
ਆਕਲੈਂਡ ਨਿਵਾਸੀ ਜੈਸੀ ਚੈਨ ਨੇ 4 ਜੁਲਾਈ ਨੂੰ SkyCity ਦੇ ਚੀਨੀ ਭੋਜਨ ਰੈਸਟੋਰੈਂਟ Huami ਵਿੱਚ ਪੰਜ ਵਿਅਕਤੀਆਂ ਲਈ ਦੁਪਹਿਰ ਦੇ ਖਾਣੇ ਦੀ ਰਿਜਰਵੇਸ਼ਨ ਗੂਗਲ ਰਾਹੀਂ ਕਰਵਾਈ ਸੀ। ਪਰ 3 ਜੁਲਾਈ ਦੀ ਦੁਪਹਿਰ ਉਹ ਬਿਮਾਰ ਹੋ ਗਈ ਅਤੇ ਉਨ੍ਹਾਂ ਨੇ ਰੈਸਟੋਰੈਂਟ ਨੂੰ ਫੋਨ ਕਰਕੇ ਰਿਜਰਵੇਸ਼ਨ ਰੱਦ ਕਰ ਦਿੱਤੀ।
ਚੈਨ ਹੈਰਾਨ ਰਹਿ ਗਈ ਜਦੋਂ 5 ਜੁਲਾਈ ਨੂੰ ਉਨ੍ਹਾਂ ਦੇ ਗੂਗਲ ਖਾਤੇ ਨਾਲ ਜੁੜੇ ਕਰੈਡਿਟ ਕਾਰਡ ਤੋਂ $250 ਕੱਟੇ ਗਏ।
ਜਦੋਂ ਚੈਨ ਨੇ Huami ਰੈਸਟੋਰੈਂਟ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੇਕਰ ਕੋਈ ਰਿਜਰਵੇਸ਼ਨ 24 ਘੰਟਿਆਂ ਤੋਂ ਘੱਟ ਸਮੇਂ ਵਿੱਚ ਰੱਦ ਕੀਤੀ ਜਾਂਦੀ ਹੈ, ਤਾਂ ਪ੍ਰਤੀ ਵਿਅਕਤੀ $50 ਰੱਦ ਕਰਨ ਦੀ ਫੀਸ ਲੱਗਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਿਜਰਵੇਸ਼ਨ ਵੇਲੇ ਕਿਤੇ ਵੀ ਇਹ ਜ਼ਿਕਰ ਨਹੀਂ ਸੀ ਅਤੇ ਨਾਂ ਹੀ ਰੱਦ ਕਰਨ ਸਮੇਂ ਫੋਨ ਉੱਤੇ ਉਨ੍ਹਾਂ ਨੂੰ ਇਸ ਫੀਸ ਬਾਰੇ ਦੱਸਿਆ ਗਿਆ।
SkyCity ਦੇ ਪ੍ਰਵਕਤਾ ਨੇ ਕਿਹਾ ਕਿ ਜਦੋਂ ਪੰਜ ਜਾਂ ਵੱਧ ਲੋਕਾਂ ਲਈ ਗੂਗਲ ਰਾਹੀਂ ਰਿਜਰਵੇਸ਼ਨ ਕੀਤੀ ਜਾਂਦੀ ਹੈ, ਤਾਂ ਗਾਹਕ ਨੂੰ ਸ਼ਰਤਾਂ ਅਤੇ ਨਿਯਮਾਂ ਨੂੰ ਮਨਜ਼ੂਰ ਕਰਨਾ ਪੈਂਦਾ ਹੈ, ਜਿਸ ਵਿੱਚ ਰੱਦ ਕਰਨ ਦੀ ਨੀਤੀ ਵੀ ਸ਼ਾਮਿਲ ਹੁੰਦੀ ਹੈ।
ਉਨ੍ਹਾਂ ਅਨੁਸਾਰ, ਨੀਤੀ ਵਿਚ ਸਾਫ਼-ਸਾਫ਼ ਲਿਖਿਆ ਗਿਆ ਹੈ: “ਜੇਕਰ ਤੁਸੀਂ ਆਪਣੀ ਰਿਜਰਵੇਸ਼ਨ ਤੋਂ 24 ਘੰਟੇ ਤੋਂ ਘੱਟ ਸਮੇਂ ਵਿੱਚ ਰੱਦ ਕਰਦੇ ਹੋ ਜਾਂ ਨਾ ਆਉਂਦੇ ਹੋ, ਤਾਂ ਪ੍ਰਤੀ ਵਿਅਕਤੀ $50 ਫੀਸ ਤੁਹਾਡੇ ਕਰੈਡਿਟ ਕਾਰਡ ਤੋਂ ਵਸੂਲ ਕੀਤੀ ਜਾਵੇਗੀ।
ਰੈਸਟੋਰੈਂਟ ਐਸੋਸੀਏਸ਼ਨ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਰਿਜਰਵੇਸ਼ਨ ਕਰਦੇ ਸਮੇਂ ਨਿਯਮਾਂ ਅਤੇ ਸ਼ਰਤਾਂ ਨੂੰ ਧਿਆਨ ਨਾਲ ਪੜ੍ਹਨ, ਖਾਸ ਕਰਕੇ ਜਦੋਂ ਗੂਗਲ ਜਾਂ ਹੋਰ ਔਨਲਾਈਨ ਪਲੇਟਫਾਰਮ ਰਾਹੀਂ ਬੁਕਿੰਗ ਕਰ ਰਹੇ ਹੋਣ।



