ਸਿਡਨੀ ‘ਚ ਨੌਕਰੀ ਕਰਨ ਦਾ ਸੁਪਨਾ ਨਿਊਜੀਲੈਂਡ ਦੇ ਬੱਸ ਡਰਾਈਵਰਾਂ ਲਈ ਬਣਿਆ ਠੱਗੀ ਦਾ ਕਾਰਨ

ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਬੱਸ ਡਰਾਈਵਰਾਂ ਨੂੰ ਵਧੀਆ ਤਨਖ਼ਾਹ ਅਤੇ ਸਿਡਨੀ ਵਿੱਚ ਬਿਹਤਰ ਜ਼ਿੰਦਗੀ ਦੇ ਸੁਪਨੇ ਦਿਖਾ ਕੇ ਕੀਤੀ ਗਈ ਭਰਤੀ ਹੁਣ ਕਾਨੂੰਨੀ ਵਿਵਾਦ ਵਿੱਚ ਬਦਲ ਗਈ ਹੈ। ਆਸਟ੍ਰੇਲੀਆ ਦੀ Rail, Tram and Bus Union (RTBU) ਦਾ ਦੋਸ਼ ਹੈ ਕਿ ਕੁਝ ਡਰਾਈਵਰਾਂ ਨੂੰ ਨੌਕਰੀ ਛੱਡਣ ਦੀ ਸੂਰਤ ਵਿੱਚ A$10,000 ਤੱਕ ਦੀ ਰਕਮ ਵਾਪਸ ਕਰਨ ਦੀ ਸ਼ਰਤ ਕਾਰਨ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Keolis ਵੱਲੋਂ ਚਲਾਏ ਗਏ ਇਸ ਭਰਤੀ ਪ੍ਰੋਗਰਾਮ ਤਹਿਤ ਕਰੀਬ 17 ਨਿਊਜ਼ੀਲੈਂਡ ਡਰਾਈਵਰ ਸਿਡਨੀ ਗਏ ਸਨ।

ਯੂਨੀਅਨ ਮੁਤਾਬਕ ਕੁਝ ਡਰਾਈਵਰ ਹੁਣ ਨਿਊਜ਼ੀਲੈਂਡ ਵਾਪਸ ਆਉਣਾ ਚਾਹੁੰਦੇ ਹਨ, ਪਰ ਨੌਕਰੀ ਜਲਦੀ ਛੱਡਣ ’ਤੇ ਉਨ੍ਹਾਂ ਨੂੰ ਵੱਡੀ ਰਕਮ ਵਾਪਸ ਕਰਨੀ ਪੈ ਸਕਦੀ ਹੈ। ਯੂਨੀਅਨ ਦੇ ਸਕੱਤਰ ਟੋਬੀ ਵਾਰਨਜ਼ ਨੇ ਕਿਹਾ ਕਿ ਕੁਝ ਡਰਾਈਵਰਾਂ ਨੇ ਸਿਡਨੀ ਜਾਣ ਤੋਂ ਪਹਿਲਾਂ ਆਪਣੀਆਂ ਨਿਊਜ਼ੀਲੈਂਡ ਦੀਆਂ ਨੌਕਰੀਆਂ ਛੱਡ ਦਿੱਤੀਆਂ, ਸਮਾਨ ਵੇਚਿਆ ਅਤੇ ਪਰਿਵਾਰਾਂ ਸਮੇਤ ਆਸਟ੍ਰੇਲੀਆ ਜਾਣ ਦੀ ਤਿਆਰੀ ਕੀਤੀ ਸੀ। RTBU ਨੇ ਇਸ ਮਾਮਲੇ ਨੂੰ ਲੈ ਕੇ Keolis ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ।

