
ਮਮਦਾਨੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਵੇਂ ਉਹ ਇਸ ਪ੍ਰੋਗਰਾਮ ਦੇ ਹੱਕ ਵਿੱਚ ਨਹੀਂ ਹਨ, ਪਰ ਇਹ ਇੱਕ ਨਿੱਜੀ ਸਮਾਗਮ ਹੈ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਸ਼ਹਿਰ ਕੋਲ ਇਸ ਨੂੰ ਰੱਦ ਕਰਨ ਦਾ ਕਾਨੂੰਨੀ ਅਧਿਕਾਰ ਹੈ ਜਾਂ ਨਹੀਂ।
ਮੋਹਨ ਭਾਗਵਤ RSS ਦੇ ਸ਼ਤਾਬਦੀ ਸਾਲ ਨਾਲ ਜੁੜੇ ਗਲੋਬਲ ਆਊਟਰੀਚ ਪ੍ਰੋਗਰਾਮ ਤਹਿਤ ਅਮਰੀਕਾ ਪਹੁੰਚੇ ਹਨ। ਉਹ 29 ਅਗਸਤ ਨੂੰ ਨਿਊਯਾਰਕ ਦੇ ਮਸ਼ਹੂਰ ਮੈਡੀਸਨ ਸਕੁਏਅਰ ਗਾਰਡਨ ਵਿੱਚ ਹੋਣ ਵਾਲੇ ‘Universal Oneness Celebration’ ਵਿੱਚ ਸ਼ਾਮਲ ਹੋਣਗੇ, ਜਿੱਥੇ ਲਗਭਗ 5,000 ਲੋਕਾਂ ਨੂੰ ਸੰਬੋਧਨ ਕਰਨ ਦੀ ਉਮੀਦ ਹੈ।
ਮਮਦਾਨੀ ਨੇ ਕਿਹਾ ਕਿ ਉਹ ਭਾਰਤ ਨੂੰ ਇੱਕ ਬਹੁਵਾਦੀ ਅਤੇ ਧਰਮ ਨਿਰਪੱਖ ਸਮਾਜ ਵਜੋਂ ਦੇਖਦੇ ਹਨ ਅਤੇ ਕਿਸੇ ਵੀ ਅਜਿਹੀ ਵਿਚਾਰਧਾਰਾ ਦਾ ਵਿਰੋਧ ਕਰਦੇ ਹਨ ਜੋ ਲੋਕਾਂ ਨੂੰ ਉਨ੍ਹਾਂ ਦੀ ਪਛਾਣ, ਧਰਮ ਜਾਂ ਵਿਸ਼ਵਾਸ ਦੇ ਆਧਾਰ ’ਤੇ ਵੰਡਦੀ ਹੋਵੇ।
ਇਸ ਦੌਰਾਨ ਕਈ ਅੰਤਰ-ਧਰਮ ਅਤੇ ਸਿਵਲ ਅਧਿਕਾਰ ਸੰਸਥਾਵਾਂ ਨੇ ਵੀ ਸਮਾਗਮ ਦਾ ਵਿਰੋਧ ਕੀਤਾ ਹੈ। Hindus for Human Rights, Indian American Muslim Council ਅਤੇ Interfaith Center of New York ਸਮੇਤ ਕਈ ਜਥੇਬੰਦੀਆਂ ਨੇ ਨਿਊਯਾਰਕ ਸਿਟੀ ਹਾਲ ਦੇ ਬਾਹਰ ਪ੍ਰਦਰਸ਼ਨ ਕਰਕੇ ਸਮਾਗਮ ਰੱਦ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ, ਸਮਾਗਮ ਦੇ ਆਯੋਜਕਾਂ ਦਾ ਕਹਿਣਾ ਹੈ ਕਿ ‘Universal Oneness Celebration’ ਦਾ ਉਦੇਸ਼ ਮਨੁੱਖਤਾ, ਆਪਸੀ ਸਤਿਕਾਰ ਅਤੇ ਏਕਤਾ ਦਾ ਸੰਦੇਸ਼ ਦੇਣਾ ਹੈ। ਮੋਹਨ ਭਾਗਵਤ ਆਪਣੇ ਇਸ ਗਲੋਬਲ ਆਊਟਰੀਚ ਦੌਰੇ ਦੌਰਾਨ ਅਮਰੀਕਾ ਤੋਂ ਇਲਾਵਾ ਕੈਨੇਡਾ ਅਤੇ ਯੂਕੇ ਦਾ ਵੀ ਦੌਰਾ ਕਰਨਗੇ।


