਟ ਹੈ ਕਿ ਪਿਛਲੀਆਂ ਦੋ ਚੋਣਾਂ ਵਿੱਚ ਟਾਕਾਨੀਨੀ ਦੇ ਵੋਟਰਾਂ ਦਾ ਰੁਝਾਨ ਵੱਖ-ਵੱਖ ਰਿਹਾ ਹੈ।
ਇਸ ਵਾਰ ਟਾਕਾਨੀਨੀ ਵਿੱਚ ਸਭ ਤੋਂ ਅਹਿਮ ਤਬਦੀਲੀ ਚੋਣ ਹਲਕੇ ਦੀਆਂ ਹੱਦਾਂ ਵਿੱਚ ਹੋਈ ਹੈ। ਟਾਕਾਨੀਨੀ ਦੇ ਕੁਝ ਇਲਾਕੇ ਹੁਣ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਬੋਟਨੀ ਹਲਕੇ ਅਤੇ ਪਾਪਾਕੁਰਾ ਵਿੱਚ ਸ਼ਾਮਲ ਹੋ ਗਏ ਹਨ।
ਇਨ੍ਹਾਂ ਤਬਦੀਲੀਆਂ ਕਾਰਨ ਨੈਸ਼ਨਲ ਅਤੇ ਲੇਬਰ ਪਾਰਟੀ ਦੇ ਪੁਰਾਣੇ ਵੋਟ ਬੈਂਕ ਦਾ ਹਿਸਾਬ ਵੀ ਬਦਲ ਸਕਦਾ ਹੈ। ਖ਼ਾਸ ਕਰਕੇ ਨੈਸ਼ਨਲ ਪਾਰਟੀ ਨੂੰ ਸਮਰਥਨ ਦੇਣ ਵਾਲੇ ਕੁਝ ਇਲਾਕਿਆਂ ਦੇ ਟਾਕਾਨੀਨੀ ਤੋਂ ਬਾਹਰ ਜਾਣ ਦਾ ਚੋਣ ਨਤੀਜੇ ਉੱਤੇ ਕੀ ਅਸਰ ਪੈਂਦਾ ਹੈ, ਇਹ ਅਹਿਮ ਸਵਾਲ ਹੈ।
ਇਸੇ ਤਰ੍ਹਾਂ ਮੈਨੁਰੇਵਾ ਨਾਲ ਲੱਗਦੇ ਕੁਝ ਇਲਾਕੇ, ਜਿਨ੍ਹਾਂ ਵਿੱਚ ਮੈਨੁਰੇਵਾ ਈਸਟ ਵੀ ਸ਼ਾਮਲ ਹੈ, ਪਹਿਲਾਂ ਤੋਂ ਟਾਕਾਨੀਨੀ ਹਲਕੇ ਦਾ ਹਿੱਸਾ ਹਨ। ਮੈਨੁਰੇਵਾ ਲੰਬੇ ਸਮੇਂ ਤੋਂ ਲੇਬਰ ਪਾਰਟੀ ਦਾ ਮਜ਼ਬੂਤ ਚੋਣ ਹਲਕਾ ਰਿਹਾ ਹੈ। ਇਸ ਲਈ ਮੈਨੁਰੇਵਾ ਨਾਲ ਜੁੜੇ ਇਲਾਕਿਆਂ ਦੇ ਵੋਟਿੰਗ ਰੁਝਾਨ ਵੀ ਟਾਕਾਨੀਨੀ ਦੇ ਸਿਆਸੀ ਵਿਸ਼ਲੇਸ਼ਣ ਵਿੱਚ ਅਹਿਮ ਹਨ।
ਹਾਲਾਂਕਿ 2025 ਦੀ ਨਵੀਂ ਹੱਦਬੰਦੀ ਦੌਰਾਨ ਵਾਟਲ ਡਾਊਨਜ਼ ਦਾ ਕੁਝ ਹਿੱਸਾ ਟਾਕਾਨੀਨੀ ਤੋਂ ਮੈਨੁਰੇਵਾ ਹਲਕੇ ਵਿੱਚ ਤਬਦੀਲ ਕੀਤਾ ਗਿਆ ਹੈ।
ਇਨ੍ਹਾਂ ਤਬਦੀਲੀਆਂ ਦੇ ਮੱਦੇਨਜ਼ਰ ਲੇਬਰ ਉਮੀਦਵਾਰ ਖੜਗ ਸਿੰਘ ਅਤੇ ਨੈਸ਼ਨਲ ਦੀ ਰੀਮਾ ਨਾਖਲੇ ਵਿਚਾਲੇ ਇਸ ਵਾਰ ਵੋਟਾਂ ਦਾ ਫ਼ਰਕ ਕਿੰਨਾ ਰਹਿੰਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ। ਪਿਛਲੀਆਂ ਚੋਣਾਂ ਦਾ 8,775 ਵੋਟਾਂ ਦਾ ਫ਼ਰਕ ਨਵੀਆਂ ਹੱਦਾਂ ਵਾਲੇ ਹਲਕੇ ਦੇ ਨਤੀਜੇ ਦਾ ਸਿੱਧਾ ਪੈਮਾਨਾ ਨਹੀਂ ਮੰਨਿਆ ਜਾ ਸਕਦਾ।
