ਲੱਕੀ ਡਰਾਅ ਜਾਂ ਪਹਿਲਾਂ ਆਓ-ਪਹਿਲਾਂ ਪਾਓ? ਮਾਪਿਆਂ ਦੇ ਰਿਹਾਇਸ਼ੀ ਵੀਜ਼ੇ ਦੇ ਭਵਿੱਖ ‘ਤੇ ਜਲਦ ਫ਼ੈਸਲਾ ਕਰੇਗੀ ਨਿਊਜ਼ੀਲੈਂਡ ਸਰਕਾਰ

ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਰਹਿ ਰਹੇ ਹਜ਼ਾਰਾਂ ਪਰਵਾਸੀ ਪਰਿਵਾਰਾਂ ਦੀ ਨਜ਼ਰ ਹੁਣ ਸਰਕਾਰ ਦੇ ਉਸ ਫ਼ੈਸਲੇ ‘ਤੇ ਟਿਕੀ ਹੋਈ ਹੈ, ਜੋ Parent Category Resident Visa ਦੇ ਭਵਿੱਖ ਨੂੰ ਤੈਅ ਕਰੇਗਾ। ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਇਸ ਸਕੀਮ ਦੀ ਸਮੀਖਿਆ ਸਬੰਧੀ ਸਲਾਹ ਲੈ ਰਹੀ ਹੈ ਅਤੇ ਉਮੀਦ ਹੈ ਕਿ ਅਗਲੇ ਮਹੀਨੇ ਦੇ ਅੰਤ ਤੱਕ ਸਰਕਾਰ ਆਪਣਾ ਫ਼ੈਸਲਾ ਸੁਣਾ ਸਕਦੀ ਹੈ।

ਮੌਜੂਦਾ ਸਮੇਂ ਇਸ ਵੀਜ਼ਾ ਲਈ ਬੈਲਟ (ਲੱਕੀ ਡਰਾਅ) ਪ੍ਰਣਾਲੀ ਲਾਗੂ ਹੈ, ਜਿਸ ਤਹਿਤ ਹਰ ਸਾਲ ਸਿਰਫ਼ 2,500 ਅਰਜ਼ੀਆਂ ਹੀ ਚੁਣੀਆਂ ਜਾਂਦੀਆਂ ਹਨ। ਪਰ ਮੰਗ ਇਸ ਤੋਂ ਕਾਫ਼ੀ ਵੱਧ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜਿਆਂ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਕਰੀਬ 12,000 ਲੋਕਾਂ ਨੇ ਆਪਣੀ ਦਿਲਚਸਪੀ ਦਰਜ ਕਰਵਾਈ ਹੈ। ਕਈ ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਨਿਰਪੱਖ ਨਹੀਂ ਅਤੇ ਪਰਿਵਾਰਾਂ ਦੇ ਮਿਲਾਪ ਨੂੰ ਕਿਸਮਤ ਦੇ ਸਹਾਰੇ ਛੱਡ ਦਿੰਦੀ ਹੈ। ਇਸ ਲਈ ਉਹ ਪਹਿਲਾਂ ਆਓ-ਪਹਿਲਾਂ ਪਾਓ (Queue System) ਨੂੰ ਮੁੜ ਲਾਗੂ ਕਰਨ ਦੀ ਮੰਗ ਕਰ ਰਹੇ ਹਨ।

ਸਪਾਂਸਰਸ਼ਿਪ ਨਾਲ ਜੁੜੀਆਂ ਆਮਦਨ ਸ਼ਰਤਾਂ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ। ਇਸ ਵੇਲੇ ਇੱਕ ਮਾਪੇ ਨੂੰ ਸਪਾਂਸਰ ਕਰਨ ਲਈ ਨਿਊਜ਼ੀਲੈਂਡ ਦੇ ਨਾਗਰਿਕ ਜਾਂ ਰਿਹਾਇਸ਼ੀ ਦੀ ਸਾਲਾਨਾ ਆਮਦਨ ਘੱਟੋ-ਘੱਟ $109,200 ਅਤੇ ਦੋਵੇਂ ਮਾਪਿਆਂ ਲਈ $145,600 ਹੋਣੀ ਲਾਜ਼ਮੀ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਵੱਲੋਂ ਚੋਣ ਦੀ ਸੰਭਾਵਨਾ ਵਧਾਉਣ ਲਈ ਇੱਕ ਤੋਂ ਵੱਧ ਅਰਜ਼ੀਆਂ ਦੇਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਅਜਿਹੀਆਂ ਦੁਹਰਾਈਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ ਅਤੇ $550 ਦੀ ਫੀਸ ਵੀ ਵਾਪਸ ਨਹੀਂ ਕੀਤੀ ਜਾਂਦੀ।

ਸਰਕਾਰ ਨੇ ਮਾਪਿਆਂ ਲਈ Parent Boost Visitor Visa ਵੀ ਸ਼ੁਰੂ ਕੀਤਾ ਹੈ, ਜਿਸ ਤਹਿਤ ਮਾਪੇ ਪੰਜ ਸਾਲ ਤੱਕ ਨਿਊਜ਼ੀਲੈਂਡ ਵਿੱਚ ਰਹਿ ਸਕਦੇ ਹਨ ਅਤੇ ਇਸ ਨੂੰ ਹੋਰ ਪੰਜ ਸਾਲ ਲਈ ਵਧਾਇਆ ਵੀ ਜਾ ਸਕਦਾ ਹੈ। ਹਾਲਾਂਕਿ ਉੱਚੇ ਮੈਡੀਕਲ ਬੀਮੇ ਦੇ ਖ਼ਰਚੇ ਅਤੇ ਹੋਰ ਸਖ਼ਤ ਸ਼ਰਤਾਂ ਕਾਰਨ ਇਸ ਵੀਜ਼ੇ ਨੂੰ ਉਮੀਦ ਮੁਤਾਬਕ ਹੁੰਗਾਰਾ ਨਹੀਂ ਮਿਲਿਆ। ਜੂਨ ਦੇ ਅੰਤ ਤੱਕ ਸਿਰਫ਼ 873 ਅਰਜ਼ੀਆਂ ਹੀ ਮਨਜ਼ੂਰ ਹੋਈਆਂ, ਜੋ ਸਰਕਾਰ ਦੇ ਅਨੁਮਾਨ ਨਾਲੋਂ ਕਾਫ਼ੀ ਘੱਟ ਹਨ।

ਹੁਣ ਹਜ਼ਾਰਾਂ ਪਰਵਾਸੀ ਪਰਿਵਾਰ ਸਰਕਾਰ ਦੇ ਆਉਣ ਵਾਲੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਨਵੀਂ ਨੀਤੀ ਨਾਲ ਮਾਪਿਆਂ ਨੂੰ ਨਿਊਜ਼ੀਲੈਂਡ ਲਿਆਉਣ ਦੀ ਪ੍ਰਕਿਰਿਆ ਹੋਰ ਪਾਰਦਰਸ਼ੀ, ਨਿਰਪੱਖ ਅਤੇ ਕਿਸਮਤ ਦੀ ਬਜਾਏ ਸਪੱਸ਼ਟ ਨਿਯਮਾਂ ‘ਤੇ ਆਧਾਰਿਤ ਬਣੇਗੀ।

Share it :
error: Content is protected !!