ਆਕਲੈਂਡ ਦੇ Royal Oak ‘ ਚ ਮਿਲੀ ਭਾਰਤੀਆਂ ਵਿਰੁੱਧ ਨਫ਼ਰਤ ਭੜਕਾਉਂਦੀ ਗ੍ਰਿਫ਼ਿਟੀ

ਆਕਲੈਂਡ: ਆਕਲੈਂਡ ਦੇ Royal Oak ਇਲਾਕੇ ਵਿੱਚ ਇੱਕ ਜਨਤਕ ਪਖਾਨੇ ਦੇ ਅੰਦਰ ਭਾਰਤੀ ਭਾਈਚਾਰੇ ਵਿਰੁੱਧ ਹਿੰਸਕ ਅਤੇ ਨਸਲੀ ਸੰਦੇਸ਼ ਲਿਖਿਆ ਹੋਇਆ ਮਿਲਿਆ ਹੈ। ਇਸ ਘਟਨਾ ਨੇ ਸਥਾਨਕ ਲੋਕਾਂ ਅਤੇ ਪ੍ਰਵਾਸੀ ਭਾਈਚਾਰੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਕੈਂਪਬੈਲ ਰੋਡ ‘ਤੇ ਸਥਿਤ ਇਸ ਜਨਤਕ ਪਖਾਨੇ ਵਿੱਚ ਮਿਲੀ ਗ੍ਰਾਫਿਟੀ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਵੇਂ ਕੁਝ ਦਿਨ ਪਹਿਲਾਂ ਪਾਪਾਟੋਏਟੋਏ (Papatoetoe) ਸਕੂਲ ਦੇ ਸਾਹਮਣੇ ਦੇਖੀ ਗਈ ਸੀ।

ਆਕਲੈਂਡ ਸਿਟੀ ਈਸਟ ਏਰੀਆ ਦੇ ਕਮਾਂਡਰ, ਇੰਸਪੈਕਟਰ ਜਿਮ ਵਿਲਸਨ ਨੇ ਪੁਸ਼ਟੀ ਕੀਤੀ ਕਿ ਬੁੱਧਵਾਰ ਸਵੇਰੇ ਇਸ ਨਫ਼ਰਤ ਭੜਕਾਉਂਦੀ ਗ੍ਰਿਫ਼ਿਟੀ ਅਤੇ ਭੰਨ-ਤੋੜ ਅਤੇ ਦੀ ਰਿਪੋਰਟ ਦਰਜ ਕੀਤੀ ਗਈ ਸੀ। ਪੁਲਿਸ ਇਸ ਨੂੰ ਨਫ਼ਰਤ ਨਾਲ ਪ੍ਰੇਰਿਤ ਅਪਰਾਧ ਵਜੋਂ ਦੇਖ ਰਹੀ ਹੈ। ਦੂਜੇ ਪਾਸੇ, ਆਕਲੈਂਡ ਕੌਂਸਲ ਵੱਲੋਂ ਇਸ ਇਤਰਾਜ਼ਯੋਗ ਗ੍ਰਾਫਿਟੀ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ।

ਸਥਾਨਕ ਭਾਈਚਾਰਕ ਦੇ ਨੁਮਾਇੰਦਿਆਂ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਅਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਪ੍ਰਵਾਸੀਆਂ ਲਈ ਅਜਿਹਾ ਮਾਹੌਲ ਬਹੁਤ ਹੀ ਚਿੰਤਾਜਨਕ ਹੈ ਅਤੇ ਸਰਕਾਰ ਨੂੰ ਇਸ ਦਾ ਸਖ਼ਤ ਹੱਲ ਕੱਢਣਾ ਚਾਹੀਦਾ ਹੈ।

ਮੌਂਗਾਕੀਕੀ (Maungakiekie) ਦੇ ਮੈਂਬਰ ਪਾਰਲੀਮੈਂਟ ਗ੍ਰੈਗ ਫਲੇਮਿੰਗ (Greg Fleming)ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦੇ ਨਾਲ-ਨਾਲ ਹੋਰ ਰਾਜਨੀਤਿਕ ਆਗੂਆਂ ਨੇ ਵੀ ਸਪੱਸ਼ਟ ਕੀਤਾ ਹੈ ਕਿ ਨਸਲੀ ਨਫ਼ਰਤ ਅਤੇ ਹਿੰਸਾ ਦੀਆਂ ਧਮਕੀਆਂ ਲਈ ਨਿਊਜ਼ੀਲੈਂਡ ਦੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਭਾਰਤੀ ਮੂਲ ਦੇ ਲੋਕ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਲਾਜ਼ਮੀ ਹੈ।

ਨਿਊਜ਼ੀਲੈਂਡ ਇੰਡੀਅਨ ਸੈਂਟਰਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਵੀ ਇਸ ਨੂੰ “ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ” ਦੱਸਿਆ ਅਤੇ ਕਿਹਾ ਕਿ ਅਜਿਹੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਕਰਨਾ ਸਮਾਜ ਲਈ ਖ਼ਤਰਨਾਕ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਾਪਾਟੋਏਟੋਏ ਸੈਂਟਰਲ ਸਕੂਲ (Papatoetoe Central School) ਦੇ ਕੋਲ ਵੀ ਇਸੇ ਤਰ੍ਹਾਂ ਦੀ ਨਸਲੀ ਗ੍ਰਾਫਿਟੀ ਮਿਲੀ ਸੀ। ਪੁਲਿਸ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਜੋੜ ਕੇ ਦੇਖ ਰਹੀ ਹੈ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਪੂਰੇ ਆਕਲੈਂਡ ਵਿੱਚ ਭਾਰਤੀ ਭਾਈਚਾਰਾ ਆਪਣੀ ਸੁਰੱਖਿਆ ਨੂੰ ਲੈ ਕੇ ਚੌਕਸ ਹੈ।

Share it :
error: Content is protected !!