ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਤੋਂ 19 ਕਿਲੋਮੀਟਰ ਦੂਰ ਸਥਿਤ ਸਿਟੀ ਆਫ ਪੈਰਾਮਾਟਾ ਦੇ ਹੈਰੀਸਨ ਪਾਰਕ ਵਿਖੇ ਕਰੀਬ ਇੱਕ ਮਹੀਨਾ ਪਹਿਲਾਂ ਆਪਣੀ ਗਲਤ ਡਰਾਈਵਿੰਗ ਕਰਕੇ ਸੁਰਖੀਆਂ ਵਿੱਚ ਆਏ 22 ਸਾਲਾ ਭਾਰਤੀ ਨੌਜਵਾਨ ਗਗਨਦੀਪ ਸਿੰਘ ਨੂੰ ਅਦਾਲਤ ਵਲੋਂ $2000 ਦਾ ਜੁਰਮਾਨਾ ਲਗਾਇਆ ਗਿਆ ਹੈ ਤੇ ਨਾਲ ਹੀ 27 ਜੂਨ ਤੱਕ ਉਸਦੇ ਗੱਡੀ ਚਲਾਉਣ ‘ਤੇ ਰੋਕ ਲਾਈ ਹੈ। ਗਗਨਦੀਪ ਸਿੰਘ ਘਟਨਾ ਵਾਲੇ ਦਿਨ ਇੱਕ ਐਸ ਯੂ ਵੀ ਚਲਾ ਰਿਹਾ ਸੀ, ਜੋ ਕਿਰਾਏ ‘ਤੇ ਸੀ। ਉਸਨੇ ਪੈਦਲ ਯਾਤਰੀਆਂ ਦੇ ਭੀੜ ਵਾਲੇ ਇਲਾਕੇ ਵਿੱਚ ਗੱਡੀ ਨੂੰ ਅੰਨਵਾਹ ਭਜਾਇਆ ਤੇ ਐਸਯੂਵੀ ਦਾ ਕੰਟਰੋਲ ਗੁਆਉਂਦਿਆਂ ਉਸਨੂੰ ਇੱਕ ਫੈਂਸ ਵਿੱਚ ਲੈ ਜਾ ਮਾਰਿਆ। ਚੰਗੀ ਕਿਸਮਤ ਰਹੀ ਕਿ ਲੋਹੇ ਦੀ ਰੇਲੰਿਗ ਕਾਰਨ ਗੱਡੀ ਰੁੱਕ ਗਈ ਨਹੀਂ ਤਾਂ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਸੀ, ਕਿਉਂਕਿ ਫੈਂਸ ਤੋਂ ਅੱਗੇ ਕਈ ਪੈਦਲ ਯਾਤਰੀ ਘੁੰਮ ਰਹੇ ਸਨ ਤੇ ਪ੍ਰੱਤਖਦਰਸ਼ੀਆਂ ਅਨੁਸਾਰ ਇੱਕ ਬੱਚਾ ਤਾਂ ਗੱਡੀ ਤੋਂ ਸਿਰਫ 6 ਇੰਚ ਦੀ ਦੂਰੀ ‘ਤੇ ਹੀ ਸੀ। ਇਹ ਚੰਗੀ ਕਿਸਮਤ ਹੀ ਸੀ ਕਿ ਗਗਨਦੀਪ ਸਿੰਘ ‘ਤੇ ਨਿਗਲੀਜੇਂਟ ਡਰਾਈਵਿੰਗ ਦੇ ਚਾਰਜ ਡਰਾਪ ਕਰ ਦਿੱਤੇ ਗਏ, ਜਿਸ ਦੀ ਸਜਾ ਕਿਤੇ ਵਧੇਰੇ ਸਖਤ ਬਣਦੀ ਹੈ।




