ਨਿਊਜ਼ੀਲੈਂਡ ਤੋਂ ਗਏ ਮਲੇਸ਼ੀਆ ‘ਚ ਫਸੇ ਪੰਜਾਬੀ ਨੌਜਵਾਨ ਆਕਾਸ਼ ‘ਤੇ ਨਵਾਂ ਵਿਵਾਦ , ਨਿਊਜ਼ੀਲੈਂਡ ਦੇ ਪੰਜਾਬੀ ਵਿਅਕਤੀ ਤੋਂ 70 ਹਜ਼ਾਰ ਡਾਲਰ ਠੱਗਣ ਦੇ ਦੋਸ਼

ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ) ਨਿਊਜ਼ੀਲੈਂਡ ਤੋਂ ਭਾਰਤ ਜਾ ਰਹੇ ਅਤੇ ਮਲੇਸ਼ੀਆ ਦੇ ਕੁਆਲਾਲੰਪੁਰ ਇੰਟਰਨੈਸ਼ਨਲ ਏਅਰਪੋਰਟ ‘ਤੇ ਕਰੀਬ ਦੋ ਹਫ਼ਤੇ ਫਸੇ ਰਹਿਣ ਕਾਰਨ ਚਰਚਾਵਾਂ ਵਿੱਚ ਆਏ ਭਾਰਤੀ ਮੂਲ ਦੇ ਵਿਅਕਤੀ ਆਕਾਸ਼ ਪੁਸ਼ਕਰਨਾ ਉੱਤੇ ਹੁਣ ਨਿਊਜ਼ੀਲੈਂਡ ਵਿੱਚ ਰਹਿੰਦੇ ਇੱਕ ਪੰਜਾਬੀ ਵਿਅਕਤੀ ਨੇ ਗੰਭੀਰ ਦੋਸ਼ ਲਗਾਏ ਹਨ। ਨਿਊਜ਼ੀਲੈਂਡ ਪੰਜਾਬੀ ਨਿਊਜ਼ ਨੂੰ ਦਿੱਤੇ ਇਕ ਖਾਸ ਇੰਟਰਵਿਊ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਕਾਸ਼ ਨੇ ਇਮੋਸ਼ਨਲ ਕਹਾਣੀਆਂ, ਝੂਠੇ ਵਾਅਦਿਆਂ ਅਤੇ ਐਮਰਜੈਂਸੀ ਹਾਲਾਤਾਂ ਦਾ ਹਵਾਲਾ ਦੇ ਕੇ ਉਸ ਤੋਂ ਲਗਭਗ 70 ਹਜ਼ਾਰ ਨਿਊਜ਼ੀਲੈਂਡ ਡਾਲਰ ਲਏ।

ਪੀੜਤ ਵਿਅਕਤੀ, ਜਿਸ ਦੀ ਪਛਾਣ ਸੁਰੱਖਿਆ ਕਾਰਨਾਂ ਕਰਕੇ “ਜੋਗਿੰਦਰ ” (ਬਦਲਿਆ ਹੋਇਆ ਨਾਮ) ਵਜੋਂ ਕੀਤੀ ਗਈ ਹੈ, ਨੇ ਦੱਸਿਆ ਕਿ ਉਸ ਦੀ ਆਕਾਸ਼ ਨਾਲ ਪਹਿਲੀ ਮੁਲਾਕਾਤ ਸਾਲ 2018 ਵਿੱਚ ਕ੍ਰਾਈਸਟਚਰਚ ਵਿੱਚ ਇੱਕ ਸਾਂਝੇ ਦੋਸਤ ਰਾਹੀਂ ਹੋਈ ਸੀ। ਉਸ ਸਮੇਂ ਆਕਾਸ਼ ਇੱਕ ਲੱਕੜ ਮਸ਼ੀਨ ਆਪਰੇਟਰ ਵਜੋਂ ਕੰਮ ਕਰ ਰਿਹਾ ਸੀ ਅਤੇ ਕੰਮ ਦੌਰਾਨ ਉਸਦੇ ਹੱਥ ਵਿੱਚ ਚੋਟ ਲੱਗੀ ਸੀ। ਜੋਗਿੰਦਰ ਦਾ ਦਾਅਵਾ ਹੈ ਕਿ ਉਸ ਵੇਲੇ ਆਕਾਸ਼ ਨੂੰ ACC ਅਤੇ employer ਵਲੋਂ ਕਈ ਮਹੀਨੇ ਤੱਕ ਮਾਲੀ ਮਦਦ ਮਿਲਦੀ ਰਹੀ, ਪਰ ਬਾਅਦ ਵਿੱਚ ਉਸਨੂੰ ਹੋਰ ਨੌਕਰੀ ਲੱਭਣ ਲਈ ਕਿਹਾ ਗਿਆ।

