ਆਕਲੈਂਡ (NZ Punjabi News) – ਵਾਇਕਾਟੋ ਦੀ ਭਾਰਤੀ ਮੂਲ ਦੀ ਔਰਤ ਅਲਕਾ ਦਹੀਆ ਨੂੰ ਤਿੰਨ ਸਾਲਾ ਬੱਚੇ ਨੂੰ ਮੀਟ ਕਲੀਵਰ ਨਾਲ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ 5 ਸਾਲ ਅਤੇ 1 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹੈਮਿਲਟਨ ਹਾਈ ਕੋਰਟ ਦੇ ਜੱਜ ਨੇ ਹਮਲੇ ਨੂੰ “ਬੇਹੱਦ ਬੇਰਹਿਮ” ਕਰਾਰ ਦਿੱਤਾ। ਇਹ ਘਟਨਾ 16 ਜੁਲਾਈ 2024 ਨੂੰ ਨਗਾਰੂਆਵਾਹੀਆ ਵਿੱਚ ਵਾਪਰੀ ਸੀ।
ਅਦਾਲਤ ਨੂੰ ਦੱਸਿਆ ਗਿਆ ਕਿ ਹਮਲੇ ਵਿੱਚ ਬੱਚੇ ਦੇ ਗਰਦਨ, ਚਿਹਰੇ ਅਤੇ ਕਲਾਈ ’ਤੇ ਗੰਭੀਰ ਸੱਟਾਂ ਲੱਗੀਆਂ। ਗਰਦਨ ਦੇ ਕੁਝ ਜ਼ਖ਼ਮ ਡੂੰਘੇ ਸਨ ਅਤੇ ਬੱਚੇ ਨੂੰ ਗੰਭੀਰ ਡਾਕਟਰੀ ਇਲਾਜ ਦੀ ਲੋੜ ਪਈ। ਦਹੀਆ ਨੇ ਬਾਅਦ ਵਿੱਚ ਪੁਲਿਸ ਨੂੰ ਦੱਸਿਆ ਕਿ ਉਸ ਦਾ ਇਰਾਦਾ ਬੱਚੇ ਨੂੰ ਮਾਰਨ ਦਾ ਸੀ। ਬੱਚੇ ਦੀ ਪਛਾਣ ਕਾਨੂੰਨੀ ਤੌਰ ’ਤੇ ਗੁਪਤ ਰੱਖੀ ਗਈ ਹੈ।
ਅਦਾਲਤ ਵਿੱਚ ਦਹੀਆ ਦੇ ਵਕੀਲ ਨੇ ਉਸ ਦੀ ਮਾਨਸਿਕ ਸਥਿਤੀ ਅਤੇ ਨਿਊਜ਼ੀਲੈਂਡ ਆਉਣ ਤੋਂ ਬਾਅਦ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਣ ਦੀ ਅਪੀਲ ਕੀਤੀ। ਦਹੀਆ ਨੂੰ ਅੰਗਰੇਜ਼ੀ ਭਾਸ਼ਾ, ਆਰਥਿਕ ਅਤੇ ਸਮਾਜਿਕ ਦਬਾਅ, ਇਕੱਲੇਪਣ ਅਤੇ ਨਿੱਜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਮਾਹਿਰਾਂ ਮੁਤਾਬਕ ਘਟਨਾ ਸਮੇਂ ਉਹ ਗੰਭੀਰ ਮਾਨਸਿਕ ਸੰਕਟ ਵਿੱਚੋਂ ਲੰਘ ਰਹੀ ਸੀ, ਹਾਲਾਂਕਿ ਉਸ ਨੂੰ ਕੋਈ ਰਸਮੀ ਮਾਨਸਿਕ ਬਿਮਾਰੀ ਦੀ ਤਸ਼ਖ਼ੀਸ ਨਹੀਂ ਦਿੱਤੀ ਗਈ।
ਜਸਟਿਸ ਮੈਥਿਊ ਡਾਊਨਜ਼ ਨੇ ਅਪਰਾਧ ਦੀ ਗੰਭੀਰਤਾ ਦੇ ਮੱਦੇਨਜ਼ਰ ਘਰ ਵਿੱਚ ਨਜ਼ਰਬੰਦੀ ਦੀ ਮੰਗ ਰੱਦ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੱਚੇ ਦੀ ਜਾਨ ਆਸਾਨੀ ਨਾਲ ਜਾ ਸਕਦੀ ਸੀ। ਸ਼ੁਰੂਆਤੀ ਸਜ਼ਾ 10 ਸਾਲ 6 ਮਹੀਨੇ ਤੈਅ ਕਰਨ ਤੋਂ ਬਾਅਦ ਮਾਨਸਿਕ ਸਥਿਤੀ, ਦੋਸ਼ ਕਬੂਲ ਕਰਨ ਅਤੇ ਹੋਰ ਨਿੱਜੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਜ਼ਾ ਘਟਾ ਕੇ 5 ਸਾਲ 1 ਮਹੀਨਾ ਕਰ ਦਿੱਤੀ ਗਈ।



