ਕੈਨੇਡਾ ਵਿੱਚ ਸਿੱਖ ਕਾਰਕੁਨ ਮੋਨਿੰਦਰ ਸਿੰਘ ਦੀ ਸੁਰੱਖਿਆ ਨੂੰ ਲੈ ਕੇ United Nations ਚਿੰਤਤ, ਕੈਨੇਡਾ ਨੂੰ ਜਾਂਚ ਤੇਜ ਕਰਨ ਦੀ ਕੀਤੀ ਅਪੀਲ

Toronto (NZ Punjabi News) – ਸੰਯੁਕਤ ਰਾਸ਼ਟਰ (UN) ਦੇ ਪੰਜ ਮਨੁੱਖੀ ਅਧਿਕਾਰ ਵਿਸ਼ੇਸ਼ ਰਿਪੋਰਟਰਾਂ ਨੇ ਕੈਨੇਡਾ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਕਾਰਕੁਨ ਮੋਨਿੰਦਰ ਸਿੰਘ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਜਾਂਚ ਤੇਜ਼ ਕਰਨ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

ਸੰਯੁਕਤ ਪੱਤਰ ਵਿੱਚ ਰਿਪੋਰਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ‘ਤੇ “ਗੰਭੀਰ ਚਿੰਤਾ” ਹੈ ਕਿ ਇਹ ਧਮਕੀਆਂ ਮੋਨਿੰਦਰ ਸਿੰਘ ਦੀ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਸਰਗਰਮੀਆਂ ਅਤੇ ਸੰਯੁਕਤ ਰਾਸ਼ਟਰ ਨਾਲ ਸਹਿਯੋਗ ਦੇ ਕਾਰਨ ਦਿੱਤੀਆਂ ਗਈਆਂ ਹੋ ਸਕਦੀਆਂ ਹਨ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਦੋਸ਼ ਸਹੀ ਹਨ, ਤਾਂ ਇਹ ਸੰਯੁਕਤ ਰਾਸ਼ਟਰ ਨਾਲ ਸਹਿਯੋਗ ਕਰਨ ਵਾਲੇ ਇੱਕ ਮਨੁੱਖੀ ਅਧਿਕਾਰ ਕਾਰਕੁਨ ਨੂੰ ਡਰਾਉਣ-ਧਮਕਾਉਣ ਅਤੇ ਬਦਲਾ ਲੈਣ ਦੀ ਗੰਭੀਰ ਕੋਸ਼ਿਸ਼ ਹੋ ਸਕਦੀ ਹੈ। UN ਮਾਹਿਰਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਇਹ ਮਾਮਲਾ ਵੱਖ-ਵੱਖ ਦੇਸ਼ਾਂ ਵਿੱਚ ਸਿੱਖ ਕਾਰਕੁਨਾਂ ਖ਼ਿਲਾਫ਼ ਹੋ ਰਹੇ ਸਰਹੱਦ-ਪਾਰ ਦਬਾਅ (Transnational Repression) ਦੇ ਵੱਡੇ ਪੈਟਰਨ ਦਾ ਹਿੱਸਾ ਹੋ ਸਕਦਾ ਹੈ।

ਮੋਨਿੰਦਰ ਸਿੰਘ Sikh Federation of Canada ਦੇ ਆਗੂ ਹਨ ਅਤੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ‘ਤੇ ਖੁੱਲ੍ਹ ਕੇ ਬੋਲਦੇ ਰਹੇ ਹਨ। ਕੈਨੇਡੀਅਨ ਪੁਲਿਸ ਉਨ੍ਹਾਂ ਨੂੰ ਚਾਰ ਵਾਰ ਭਰੋਸੇਯੋਗ ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਚੇਤਾਵਨੀ ਦੇ ਚੁੱਕੀ ਹੈ। ਉਨ੍ਹਾਂ ਨੂੰ ਆਖ਼ਰੀ ਵਾਰ ਇਹ ਚੇਤਾਵਨੀ 2025 ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿੱਚ ਹਾਜ਼ਰੀ ਤੋਂ ਬਾਅਦ ਦਿੱਤੀ ਗਈ ਸੀ।

UN ਦੇ ਵਿਸ਼ੇਸ਼ ਰਿਪੋਰਟਰਾਂ ਨੇ ਕੈਨੇਡਾ ਤੋਂ ਇਸ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਕਰਨ, ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਅਤੇ ਮੋਨਿੰਦਰ ਸਿੰਘ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਅਪੀਲ ਕੀ ਹੈ।

Share it :
error: Content is protected !!