ਆਕਲੈਂਡ (NZ Punjabi News) – ਆਕਲੈਂਡ ਦੇ ਟਾਕਾਨੀਨੀ ਇਲਾਕੇ ਵਿੱਚ ਐਤਵਾਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਸੜਕ ਤੋਂ ਬੇਕਾਬੂ ਹੋ ਕੇ ਬਰਗਰਫਿਊਲ ਰੈਸਟੋਰੈਂਟ ਵਿੱਚ ਜਾ ਵੱਜੀ। ਇਸ ਭਿਆਨਕ ਹਾਦਸੇ ਵਿੱਚ ਕਾਰ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਰੈਸਟੋਰੈਂਟ ਦੇ ਅੰਦਰ ਮੌਜੂਦ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਲੱਗੀ।
ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਰਾਤ 10:15 ਵਜੇ ਤੋਂ ਥੋੜ੍ਹੀ ਦੇਰ ਬਾਅਦ ਹਾਦਸੇ ਦੀ ਸੂਚਨਾ ਮਿਲੀ। ਮੁੱਢਲੀ ਜਾਣਕਾਰੀ ਅਨੁਸਾਰ ਕਾਰ ਗ੍ਰੇਟ ਸਾਊਥ ਰੋਡ ‘ਤੇ ਇੱਕ ਰਾਊਂਡਅਬਾਊਟ ਨੇੜੇ ਬੇਕਾਬੂ ਹੋ ਗਈ। ਇਸ ਤੋਂ ਬਾਅਦ ਕਾਰ ਘਾਹ ਵਾਲੇ ਹਿੱਸੇ ਨੂੰ ਪਾਰ ਕਰਦੀ ਹੋਈ ਵਾੜ ਤੋੜ ਕੇ ਸਿੱਧੀ ਰੈਸਟੋਰੈਂਟ ਵਿੱਚ ਜਾ ਵੜੀ।
ਫਾਇਰ ਐਂਡ ਐਮਰਜੈਂਸੀ ਦੀਆਂ ਟੀਮਾਂ ਨੂੰ ਸੂਚਨਾ ਮਿਲੀ ਸੀ ਕਿ ਇਮਾਰਤ ਅੰਦਰ ਲੋਕ ਮੌਜੂਦ ਹੋ ਸਕਦੇ ਹਨ ਅਤੇ ਕੋਈ ਵਿਅਕਤੀ ਮਲਬੇ ਹੇਠ ਫਸਿਆ ਹੋ ਸਕਦਾ ਹੈ। ਹਾਲਾਂਕਿ ਪੁਲਿਸ ਨੇ ਪੁਸ਼ਟੀ ਕੀਤੀ ਕਿ ਕਾਰ ਵਿੱਚ ਸਵਾਰ ਤਿੰਨਾਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਸਮੇਂ ਰੈਸਟੋਰੈਂਟ ਵਿੱਚ ਸਟਾਫ਼ ਕੰਮ ਕਰ ਰਿਹਾ ਸੀ, ਪਰ ਸਾਰੇ ਕਰਮਚਾਰੀ ਸੁਰੱਖਿਅਤ ਰਹੇ।
ਬਰਗਰਫਿਊਲ ਨੇ ਦੱਸਿਆ ਕਿ ਹਾਦਸੇ ਸਮੇਂ ਟਾਕਾਨੀਨੀ ਰੈਸਟੋਰੈਂਟ ਖੁੱਲ੍ਹਾ ਹੋਇਆ ਸੀ। ਕੰਪਨੀ ਦੀ ਬ੍ਰਾਂਡ ਅਤੇ ਮਾਰਕੀਟਿੰਗ ਮੁਖੀ ਨਿੱਕੀ ਸੂਨਜ਼ ਨੇ ਕਿਹਾ ਕਿ ਕੰਪਨੀ ਇਸ ਦੁਖਦਾਈ ਘਟਨਾ ਨਾਲ ਪ੍ਰਭਾਵਿਤ ਪਰਿਵਾਰਾਂ ਅਤੇ ਸਾਰੇ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ।
