ਨਿਊਜ਼ੀਲੈਂਡ ‘ਚ ਖਸਰੇ ਦੀ ਬਿਮਾਰੀ ‘ਤੇ ਕਾਬੂ ਪਾਉਣ ਲਈ ਲੋਕ ਚੇਤਨਾ ਦੀ ਲੋੜ

New Zealandਜਸਪ੍ਰੀਤ ਸਿੰਘ ਰਾਜਪੁਰਾ
ਨਿਊਜ਼ੀਲੈਂਡ ਵਿਚ ਖਸਰੇ ਦੀ ਬਿਮਾਰੀ ਦੇ ਕੇਸ ਹੈਰਾਨੀਜਨਕ ਤੇਜ਼ੀ ਨਾਲ ਵਧ ਰਹੇ ਹਨ, ਜਿਸ ਨਾਲ ਦੇਸ਼ ਵਿਚ ਅਚਾਨਕ ਇਕ ਭਿਆਨਕ ਛੂਤ ਦੀ ਮਹਾਂਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਹੁਣ ਤੱਕ 16 ਪੁਸ਼ਟੀਸ਼ੁਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕਈ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪਿਆ ਹੈ। ਕੈਂਟਰਬਰੀ ਯੂਨੀਵਰਸਿਟੀ ਦੀ ਐਪੀਡੀਮੀਓਲੋਜੀ ਮਾਹਿਰ ਡਾ. ਐਨਾ ਹਾਓ ਨੇ ਇਸ ਸਥਿਤੀ ਨੂੰ ‘ਬਹੁਤ ਖਤਰਨਾਕ’ ਕਰਾਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਪ੍ਰਭਾਵੀ ਕਦਮ ਨਾ ਚੁੱਕੇ ਗਏ ਤਾਂ ਦੇਸ਼ ਇੱਕ ਵੱਡੀ ਮਹਾਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਇਹ ਚਿੰਤਾ ਸਿਰਫ਼ ਅਨੁਮਾਨ ਨਹੀਂ, ਸਗੋਂ ਅਸਲ ਅੰਕੜਿਆਂ ‘ਤੇ ਆਧਾਰਿਤ ਹੈ।
ਖਸਰਾ ਦੁਨੀਆ ਦੀਆਂ ਸਭ ਤੋਂ ਖਤਰਨਾਕ ਛੂਤ ਦੀਆਂ ਬਿਮਾਰੀਆਂ ਵਿੱਚੋਂ ਇੱਕ ਹੈ। ਇੱਕ ਬਿਮਾਰ ਵਿਅਕਤੀ 12 ਤੋਂ 18 ਹੋਰ ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ। ਇਸ ਦਾ ਇਕੋ-ਇਕ ਪੱਕਾ ਬਚਾਅ MMR ਟੀਕਾ ਹੈ, ਜੋ 90 ਤੋਂ 95 ਪ੍ਰਤੀਸ਼ਤ ਤੱਕ ਪ੍ਰਭਾਵਸ਼ਾਲੀ ਹੈ। ਪਰ ਨਿਊਜ਼ੀਲੈਂਡ ਦੀ ਟੀਕਾਕਰਨ ਦਰ ਸਿਰਫ਼ 82 ਪ੍ਰਤੀਸ਼ਤ ਦੇ ਆਸਪਾਸ ਹੈ, ਜਦਕਿ ਫੈਲਾਅ ਰੋਕਣ ਲਈ ਘੱਟੋ-ਘੱਟ 95 ਪ੍ਰਤੀਸ਼ਤ ਲੋੜੀਂਦੀ ਹੈ। ਟੀਕਾਕਰਨ ਵਿਚ ਖੇਤਰੀ ਅਸਮਾਨਤਾ ਹੈਰਾਨ ਕਰਨ ਵਾਲੀ ਹੈ, ਨੌਰਥਲੈਂਡ ਵਿੱਚ ਕੇਵਲ 62 