ਜੋਗਿੰਦਰ ਦੇ ਮੁਤਾਬਕ 2018 ਤੋਂ 2024 ਦੇ ਵਿਚਕਾਰ ਆਕਾਸ਼ ਨੇ ਇੱਕ ਫਾਰਮ ‘ਤੇ ਵੀ ਕੰਮ ਕੀਤਾ, ਜਿੱਥੇ ਉਸਦੀ ਸਿਹਤ ਹੋਰ ਖ਼ਰਾਬ ਹੋ ਗਈ। ਉਸਨੇ ਦੱਸਿਆ ਕਿ ਆਕਾਸ਼ ਨੂੰ ਲੱਕ ਅਤੇ ਲੱਤ ਨਾਲ ਸੰਬੰਧਿਤ ਗੰਭੀਰ ਸਮੱਸਿਆਵਾਂ ਹੋਈਆਂ ਅਤੇ ਉਸਦੀ ਲੱਤ ਵਿੱਚ ਸੋਜ ਅਤੇ ਇੰਫੈਕਸ਼ਨ ਵੀ ਸੀ।

ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਨਵੰਬਰ 2024 ਵਿੱਚ ਆਕਾਸ਼ ਨੇ ਏਅਰਪੋਰਟ ਤੋਂ ਉਸ ਨਾਲ ਸੰਪਰਕ ਕੀਤਾ ਅਤੇ ਆਪਣੇ ਆਪ ਨੂੰ ਬੇਸਹਾਰਾ ਦੱਸਿਆ। ਉਸਨੇ ਕਿਹਾ ਕਿ ਉਸਦੇ ਕੋਲ ਕੋਈ ਢੰਗ ਦੇ ਦਸਤਾਵੇਜ਼ ਨਹੀਂ ਸਨ, ਰਹਿਣ ਲਈ ਥਾਂ ਨਹੀਂ ਸੀ ਅਤੇ ਕਿਰਾਇਆ ਨਾ ਦੇ ਸਕਣ ਕਾਰਨ ਉਸਨੂੰ ਕ੍ਰਾਈਸਟਚਰਚ ਵਾਲੇ ਘਰ ਤੋਂ ਵੀ ਕੱਢ ਦਿੱਤਾ ਗਿਆ ਸੀ। ਜੋਗਿੰਦਰ ਨੇ ਦਾਅਵਾ ਕੀਤਾ ਕਿ ਆਕਾਸ਼ ਸਿਰਫ਼ ਚੱਪਲਾਂ ਪਾ ਕੇ ਆਇਆ ਸੀ ਅਤੇ ਉਸਨੇ ਮਦਦ ਲਈ ਬਹੁਤ ਭਾਵੁਕ ਤਰੀਕੇ ਨਾਲ ਬੇਨਤੀ ਕੀਤੀ।

ਹਮਦਰਦੀ ਦੇ ਤੌਰ ‘ਤੇ ਜੋਗਿੰਦਰ ਨੇ ਉਸਨੂੰ ਆਪਣੇ ਘਰ ਰੱਖਿਆ, ਇਲਾਜ ਕਰਵਾਇਆ ਅਤੇ ਆਰਥਿਕ ਮਦਦ ਵੀ ਕੀਤੀ। ਪਰ ਹੁਣ ਉਸਦਾ ਦਾਅਵਾ ਹੈ ਕਿ ਉਸ ਨਾਲ ਲਗਾਤਾਰ

ਧੋਖਾਧੜੀ ਕੀਤੀ ਗਈ।

ਜੋਗਿੰਦਰ ਦੇ ਮੁਤਾਬਕ ਉਸ ਸਮੇਂ ਆਕਾਸ਼ ਦਾ ਵੀਜ਼ਾ ਖਤਮ ਹੋਣ ਵਾਲਾ ਸੀ ਅਤੇ ਉਹ ਐਮਰਜੈਂਸੀ ਵੀਜ਼ੇ ‘ਤੇ ਸੀ। ਇਸ ਕਾਰਨ ਉਸਨੂੰ ਕਾਨੂੰਨੀ ਤੌਰ ‘ਤੇ ਕੰਮ ਲੱਭਣ ਵਿੱਚ ਮੁਸ਼ਕਲ ਆ ਰਹੀ ਸੀ। ਬਾਅਦ ਵਿੱਚ ਉਸਨੇ ਨਿਊਜ਼ੀਲੈਂਡ ਵਿੱਚ ਸ਼ਰਨ (Asylum) ਲਈ ਵੀ ਅਰਜ਼ੀ ਦਿੱਤੀ ਸੀ। ਜੋਗਿੰਦਰ ਦਾ ਦਾਅਵਾ ਹੈ ਕਿ ਆਕਾਸ਼ ਅਕਸਰ ਕਹਿੰਦਾ ਸੀ ਕਿ ਉਹ ਆਪਣੇ ਪੁਰਾਣੇ ਫਾਰਮ ਮਾਲਕ ਖਿਲਾਫ਼ ਕੇਸ ਲੜ ਰਿਹਾ ਹੈ ਅਤੇ ਉਸਨੂੰ ਭਵਿੱਖ ਵਿੱਚ 8 ਤੋਂ 9 ਲੱਖ ਨਿਊਜ਼ੀਲੈਂਡ ਡਾਲਰ ਤੱਕ ਦਾ ਮੁਆਵਜ਼ਾ ਮਿਲ ਸਕਦਾ ਹੈ।

