
Energy Minister Simeon Brown ਅਤੇ Education Minister Erica Stanford ਨੇ ਆਕਲੈਂਡ ਦੇ Te Papapa School ਵਿਖੇ ਇਸ ਪ੍ਰੋਗਰਾਮ ਦਾ ਐਲਾਨ ਕੀਤਾ। ਇਹ ਸਕੂਲ ਪਾਇਲਟ ਪ੍ਰੋਗਰਾਮ ਤਹਿਤ ਸੋਲਰ ਪੈਨਲ ਲਗਵਾਉਣ ਵਾਲਾ ਪਹਿਲਾ ਸਕੂਲ ਬਣ ਗਿਆ ਹੈ। Solar on Schools ਪ੍ਰੋਗਰਾਮ ਤਹਿਤ ਅਗਲੇ ਤਿੰਨ ਸਾਲਾਂ ਦੌਰਾਨ ਯੋਗ ਸਕੂਲਾਂ ਵਿੱਚ ਸੋਲਰ ਸਿਸਟਮ ਲਗਾਏ ਜਾਣਗੇ।
ਚੁਣੇ ਗਏ 500 ਸਕੂਲਾਂ ਵਿੱਚੋਂ 340 ਨੌਰਥ ਆਈਲੈਂਡ, 157 ਸਾਊਥ ਆਈਲੈਂਡ ਅਤੇ 3 Chatham Islands ਵਿੱਚ ਹਨ। ਇਨ੍ਹਾਂ ਸਕੂਲਾਂ ਦੀ ਚੋਣ ਊਰਜਾ ਦੀ ਘਾਟ ਜਾਂ ਵਧੇਰੇ ਖਰਚਿਆਂ, ਗੈਸ ਜਾਂ ਡੀਜ਼ਲ ਬਾਇਲਰ ਬਦਲਣ ਦੀ ਲੋੜ ਅਤੇ ਭਵਿੱਖ ਵਿੱਚ ਊਰਜਾ ਸੁਰੱਖਿਆ ਦੀ ਜ਼ਰੂਰਤ ਵਰਗੇ ਕਾਰਨਾਂ ਦੇ ਆਧਾਰ ’ਤੇ ਕੀਤੀ ਗਈ ਹੈ।
ਇਸ ਪ੍ਰੋਗਰਾਮ ਤਹਿਤ 150 ਤੱਕ ਸਕੂਲਾਂ ਨੂੰ Energy Management Systems ਵੀ ਦਿੱਤੇ ਜਾਣਗੇ, ਤਾਂ ਜੋ ਉਹ ਆਪਣੀ ਬਿਜਲੀ ਦੀ ਵਰਤੋਂ ਨੂੰ ਬਿਹਤਰ ਢੰਗ ਨਾਲ ਕੰਟਰੋਲ ਅਤੇ ਮਾਨੀਟਰ ਕਰ ਸਕਣ। ਜਿੱਥੇ ਮੁਲਾਂਕਣ ਤੋਂ ਵਿੱਤੀ ਬਚਤ ਅਤੇ ਊਰਜਾ ਸੁਰੱਖਿਆ ਦੇ ਵਧੀਆ ਫਾਇਦੇ ਨਜ਼ਰ ਆਉਣਗੇ, ਉੱਥੇ ਬੈਟਰੀ ਸਟੋਰੇਜ ਵੀ ਲਗਾਈ ਜਾਵੇਗੀ। ਸਰਕਾਰ ਮੁਤਾਬਕ ਵੱਡੇ ਸਕੂਲ ਔਸਤਨ ਲਗਭਗ $8,000 ਸਾਲਾਨਾ ਬਿਜਲੀ ਖਰਚੇ ਵਿੱਚ ਬਚਤ ਕਰ ਸਕਦੇ ਹਨ।
ਇਹ $30 ਮਿਲੀਅਨ ਦੀ ਯੋਜਨਾ $20 ਮਿਲੀਅਨ EECA ਦੇ Community Renewable Energy Fund ਅਤੇ $10 ਮਿਲੀਅਨ Ministry of Education ਵੱਲੋਂ ਦਿੱਤੀ ਜਾ ਰਹੀ ਹੈ। ਸਰਕਾਰ ਨੇ ਸੋਲਰ ਸਿਸਟਮ ਦੀ ਯੋਜਨਾ, ਡਿਜ਼ਾਈਨ ਅਤੇ ਇੰਸਟਾਲੇਸ਼ਨ ਲਈ ਕੰਪਨੀਆਂ ਤੋਂ Expression of Interest ਵੀ ਮੰਗੀ ਹੈ। ਹਾਲਾਂਕਿ 500 ਸਕੂਲਾਂ ਦੀ ਚੋਣ ਹੋ ਚੁੱਕੀ ਹੈ, ਪਰ ਹਰ ਸਕੂਲ ਵਿੱਚ ਸੋਲਰ ਸਿਸਟਮ ਲਗਾਉਣ ਦੀ ਅੰਤਿਮ ਪੁਸ਼ਟੀ ਸਾਈਟ ਅਸੈਸਮੈਂਟ ਤੋਂ ਬਾਅਦ ਹੀ ਹੋਵੇਗੀ।