ਯੂਨੀਅਨ ਦਾ ਕਹਿਣਾ ਹੈ ਕਿ ਡਰਾਈਵਰਾਂ ਨੂੰ ਸਿਡਨੀ ਦੇ ਉੱਤਰੀ ਬੀਚਾਂ ਨੇੜੇ ਵਧੀਆ ਜੀਵਨ ਦੀ ਤਸਵੀਰ ਦਿਖਾਈ ਗਈ ਸੀ, ਪਰ ਉੱਥੇ ਪਹੁੰਚਣ ਤੋਂ ਬਾਅਦ ਕੁਝ ਲੋਕਾਂ ਨੂੰ ਲੰਬੇ ਕੰਮ ਦੇ ਘੰਟਿਆਂ, ਭਾਰੀ ਟ੍ਰੈਫਿਕ ਅਤੇ ਬੇਹੱਦ ਮਹਿੰਗੀ ਰਿਹਾਇਸ਼ ਦਾ ਸਾਹਮਣਾ ਕਰਨਾ ਪਿਆ। ਕੁਝ ਡਰਾਈਵਰਾਂ ਨੂੰ ਪਰਿਵਾਰਾਂ ਸਮੇਤ ਛੋਟੀ ਰਿਹਾਇਸ਼ ਵਿੱਚ ਰੱਖਿਆ ਗਿਆ ਅਤੇ ਕੰਪਨੀ ਵੱਲੋਂ ਦਿੱਤੀ ਜਾਣ ਵਾਲੀ ਰਿਹਾਇਸ਼ ਸਿਰਫ਼ ਛੇ ਹਫ਼ਤਿਆਂ ਲਈ ਸੀ। ਘੱਟੋ-ਘੱਟ ਤਿੰਨ ਡਰਾਈਵਰਾਂ ਵੱਲੋਂ ਨਿਊਜ਼ੀਲੈਂਡ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਗਈ ਹੈ।

Keolis ਨੇ ਯੂਨੀਅਨ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ relocation assistance ਲੈਣ ਵਾਲੇ ਕਰਮਚਾਰੀਆਂ ਨੂੰ ਪਹਿਲਾਂ ਹੀ ਲਿਖਤੀ ਸਮਝੌਤੇ ਦਿੱਤੇ ਜਾਂਦੇ ਹਨ, ਜਿਨ੍ਹਾਂ ਵਿੱਚ ਸਹਾਇਤਾ ਅਤੇ ਨੌਕਰੀ ਦੀ ਨਿਰਧਾਰਤ ਮਿਆਦ ਪੂਰੀ ਕਰਨ ਤੋਂ ਪਹਿਲਾਂ ਛੱਡਣ ’ਤੇ ਵਾਪਸ ਕੀਤੀ ਜਾਣ ਵਾਲੀ ਰਕਮ ਬਾਰੇ ਸਪੱਸ਼ਟ ਜਾਣਕਾਰੀ ਹੁੰਦੀ ਹੈ। ਕੰਪਨੀ ਮੁਤਾਬਕ ਕਰਮਚਾਰੀ ਨੌਕਰੀ ਅਤੇ relocation ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਕਰਦੇ ਹਨ।

RTBU ਨੇ ਇਹ ਮਾਮਲਾ New South Wales ਦੇ ਟਰਾਂਸਪੋਰਟ ਮੰਤਰੀ ਕੋਲ ਵੀ ਉਠਾਇਆ ਹੈ ਅਤੇ ਮੰਗ ਕੀਤੀ ਹੈ ਕਿ ਵਿਵਾਦ ਦੀ ਜਾਂਚ ਹੋਣ ਤੱਕ ਭਰਤੀ ਅਤੇ repayment arrangement ਨੂੰ ਰੋਕਿਆ ਜਾਵੇ। ਯੂਨੀਅਨ ਇਹ ਵੀ ਜਾਂਚ ਰਹੀ ਹੈ ਕਿ ਕੀ ਮਾਮਲਾ ਆਸਟ੍ਰੇਲੀਆ ਦੇ ਕਾਨੂੰਨ ਤਹਿਤ ਹੋਰ ਗੰਭੀਰ ਉਲੰਘਣਾਵਾਂ ਨਾਲ ਜੁੜ ਸਕਦਾ ਹੈ।

Share it :
error: Content is protected !!