ਜੋਗਿੰਦਰ ਨੇ ਇਹ ਵੀ ਦਾਅਵਾ ਕੀਤਾ ਕਿ ਆਕਾਸ਼ ਕਈ ਮਹੀਨੇ ਤੱਕ ਪੁਲਿਸ ਦੇ ਸੇਫ ਹਾਊਸ ਵਿੱਚ ਰਿਹਾ। ਬਾਅਦ ਵਿੱਚ ਉਸਨੇ ਕੁਝ ਐਮਰਜੈਂਸੀ ਟਰੈਵਲ ਦਸਤਾਵੇਜ਼ ਦਿਖਾ ਕੇ ਇਹ ਦਾਅਵਾ ਕੀਤਾ ਕਿ ਉਸਨੂੰ ਸਿਟੀਜ਼ਨਸ਼ਿਪ ਮਿਲ ਗਈ ਹੈ ਅਤੇ ਪਾਪਾਮੋਆ ਦੇ ਕੀਵੀਫਰੂਟ ਸੈਕਟਰ ਵਿੱਚ ਕੰਮ ਲਈ ਉਸਦਾ IRD ਨੰਬਰ ਵੀ ਐਕਟੀਵੇਟ ਹੋ ਗਿਆ ਹੈ।

ਜੋਗਿੰਦਰ ਦੇ ਅਨੁਸਾਰ ਉਹ ਖੁਦ ਨਵੰਬਰ 2025 ਵਿੱਚ ਆਕਾਸ਼ ਨੂੰ ਪਾਪਾਮੋਆ ਛੱਡ ਕੇ ਆਇਆ ਸੀ। ਪਰ ਇਸ ਤੋਂ ਬਾਅਦ ਵੀ ਪੈਸਿਆਂ ਦੀ ਮੰਗ ਜਾਰੀ ਰਹੀ। ਉਸਦਾ ਦਾਅਵਾ ਹੈ ਕਿ ਆਕਾਸ਼ ਵਾਰ-ਵਾਰ ਕਹਿੰਦਾ ਸੀ ਕਿ ਉਸਦਾ ਪਿਤਾ ਭਾਰਤ ਵਿੱਚ ਗੰਭੀਰ ਬੀਮਾਰ ਹੈ ਅਤੇ ਲੁਧਿਆਣਾ ਦੇ DMC ਹਸਪਤਾਲ ਵਿੱਚ ਦਾਖਲ ਹੈ। ਕਈ ਵਾਰ ਉਸਨੇ ਭੈਣ ਦੀ ਪੜ੍ਹਾਈ ਜਾਂ ਕਾਨੂੰਨੀ ਮਾਮਲਿਆਂ ਲਈ ਵੀ ਤੁਰੰਤ ਪੈਸਿਆਂ ਦੀ ਲੋੜ ਦੱਸੀ।

ਜੋਗਿੰਦਰ ਨੇ ਦਾਅਵਾ ਕੀਤਾ ਕਿ ਕੇਵਲ ਦਸੰਬਰ 2025 ਤੋਂ ਫਰਵਰੀ 2026 ਦੇ ਵਿਚਕਾਰ ਹੀ ਉਸਨੇ ਆਕਾਸ਼ ਨੂੰ ਕਰੀਬ 70 ਹਜ਼ਾਰ ਨਿਊਜ਼ੀਲੈਂਡ ਡਾਲਰ ਭੇਜੇ। ਉਸਨੇ ਕਿਹਾ ਕਿ ਚੈਟ ਅਤੇ ਬੈਂਕ ਟ੍ਰਾਂਜ਼ੈਕਸ਼ਨਾਂ ਦੇ ਸਕ੍ਰੀਨਸ਼ਾਟ ਸਬੂਤ ਵਜੋਂ ਨਿਊਜ਼ੀਲੈਂਡ ਪੰਜਾਬੀ ਨਿਊਜ਼ ਨਾਲ ਸਾਂਝੇ ਕੀਤੇ ਗਏ ਹਨ।