ਪ੍ਰਤੀਸ਼ਤ, ਲੇਕਸ ਵਿੱਚ 73 ਪ੍ਰਤੀਸ਼ਤ ਜਦਕਿ ਕੈਂਟਰਬਰੀ, ਹਟ ਵੈਲੀ ਅਤੇ ਕੈਪੀਟਲ ਐਂਡ ਕੋਸਟ ਵਿੱਚ 90 ਪ੍ਰਤੀਸ਼ਤ ਤੱਕ ਟੀਕਾਕਰਨ ਦੀ ਦਰ ਹੈ। ਇਹ ਗੈਪ ਕਈ ਭਾਈਚਾਰਿਆਂ ਨੂੰ ਬੇਹੱਦ ਕਮਜ਼ੋਰ ਬਣਾ ਰਿਹਾ ਹੈ। ਹੈਲਥ ਨਿਊਜ਼ੀਲੈਂਡ ਦੇ ਅੰਕੜੇ ਦੱਸਦੇ ਹਨ ਕਿ ਹਰ 1000 ਕੇਸਾਂ ਵਿੱਚੋਂ 1 ਤੋਂ 3 ਮੌਤਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਿਮੋਨੀਆ ਕਾਰਨ ਮੌਤਾਂ ਹੁੰਦੀਆਂ ਹਨ।
ਇਹ ਬਿਮਾਰੀ ਸਿਰਫ਼ ਦਾਣੇ ਅਤੇ ਬੁਖਾਰ ਨਹੀਂ ਲਿਆਉਂਦੀ। ਇਸ ਨਾਲ ਕੰਨਾਂ ਦੀਆਂ ਇਨਫੈਕਸ਼ਨਾਂ, ਸੁਣਨ ਦੀ ਸਮੱਸਿਆ, ਨਿਮੋਨੀਆ ਜਾਂ ਦਿਮਾਗੀ ਸੋਜ (ਐਂਸੀਫ਼ਲਾਈਟਿਸ) ਹੋ ਸਕਦੀ ਹੈ, ਜੋ ਜ਼ਿੰਦਗੀ ਭਰ ਦੀ ਅਪਾਹਜਤਾ ਦਾ ਕਾਰਨ ਬਣਦੀ ਹੈ। ਖਸਰਾ ਸਰੀਰ ਦੀ ਰੋਗ-ਰੋਧਕ ਸਮਰੱਥਾ ਮਿਟਾ ਦਿੰਦਾ ਹੈ, ਜਿਸ ਨਾਲ ਹੋਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਤਿਹਾਸ ਸਾਨੂੰ ਸਬਕ ਦਿੰਦਾ ਹੈ। ਪ੍ਰਸਿੱਧ ਲੇਖਕ ਰੋਅਲਡ ਡਾਲ ਦੀ ਸੱਤ ਸਾਲਾ ਧੀ ਓਲਿਵੀਆ 1962 ਵਿੱਚ ਖਸਰੇ ਨਾਲ ਮਰ ਗਈ ਸੀ। ਉਸ ਨੇ ਲਿਖਿਆ, “ਲੋਕਾਂ ਨੂੰ ਅਜੇ ਤੱਕ ਅਹਿਸਾਸ ਨਹੀਂ ਕਿ ਖਸਰਾ ਕਿੰਨਾ ਖਤਰਨਾਕ ਹੈ। ਮਾਪੇ ਟੀਕਾ ਨਾ ਲਗਵਾ ਕੇ ਬੱਚਿਆਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ।” ਇੰਗਲੈਂਡ ਵਿੱਚ 1970-1983 ਦੌਰਾਨ ਮਰਨ ਵਾਲੇ ਬੱਚਿਆਂ ਵਿੱਚੋਂ ਅੱਧੇ ਤੋਂ ਵੱਧ ਪਹਿਲਾਂ ਸਿਹਤਮੰਦ ਸਨ।