ਖੜਗ ਸਿੰਘ ਲਈ ਪੰਜਾਬੀ-ਸਿੱਖ ਪਛਾਣ ਅਤੇ ਭਾਈਚਾਰਕ ਸੰਪਰਕ ਅਹਿਮ
ਟਾਕਾਨੀਨੀ ਦੀ ਇੱਕ ਹੋਰ ਵਿਸ਼ੇਸ਼ਤਾ ਇੱਥੇ ਸਿੱਖ ,ਭਾਰਤੀ ਅਤੇ ਪੰਜਾਬੀ ਮੂਲ ਦੇ ਲੋਕਾਂ ਦੀ ਵੱਡੀ ਮੌਜੂਦਗੀ ਹੈ। ਇੱਕ ਪ੍ਰਕਾਸ਼ਿਤ ਰਿਪੋਰਟ ਵਿੱਚ ਟਾਕਾਨੀਨੀ ਦੀ ਲਗਭਗ 40 ਫ਼ੀਸਦੀ ਆਬਾਦੀ ਸਿੱਖ ਅਤੇ ਭਾਰਤੀ ਮੂਲ ਦੀ ਦੱਸੀ ਗਈ ਹੈ। ਹਾਲਾਂਕਿ ਨਵੀਆਂ ਚੋਣ ਹੱਦਾਂ ਅਨੁਸਾਰ ਇਸ ਅੰਕੜੇ ਦੀ ਵੱਖਰੀ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਖੜਗ ਸਿੰਘ ਲੰਬੇ ਸਮੇਂ ਤੋਂ ਦੱਖਣੀ ਆਕਲੈਂਡ ਵਿੱਚ ਕਾਰੋਬਾਰ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੁੜੇ ਰਹੇ ਹਨ। ਉਹ 2020 ਵਿੱਚ ਟਾਕਾਨੀਨੀ ਤੋਂ ਜਿੱਤਣ ਵਾਲੇ ਲੇਬਰ ਉਮੀਦਵਾਰ ਡਾ. ਨੇਰੂ ਲੇਵਾਸਾ ਦੀ ਚੋਣ ਮੁਹਿੰਮ ਨਾਲ ਵੀ ਜੁੜੇ ਹੋਏ ਸਨ। ਇਸ ਵਾਰ ਲੇਬਰ ਵੱਲੋਂ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰਨ ਨਾਲ ਪਾਰਟੀ ਨੂੰ ਇੱਕ ਤਜਰਬੇਕਾਰ ਸਥਾਨਕ ਚਿਹਰਾ ਮਿਲਿਆ ਹੈ।
ਟਾਕਾਨੀਨੀ ਦਾ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵੀ ਸਿੱਖ ਭਾਈਚਾਰੇ ਦਾ ਇੱਕ ਵੱਡਾ ਕੇਂਦਰ ਹੈ। ਇੱਥੇ ਹੋਣ ਵਾਲੇ ਧਾਰਮਿਕ ਅਤੇ ਸਮਾਜਿਕ ਸਮਾਗਮ ਸਿਆਸੀ ਆਗੂਆਂ ਨੂੰ ਭਾਈਚਾਰੇ ਨਾਲ ਸਿੱਧੇ ਸੰਪਰਕ ਦਾ ਮੌਕਾ ਦਿੰਦੇ ਹਨ। ਖੜਗ ਸਿੰਘ ਦਾ ਸਿੱਖ ਪਿਛੋਕੜ ਅਤੇ ਭਾਈਚਾਰੇ ਨਾਲ ਪੁਰਾਣੀ ਸਾਂਝ ਉਨ੍ਹਾਂ ਦੀ ਜਨਤਕ ਪਛਾਣ ਦਾ ਅਹਿਮ ਹਿੱਸਾ ਹੈ।