ਉਸਨੇ ਇਹ ਵੀ ਦਾਅਵਾ ਕੀਤਾ ਕਿ 12 ਮਈ 2026 ਨੂੰ ਹੋਈ ਆਖਰੀ ਗੱਲਬਾਤ ਦੌਰਾਨ ਆਕਾਸ਼ ਨੇ ਕਿਹਾ ਕਿ ਉਹ ਮਲੇਸ਼ੀਆ ਵਿੱਚ ਜੇਲ੍ਹ ਵਿੱਚ ਬੰਦ ਹੈ ਅਤੇ ਰਿਹਾਈ ਲਈ ਵਕੀਲ ਨੂੰ ਤੁਰੰਤ 975 ਡਾਲਰ ਦੀ ਲੋੜ ਹੈ।

ਜੋਗਿੰਦਰ ਦਾ ਕਹਿਣਾ ਹੈ ਕਿ ਜਦੋਂ ਉਸਨੇ ਆਕਾਸ਼ ਨੂੰ ਕਥਿਤ ਧੋਖਾਧੜੀ ਬਾਰੇ ਸਵਾਲ ਕੀਤੇ ਤਾਂ ਆਕਾਸ਼ ਨੇ ਮੰਨਿਆ ਕਿ ਸ਼ਾਇਦ ਉਸਦਾ ਸ਼ਰਨ ਵਾਲਾ ਕੇਸ ਰੱਦ ਹੋ ਗਿਆ ਸੀ ਅਤੇ ਡਿਪੋਰਟ ਹੋਣ ਦੇ ਡਰ ਕਾਰਨ ਉਹ ਨਿਊਜ਼ੀਲੈਂਡ ਛੱਡ ਕੇ ਭੱਜ ਗਿਆ। ਜੋਗਿੰਦਰ ਦਾ ਇਹ ਵੀ ਦਾਅਵਾ ਹੈ ਕਿ ਆਕਾਸ਼ ਨੇ ਇਹ ਸੰਕੇਤ ਦਿੱਤੇ ਕਿ ਉਹ ਹੋਰ ਲੋਕਾਂ ਨਾਲ ਵੀ ਇਸੇ ਤਰ੍ਹਾਂ ਭਾਵਨਾਤਮਕ ਤਰੀਕੇ ਨਾਲ ਪੈਸੇ ਲੈਂਦਾ ਰਿਹਾ ਹੈ।

ਉਸਨੇ ਇਹ ਵੀ ਦੋਸ਼ ਲਗਾਇਆ ਕਿ ਆਕਾਸ਼ ਦਾ ਪਰਿਵਾਰ ਵੀ ਇਸ ਪੂਰੇ ਮਾਮਲੇ ਵਿੱਚ ਸ਼ਾਮਲ ਹੋ ਸਕਦਾ ਹੈ। ਨਾਲ ਹੀ ਉਸਦਾ ਕਹਿਣਾ ਹੈ ਕਿ ਭਾਰਤ ਦਾ ਵਿਦੇਸ਼ ਮੰਤਰਾਲਾ (MEA) ਵੀ ਹੁਣ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ, ਕਿਉਂਕਿ ਇਹ ਸਵਾਲ ਉੱਠ ਰਹੇ ਹਨ ਕਿ ਕੀ ਆਕਾਸ਼ ਨੂੰ ਸੱਚਮੁੱਚ ਭਾਰਤ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਜਾਂ ਨਹੀਂ। ਜੋਗਿੰਦਰ ਦਾ ਦਾਅਵਾ ਹੈ ਕਿ ਆਕਾਸ਼ ਕਦੇ ਭਾਰਤ ਪਹੁੰਚਿਆ ਹੀ ਨਹੀਂ ਅਤੇ ਉਹ ਲੋਕਾਂ ਨੂੰ ਆਪਣੀ ਸਥਿਤੀ ਬਾਰੇ ਗੁੰਮਰਾਹ ਕਰਦਾ ਰਿਹਾ।

ਇਸ ਦੌਰਾਨ ਨਿਊਜ਼ੀਲੈਂਡ ਪੰਜਾਬੀ ਨਿਊਜ਼ ਵਲੋਂ ਆਕਾਸ਼ ਪੁਸ਼ਕਰਨਾ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਸਨੇ ਕਾਲਾਂ ਜਾਂ ਮੈਸੇਜਾਂ ਦਾ ਕੋਈ ਜਵਾਬ ਨਹੀਂ ਦਿੱਤਾ।

 

 

Share it :
error: Content is protected !!