ਐਡਲੇਡ ਏਅਰਪੋਰਟ ‘ਤੇ ਉਡਾਣ ਤੋਂ ਠੀਕ ਪਹਿਲਾਂ ਹਵਾਈ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ

Adelaideਮੈਲਬੋਰਨ (ਹਰਪ੍ਰੀਤ ਸਿੰਘ) – ਐਡਲੇਡ ਏਅਰਪੋਰਟ ‘ਤੇ ਇੱਕ ਹਵਾਈ ਜਹਾਜ਼ ਦੇ ਇੰਜਣ ‘ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਹਵਾਈ ਅੱਡੇ ਦੀਆਂ ਕਾਰਵਾਈਆਂ ਕੁਝ ਸਮੇਂ ਲਈ ਰੋਕ ਦਿੱਤੀਆਂ ਗਈਆਂ। ਇਹ ਘਟਨਾ ਰੈਕਸ ਏਅਰਲਾਈਨਜ਼ ਦੀ ਉਸ ਉਡਾਣ ਦੌਰਾਨ ਵਾਪਰੀ ਜੋ ਸਵੇਰੇ 7 ਵਜੇ ਬ੍ਰੋਕਨ ਹਿੱਲ ਲਈ ਉੱਡਣ ਵਾਲੀ ਸੀ।

ਉਡਾਣ ਤੋਂ ਠੀਕ ਪਹਿਲਾਂ ਪਾਇਲਟ ਨੇ ਬ੍ਰੇਕ ਲਗਾਈ ਅਤੇ ਟੇਕ-ਆਫ਼ ਰੱਦ ਕਰ ਦਿੱਤਾ। ਇਸੇ ਦੌਰਾਨ ਯਾਤਰੀਆਂ ਨੇ ਜਹਾਜ਼ ਦੇ ਇੰਜਣ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਇੱਕ ਯਾਤਰੀ ਵਾਰਵਿਕ ਬੈਵਰਲੀ ਨੇ ਕਿਹਾ, “ਜਦੋਂ ਜਹਾਜ਼ ਨੇ ਉਡਣ ਤੋਂ ਪਹਿਲਾਂ ਬ੍ਰੇਕ ਮਾਰੀ, ਮੈਂ ਸੋਚਿਆ – ਇਹ ਠੀਕ ਨਹੀਂ। ਫਿਰ ਕਿਸੇ ਨੇ ਚੀਕਿਆ ‘ਅੱਗ, ਅੱਗ’, ਤਾਂ ਸਮਝ ਆ ਗਿਆ ਕਿ ਗੱਲ ਗੰਭੀਰ ਹੈ।”

ਬੈਵਰਲੀ ਅਤੇ ਉਸਦੀ ਮੰਗੇਤਰ ਸੈਂਡੀ ਹੋਲਮਜ਼ ਐਡਲੇਡ ਵਿੱਚ ਦਿਮਾਗ ਦੀ ਸਰਜਰੀ ਤੋਂ ਬਾਅਦ ਘਰ ਵਾਪਸ ਜਾ ਰਹੇ ਸਨ। ਹੋਲਮਜ਼ ਨੇ ਕਿਹਾ, “ਮੈਂ ਉੱਡਣ ਤੋਂ ਪਹਿਲਾਂ ਹੀ ਬਹੁਤ ਡਰੀ ਹੋਈ ਸੀ। ਆਪਣੇ ਆਪ ਨੂੰ ਇਹ ਯਕੀਨ ਦਿਵਾ ਰਹੀ ਸੀ ਕਿ ਮੈਂ ਹਵਾਈ ਜਹਾਜ਼ ਵਿੱਚ ਨਹੀਂ, ਦਰਿਆ ਕਿਨਾਰੇ ਬੈਠੀ ਹਾਂ — ਮੇਰਾ ਦਿਲ ਛਾਤੀ ਤੋਂ ਬਾਹਰ ਨਿਕਲ ਰਿਹਾ ਸੀ।”

ਅੱਗ ਖੁਦ-ਬ-ਖੁਦ ਬੁਝ ਗਈ ਅਤੇ ਸਾਰੇ ਯਾਤਰੀਆਂ ਤੇ ਕਰਮਚਾਰੀਆਂ ਨੂੰ ਸੁਰੱਖਿਅਤ ਤੌਰ ‘ਤੇ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ। ਉਨ੍ਹਾਂ ਨੂੰ ਬੱਸ ਰਾਹੀਂ ਵਾਪਸ ਟਰਮੀਨਲ ਭੇਜਿਆ ਗਿਆ ਅਤੇ ਕਿਸੇ ਹੋਰ ਉਡਾਣ ‘ਤੇ ਬੁਕ ਕੀਤਾ ਗਿਆ।

Share it :
error: Content is protected !!