ਇਹ ਸੰਕਟ ਅਚਾਨਕ ਨਹੀਂ ਆਇਆ। ਕੋਵਿਡ-19 ਦੌਰਾਨ ਟੀਕਾਕਰਨ ਵਿੱਚ ਰੁਕਾਵਟ ਅਤੇ ਗਲਤ ਜਾਣਕਾਰੀ ਨੇ ਭਰੋਸਾ ਘਟਾਇਆ ਸੀ। ਨਤੀਜਾ ਇਹ ਨਿਕਲਿਆ ਕਿ ਇੱਕ ਰੋਕੀ ਜਾ ਸਕਣ ਵਾਲੀ ਬਿਮਾਰੀ ਮੁੜ ਉਭਰ ਰਹੀ ਹੈ। ਪਲੰਕੇਟ ਵਰਗੀਆਂ ਸੰਸਥਾਵਾਂ ਮੁਹਿੰਮ ਚਲਾ ਰਹੀਆਂ ਹਨ। ਸਿਹਤ ਮੰਤਰੀ ਸਿਮੀਅਨ ਬ੍ਰਾਊਨ 4-12 ਮਹੀਨੇ ਦੇ ਬੱਚਿਆਂ ਲਈ ‘ਜ਼ੀਰੋ ਡੋਜ਼’ MMR ਟੀਕੇ ਬਾਰੇ ਵਿਚਾਰ ਕਰ ਰਹੇ ਹਨ। ਪਰ ਇਹ ਕਾਫ਼ੀ ਨਹੀਂ ਹੈ। ਸਿਹਤ ਵਿਭਾਗ, ਸਕੂਲਾਂ ਅਤੇ ਭਾਈਚਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਖਾਸ ਕਰਕੇ ਪੰਜਾਬੀ ਅਤੇ ਹੋਰ ਭਾਈਚਾਰਿਆਂ ਵਿੱਚ, ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਲੋਕਾਂ ਨੂੰ ਜਾਗਰੂਕ ਕਰਨ, ਗਲਤ ਧਾਰਨਾਵਾਂ ਦੂਰ ਕਰਨ ਅਤੇ ਟੀਕਾਕਰਨ ਕੈਂਪ ਲਗਾ ਕੇ ਲੋਕਾਂ ਨੂੰ ਚੇਤੰਨ ਕਰਨ ਦੀ ਲੋੜ ਹੈ। ਗੁਰਦੁਆਰਿਆਂ ਵਿੱਚ ਵੀ ਅਪੀਲਾਂ, ਪੋਸਟਰ ਅਤੇ ਮੁਫ਼ਤ ਜਾਂਚ ਕੈਂਪਾਂ ਰਾਹੀਂ ਹਰ ਘਰ ਤੱਕ ਖਸਰੇ ਤੋਂ ਬਚਣ ਲਈ ਜਾਗਰੂਕਤਾ ਦਾ ਸੰਦੇਸ਼ ਪਹੁੰਚਾਇਆ ਜਾ ਸਕਦਾ ਹੈ, ਤਾਂ ਜੋ ਬਚਾਅ ਦੇ ਪ੍ਰਬੰਧਾਂ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।
ਟੀਕਾਕਰਨ ਸਿਰਫ਼ ਨਿੱਜੀ ਸੁਰੱਖਿਆ ਨਹੀਂ, ਸਾਂਝੀ ਜ਼ਿੰਮੇਵਾਰੀ ਹੈ। ਇਹ ਉਨ੍ਹਾਂ ਨੂੰ ਵੀ ਬਚਾਉਂਦਾ ਹੈ ਜੋ ਟੀਕਾ ਨਹੀਂ ਲਗਵਾ ਸਕਦੇ – ਜਿਵੇਂ ਬੱਚੇ, ਗਰਭਵਤੀ ਔਰਤਾਂ ਜਾਂ ਕੈਂਸਰ ਦੇ ਮਰੀਜ਼। ਖਸਰਾ ਗੰਭੀਰ ਜ਼ਰੂਰ ਹੈ ਪਰ ਰੋਕਿਆ ਜਾ ਸਕਣ ਵਾਲਾ ਹੈ। ਨਿਊਜ਼ੀਲੈਂਡ ਹੋਰ ਲਾਪਰਵਾਹੀ ਨਹੀਂ ਝੱਲ ਸਕਦਾ। ਹੁਣ ਸਮਾਂ ਹੈ ਇਕੱਠੇ ਮਿਲ ਕੇ ਟੀਕਾਕਰਨ ਵਧਾਉਣ ਦਾ, ਸਿੱਖਿਆ ਫੈਲਾਉਣ ਅਤੇ ਸੁਰੱਖਿਆ ਯਕੀਨੀ ਬਣਾਉਣ ਦਾ। ਜੇ ਅਸੀਂ ਅੱਜ ਨਾ ਜਾਗੇ, ਤਾਂ ਕੱਲ੍ਹ ਬਹੁਤ ਦੇਰ ਹੋ ਜਾਵੇਗੀ।

ਜਸਪ੍ਰੀਤ ਸਿੰਘ ਰਾਜਪੁਰਾ
ਸੰਪਾਦਕੀ ਨੋਟ
info @nzpunjabinews .com

Share it :
error: Content is protected !!