ਹਾਲਾਂਕਿ ਭਾਰਤੀ ਜਾਂ ਸਿੱਖ ਮੂਲ ਦੇ ਸਾਰੇ ਵੋਟਰਾਂ ਨੂੰ ਕਿਸੇ ਇੱਕ ਉਮੀਦਵਾਰ ਦਾ ਸਮਰਥਕ ਮੰਨਣਾ ਠੀਕ ਨਹੀਂ ਹੋਵੇਗਾ। ਇਸ ਭਾਈਚਾਰੇ ਵਿੱਚ ਵੀ ਵੱਖ-ਵੱਖ ਸਿਆਸੀ ਵਿਚਾਰ ਰੱਖਣ ਵਾਲੇ ਲੋਕ ਹਨ।
ਦੂਜੇ ਪਾਸੇ ਰੀਮਾ ਨਾਖਲੇ ਨੂੰ ਵੀ ਹਲਕੇ ਵਿੱਚ ਉਨ੍ਹਾਂ ਦੇ ਲਗਾਤਾਰ ਜਨ ਸੰਪਰਕ ਕਾਰਨ ਜਾਣਿਆ ਜਾਂਦਾ ਹੈ। ਸਥਾਨਕ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਸਮਾਗਮਾਂ ਵਿੱਚ ਸ਼ਮੂਲੀਅਤ ਤੋਂ ਇਲਾਵਾ ਉਹ ਲੋਕਾਂ ਦੀਆਂ ਸਮੱਸਿਆਵਾਂ ਉਠਾਉਂਦੇ ਰਹੇ ਹਨ।
ਖ਼ਾਸ ਕਰਕੇ Mill Road, ਟ੍ਰੈਫਿਕ ਸਮੱਸਿਆਵਾਂ, ਸੁਰੱਖਿਆ ਅਤੇ ਸਕੂਲਾਂ ਵਰਗੇ ਮੁੱਦੇ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਰਹੇ ਹਨ। ਟਾਕਾਨੀਨੀ ਦੇ ਸਿੱਖ ਭਾਈਚਾਰੇ ਨਾਲ ਵੀ ਉਨ੍ਹਾਂ ਅਤੇ ਨੈਸ਼ਨਲ ਪਾਰਟੀ ਦੇ ਸੀਨੀਅਰ ਆਗੂਆਂ ਦਾ ਸੰਪਰਕ ਰਿਹਾ ਹੈ। ਮੌਜੂਦਾ ਸੰਸਦ ਮੈਂਬਰ ਹੋਣ ਦਾ ਤਜਰਬਾ ਉਨ੍ਹਾਂ ਦੀ ਚੋਣ ਮੁਹਿੰਮ ਦਾ ਇੱਕ ਹੋਰ ਅਹਿਮ ਪੱਖ ਹੈ।
ਪਰ ਰੀਮਾ ਨਾਖਲੇ ਲਈ ਚੁਣੌਤੀ ਇਹ ਵੀ ਹੈ ਕਿ ਉਹ ਮੌਜੂਦਾ ਨੈਸ਼ਨਲ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਲਈ ਵੋਟਰਾਂ ਵੱਲੋਂ ਉਨ੍ਹਾਂ ਦੇ ਸਥਾਨਕ ਕੰਮਕਾਜ ਦੇ ਨਾਲ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਵੀ ਮੁਲਾਂਕਣ ਕੀਤਾ ਜਾ ਸਕਦਾ ਹੈ।
ਨਿਊਜ਼ੀਲੈਂਡ ਵਿੱਚ ਮਹਿੰਗਾਈ ਅਤੇ cost of living ਦੇ ਵਧਦੇ ਖ਼ਰਚੇ ਇਸ ਵਾਰ ਦੀਆਂ ਚੋਣਾਂ ਵਿੱਚ ਚਰਚਾ ਦਾ ਵਿਸ਼ਾ ਹਨ। ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਸਤੰਬਰ 2026 ਤੱਕ ਸਾਲਾਨਾ ਮਹਿੰਗਾਈ ਦਰ 3.7 ਫ਼ੀਸਦੀ ਸੀ, ਜੋ ਰਿਜ਼ਰਵ ਬੈਂਕ ਦੀ ਨਿਰਧਾਰਤ ਟੀਚਾ-ਹੱਦ ਤੋਂ ਉੱਪਰ ਹੈ।
