G8 ਐਜੂਕੇਸ਼ਨ ਚਾਈਲਡਕੇਅਰ ਖਿਲਾਫ ਵਿਕਟੋਰੀਆ ਦੇ ਮਾਪੇ ਕਰਨ ਜਾ ਰਹੇ ਸੁਪਰੀਮ ਕੋਰਟ ਵਿੱਚ ਕਾਨੂੰਨੀ ਦਾਅਵਾ

G8 Childcareਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਵਿਚ ਤਿੰਨ ਪਰਿਵਾਰ ਇੱਕ ਵੱਡੀ ਚਾਈਲਡਕੇਅਰ ਕੰਪਨੀ G8 ਐਜੂਕੇਸ਼ਨ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਰਹੇ ਹਨ। ਇਹ ਪਰਿਵਾਰ ਆਪਣੇ ਬੱਚਿਆਂ ਨਾਲ ਹੋਈ ਕਥਿਤ ਜਿਨਸੀ ਦੁਰਵਿਵਹਾਰ ਦੇ ਮਾਮਲੇ ਵਿਚ ਇਨਸਾਫ ਦੀ ਮੰਗ ਕਰ ਰਹੇ ਹਨ। ਦੋਸ਼ ਲਗਾਏ ਗਏ ਹਨ ਜੋਸ਼ੂਆ ਡੇਲ ਬਰਾਊਨ ਉੱਤੇ, ਜਿਸ ਨੂੰ ਕਰੀਏਟਿਵ ਗਾਰਡਨ ਅਰਲੀ ਲਰਨਿੰਗ ਸੈਂਟਰ, ਪੌਇੰਟ ਕੁੱਕ ਵਿਖੇ ਅਪਰੈਲ 2022 ਤੋਂ ਜਨਵਰੀ 2023 ਤੱਕ ਘਟੇ ਘਟਨਾਵਾਂ ਲਈ 70 ਜਿਨਸੀ ਅਪਰਾਧਾਂ ਦੀਆਂ ਧਾਰਾਵਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ ਵਿਚ ਪੀੜਤ ਬੱਚਿਆਂ ਦੀ ਉਮਰ ਸਿਰਫ਼ ਪੰਜ ਮਹੀਨੇ ਤੋਂ ਦੋ ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।

ਕਾਨੂੰਨੀ ਫਰਮ ਆਰਨਲਡ, ਥੋਮਸ ਐਂਡ ਬੈਕਰ ਨੇ ਕਿਹਾ ਹੈ ਕਿ ਇਹ ਦਾਅਵੇ ਸੁਪਰੀਮ ਕੋਰਟ ਆਫ਼ ਵਿਕਟੋਰੀਆ ਵਿਚ ਦਰਜ ਕੀਤੇ ਜਾਣਗੇ ਅਤੇ ਪਹਿਲਾ ਦਾਅਵਾ ਅਗਲੇ ਹਫ਼ਤੇ ਤੱਕ ਦਰਜ ਹੋ ਸਕਦਾ ਹੈ। ਜੋਸ਼ੂਆ ਡੇਲ ਬਰਾਊਨ ਨੇ ਸਿਰਫ਼ ਇਕ ਸੈਂਟਰ ਨਹੀਂ, ਬਲਕਿ G8 ਐਜੂਕੇਸ਼ਨ ਵਲੋਂ ਚਲਾਏ ਹੋਰ ਸੈਂਟਰਾਂ ‘ਚ ਵੀ ਕੰਮ ਕੀਤਾ ਸੀ, ਜਿਸ ਕਰਕੇ 250 ਤੋਂ ਵੱਧ ਪਰਿਵਾਰ ਕਾਨੂੰਨੀ ਸਲਾਹ ਲਈ ਫਰਮ ਨਾਲ ਸੰਪਰਕ ਕਰ ਚੁੱਕੇ ਹਨ।

ਫਰਮ ਦੀ ਮੁੱਖ ਵਕੀਲ ਜੋਡੀ ਹੈਰਿਸ ਨੇ ਦੱਸਿਆ ਕਿ ਪ੍ਰਭਾਵਿਤ ਮਾਪੇ ਭਾਰੀ ਸਦਮੇ ‘ਚ ਹਨ ਅਤੇ ਕਈ ਆਪਣੇ ਬੱਚਿਆਂ ਨੂੰ ਮੁੜ ਚਾਈਲਡਕੇਅਰ ਭੇਜਣ ਤੋਂ ਡਰ ਰਹੇ ਹਨ। ਕਈ ਮਾਪੇ ਆਪਣੀ ਨੌਕਰੀ ਛੱਡਣ ‘ਤੇ ਮਜਬੂਰ ਹੋ ਗਏ ਹਨ ਅਤੇ ਘੱਟੋ-ਘੱਟ 6 ਨਵੇਂ ਪਰਿਵਾਰ ਹਰ ਰੋਜ਼ ਫਰਮ ਨਾਲ ਸੰਪਰਕ ਕਰ ਰਹੇ ਹਨ। ਹੈਰਿਸ ਨੇ ਕਿਹਾ, “ਇਹ ਮਾਮਲਾ ਸਿਰਫ਼ ਕਾਨੂੰਨ ਦਾ ਨਹੀਂ, ਸਾਮੂਹਿਕ ਤੌਰ ‘ਤੇ ਟੁੱਟੇ ਭਰੋਸੇ ਅਤੇ ਡੂੰਘੀ ਮਾਨਸਿਕ ਤਕਲੀਫ਼ ਦਾ ਵੀ ਹੈ।”

Share it :
error: Content is protected !!