ਹਾਦਸੇ ਕਾਰਨ ਰੈਸਟੋਰੈਂਟ ਦੀ ਇਮਾਰਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਕਾਰ ਦੀ ਟੱਕਰ ਨਾਲ ਮੇਜ਼ ਅਤੇ ਕੁਰਸੀਆਂ ਦੂਰ ਤੱਕ ਖਿੱਲਰ ਗਈਆਂ। ਜਾਂਚ ਅਤੇ ਨੁਕਸਾਨ ਦਾ ਜਾਇਜ਼ਾ ਲੈਣ ਤੱਕ ਰੈਸਟੋਰੈਂਟ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਰਸਮੀ ਪਛਾਣ ਦੀ ਪ੍ਰਕਿਰਿਆ ਜਾਰੀ ਹੈ, ਜਿਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
ਇਸ ਹਾਦਸੇ ਤੋਂ ਬਾਅਦ ਗ੍ਰੇਟ ਸਾਊਥ ਰੋਡ ‘ਤੇ ਤੇਜ਼ ਰਫ਼ਤਾਰ ਅਤੇ ਖ਼ਤਰਨਾਕ ਡਰਾਈਵਿੰਗ ਨੂੰ ਲੈ ਕੇ ਮੁੜ ਚਿੰਤਾ ਵਧ ਗਈ ਹੈ। ਇੱਕ ਸਥਾਨਕ ਡਿਲਿਵਰੀ ਡਰਾਈਵਰ ਨੇ RNZ ਨੂੰ ਦੱਸਿਆ ਕਿ ਇਸ ਇਲਾਕੇ ਵਿੱਚ ਅਕਸਰ ਵਾਹਨ ਤੇਜ਼ ਰਫ਼ਤਾਰ ਨਾਲ ਚਲਾਏ ਜਾਂਦੇ ਹਨ ਅਤੇ ਇੱਥੇ ਸੜਕਾਂ ‘ਤੇ ਰੇਸਿੰਗ ਦੀਆਂ ਘਟਨਾਵਾਂ ਵੀ ਹੁੰਦੀਆਂ ਰਹਿੰਦੀਆਂ ਹਨ। ਹਾਲਾਂਕਿ ਪੁਲਿਸ ਨੇ ਹਾਦਸੇ ਸਮੇਂ ਕਾਰ ਦੀ ਰਫ਼ਤਾਰ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ।
ਮਨੁਰੇਵਾ-ਪਾਪਾਕੁਰਾ ਵਾਰਡ ਦੇ ਕੌਂਸਲਰ ਮੈਟ ਵਿਨਿਆਟਾ ਨੇ ਵੀ ਕਿਹਾ ਕਿ ਉਨ੍ਹਾਂ ਨੇ ਗ੍ਰੇਟ ਸਾਊਥ ਰੋਡ ‘ਤੇ ਕਈ ਵਾਰ ਵਾਹਨ ਚਾਲਕਾਂ ਨੂੰ ਖ਼ਤਰਨਾਕ ਤਰੀਕੇ ਨਾਲ ਗੱਡੀਆਂ ਚਲਾਉਂਦੇ ਦੇਖਿਆ ਹੈ। ਉਨ੍ਹਾਂ ਖ਼ਾਸ ਤੌਰ ‘ਤੇ ਤਾਕਤਵਰ ਅਤੇ ਤੇਜ਼ ਵਾਹਨ ਚਲਾਉਣ ਵਾਲਿਆਂ ਨੂੰ ਰਫ਼ਤਾਰ ਘੱਟ ਰੱਖਣ ਅਤੇ ਬੇਲੋੜੇ ਜੋਖ਼ਮ ਨਾ ਲੈਣ ਦੀ ਅਪੀਲ ਕੀਤੀ।
ਕੌਂਸਲਰ ਨੇ ਕਿਹਾ ਕਿ ਜੇਕਰ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਪਰਵਾਹ ਕਰਦੇ ਹਨ ਤਾਂ ਉਨ੍ਹਾਂ ਨੂੰ ਕਿਤੇ ਵੀ ਪਹੁੰਚਣ ਦੀ ਕਾਹਲੀ ਨਹੀਂ ਕਰਨੀ ਚਾਹੀਦੀ ਅਤੇ ਸੜਕਾਂ ‘ਤੇ ਰੇਸਿੰਗ ਕਰਨ ਦੀ ਬਜਾਏ ਆਪਣੀ ਰਫ਼ਤਾਰ ਦਾ ਸ਼ੌਕ ਰੇਸ ਟਰੈਕ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ।
ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਦੇ ਕੰਮ ਦੌਰਾਨ ਸੜਕ ਨੂੰ ਬੰਦ ਕੀਤਾ ਗਿਆ ਸੀ, ਪਰ ਹੁਣ ਇਸ ਨੂੰ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।