ਲੇਬਰ ਪਾਰਟੀ ਵਿਰੋਧੀ ਧਿਰ ਵਿੱਚ ਹੋਣ ਕਰਕੇ ਮਹਿੰਗਾਈ, ਰੁਜ਼ਗਾਰ, ਸਿਹਤ ਅਤੇ ਘਰੇਲੂ ਖ਼ਰਚਿਆਂ ਦੇ ਮੁੱਦਿਆਂ ਉੱਤੇ ਸਰਕਾਰ ਨੂੰ ਘੇਰ ਰਹੀ ਹੈ। ਦੂਜੇ ਪਾਸੇ ਨੈਸ਼ਨਲ ਪਾਰਟੀ ਆਪਣੇ ਆਰਥਿਕ ਪ੍ਰਬੰਧਨ, ਮਹਿੰਗਾਈ ਦੀ ਦਰ ਵਿੱਚ ਹਾਲੀਆ ਕਮੀ ਅਤੇ ਵਿਕਾਸ ਪ੍ਰਾਜੈਕਟਾਂ ਨੂੰ ਉਭਾਰ ਰਹੀ ਹੈ।
ਟਾਕਾਨੀਨੀ ਵਿੱਚ ਇਸ ਵਾਰ ਦੋਵਾਂ ਉਮੀਦਵਾਰਾਂ ਦੀਆਂ ਵੱਖਰੀਆਂ ਸਿਆਸੀ ਅਤੇ ਸਮਾਜਿਕ ਪਛਾਣਾਂ ਸਾਹਮਣੇ ਹਨ। ਰੀਮਾ ਨਾਖਲੇ ਕੋਲ ਪਿਛਲੀਆਂ ਚੋਣਾਂ ਦੀ ਵੱਡੀ ਜਿੱਤ, ਸੰਸਦ ਮੈਂਬਰ ਦਾ ਤਜਰਬਾ ਅਤੇ ਲਗਾਤਾਰ ਜਨ ਸੰਪਰਕ ਹੈ। ਉੱਥੇ ਹੀ ਖੜਗ ਸਿੰਘ ਕੋਲ ਸਥਾਨਕ ਕਾਰੋਬਾਰੀ ਅਤੇ ਭਾਈਚਾਰਕ ਤਜਰਬਾ, ਲੇਬਰ ਦਾ ਜਥੇਬੰਦਕ ਢਾਂਚਾ ਅਤੇ ਪੰਜਾਬੀ-ਸਿੱਖ ਭਾਈਚਾਰੇ ਨਾਲ ਪੁਰਾਣੀ ਸਾਂਝ ਹੈ।
ਨਵੀਆਂ ਚੋਣ ਹੱਦਾਂ ਕਾਰਨ ਪਿਛਲੀਆਂ ਚੋਣਾਂ ਦੇ 8,775 ਵੋਟਾਂ ਦੇ ਫ਼ਰਕ ਨੂੰ ਇਸ ਵਾਰ ਦੇ ਮੁਕਾਬਲੇ ਦਾ ਸਿੱਧਾ ਪੈਮਾਨਾ ਨਹੀਂ ਮੰਨਿਆ ਜਾ ਸਕਦਾ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਦਲੀਆਂ ਹੱਦਾਂ, ਮਹਿੰਗਾਈ, ਸਰਕਾਰ ਦੀ ਕਾਰਗੁਜ਼ਾਰੀ ਅਤੇ ਦੋਵਾਂ ਉਮੀਦਵਾਰਾਂ ਦਾ ਜ਼ਮੀਨੀ ਜਨ ਸੰਪਰਕ ਵੋਟਰਾਂ ਦੇ ਫ਼ੈਸਲੇ ਵਿੱਚ ਕਿਸ ਤਰ੍ਹਾਂ ਸਾਹਮਣੇ ਆਉਂਦੇ ਹਨ।
ਟਾਕਾਨੀਨੀ ਦੇ 2020 ਅਤੇ 2023 ਦੇ ਬਿਲਕੁਲ ਵੱਖਰੇ ਨਤੀਜੇ ਇਹ ਦਰਸਾਉਂਦੇ ਹਨ ਕਿ ਇੱਥੇ ਵੋਟਰ ਪਹਿਲਾਂ ਆਪਣਾ ਸਿਆਸੀ ਫ਼ੈਸਲਾ ਬਦਲ ਚੁੱਕੇ ਹਨ। ਹੁਣ 7 ਨਵੰਬਰ ਦਾ ਨਤੀਜਾ ਹੀ ਦੱਸੇਗਾ ਕਿ ਨਵੀਆਂ ਹੱਦਾਂ ਵਾਲੇ ਟਾਕਾਨੀਨੀ ਵਿੱਚ ਸਿਆਸੀ ਤਸਵੀਰ ਕਿਹੋ ਜਿਹੀ ਬਣਦੀ ਹੈ।



