ਆਕਲੈਂਡ (NZ Punjabi News) – Sylvia Park Shopping Centre ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਘਟਨਾ Penrose ਸਥਿਤ Gun City ਤੋਂ ਲੰਬੀ ਨਲੀ ਵਾਲੀ ਏਅਰ ਰਾਈਫਲ ਚੋਰੀ ਹੋਣ ਤੋਂ ਬਾਅਦ ਸ਼ੁਰੂ ਹੋਏ ਪਿੱਛੇ ਦੌਰਾਨ ਵਾਪਰੀ।
ਪੁਲਿਸ ਨੂੰ ਵੀਰਵਾਰ ਦੁਪਹਿਰ ਕਰੀਬ 2 ਵਜੇ ਚੋਰੀ ਦੀ ਸੂਚਨਾ ਮਿਲੀ। ਵਿਅਕਤੀ ਚਿੱਟੀ Suzuki Swift ਵਿੱਚ ਫਰਾਰ ਹੋ ਗਿਆ, ਜਿਸ ਨੂੰ Police Eagle ਹੈਲੀਕਾਪਟਰ ਨੇ Sylvia Park ਨੇੜੇ ਲੱਭ ਲਿਆ। ਪੁਲਿਸ ਮੁਤਾਬਕ ਗੱਡੀ ਬੇਤਰਤੀਬ ਢੰਗ ਨਾਲ ਚਲਾਈ ਜਾ ਰਹੀ ਸੀ ਅਤੇ ਅਧਿਕਾਰੀਆਂ ਵੱਲੋਂ ਸੜਕ ’ਤੇ ਸਪਾਈਕਸ ਲਗਾਉਣ ਦੇ ਬਾਵਜੂਦ ਡਰਾਈਵਰ Mount Wellington ਵੱਲ ਵਧਦਾ ਰਿਹਾ।
ਕਰੀਬ 2:50 ਵਜੇ ਗੱਡੀ Sylvia Park ਦੇ ਬਾਹਰ ਇੱਕ ਚੌਰਾਹੇ ’ਤੇ ਫਸ ਗਈ। ਪੁਲਿਸ ਅਨੁਸਾਰ ਵਿਅਕਤੀ ਗੱਡੀ ਤੋਂ ਨਿਕਲ ਕੇ ਏਅਰ ਰਾਈਫਲ ਲੈ ਕੇ ਸ਼ਾਪਿੰਗ ਸੈਂਟਰ ਵੱਲ ਭੱਜਿਆ। ਓਵਰਪਾਸ ਹੇਠਾਂ ਪੁਲਿਸ ਨਾਲ ਉਸ ਦਾ ਸਾਹਮਣਾ ਹੋਇਆ, ਜਿੱਥੇ ਅਧਿਕਾਰੀਆਂ ਨੇ ਗੋਲੀ ਚਲਾ ਦਿੱਤੀ। ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ, ਪਰ ਉਸ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ Sylvia Park ਵਿੱਚ ਲੌਕਡਾਊਨ ਕਰ ਦਿੱਤਾ ਗਿਆ ਅਤੇ ਖਰੀਦਦਾਰਾਂ ਤੇ ਸਟਾਫ ਨੂੰ ਦੁਕਾਨਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ। Auckland City District Commander Superintendent Sunny Patel ਨੇ ਕਿਹਾ ਕਿ ਘਟਨਾ ਬਹੁਤ ਤੇਜ਼ੀ ਨਾਲ ਵਾਪਰੀ ਅਤੇ ਇਲਾਕਾ ਉਸ ਸਮੇਂ ਬਹੁਤ ਵਿਅਸਤ ਸੀ।
ਪੁਲਿਸ ਨੇ ਗੋਲੀਬਾਰੀ ਦੀ Critical Incident Investigation ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਪੁਲਿਸ ਘੇਰਾ ਜਾਰੀ ਹੈ ਅਤੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਆਮ ਲੋਕਾਂ ਲਈ ਕੋਈ ਲਗਾਤਾਰ ਖ਼ਤਰਾ ਨਹੀਂ ਹੈ।



